ਮੁਨੀੰਦਰ ਧਰਮਾਰਥ ਟਰੱਸਟ ਦੀ ‘ਅੰਨਪੂਰਨਾ ਮੁਹਿੰਮ’ ਤਹਿਤ ਦੋ ਬੱਚਿਆਂ ਦੀ ਮਾਂ ਨੂੰ ਮਿਲੇਗੀ ਪੱਕੀ ਛੱਤ; ਪਹਿਲਾਂ ਤੋਂ 3-4 ਮਹੀਨਿਆਂ ਤੋਂ ਦਿੱਤਾ ਜਾ ਰਿਹਾ ਸੀ ਮੁਫ਼ਤ ਰਾਸ਼ਨ, ਘਰ ਦਾ ਸਾਮਾਨ ਵੀ ਦੇਣ ਦਾ ਐਲਾਨ
ਮੋਗਾ, 22 ਅਕਤੂਬਰ (ਜਗਰਾਜ ਸਿੰਘ ਗਿੱਲ): ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਪਾਂਡੋ ਵਿਖੇ ਲੋੜਵੰਦ ਪਰਿਵਾਰ ਦੀ ਮਦਦ ਲਈ ਮੁਨੀੰਦਰ ਧਰਮਾਰਥ ਟਰੱਸਟ ਵੱਲੋਂ ਚਲਾਈ ਜਾ ਰਹੀ ‘ਅੰਨਪੂਰਨਾ ਮੁਹਿੰਮ’ ਤਹਿਤ ਵਿਧਵਾ ਵੀਰਪਾਲ ਕੌਰ ਦੇ ਨਵੇਂ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸੰਤ ਰਾਮਪਾਲ ਜੀ ਦੇ ਟਰੱਸਟ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਤਹਿਤ ਮਕਾਨ ਦੀ ਉਸਾਰੀ ’ਤੇ 10 ਲੱਖ ਰੁਪਏ ਤੋਂ ਵੱਧ ਖਰਚ ਆਉਣ ਦਾ ਅਨੁਮਾਨ ਹੈ। ਮਕਾਨ ਦੀ ਉਸਾਰੀ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਜ਼ਿਲ੍ਹਿਆਂ ਤੋਂ ਪਹੁੰਚੇ ਸ਼ਰਧਾਲੂ ਸੇਵਾ ਨਿਭਾਅ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਦੀਪ ਸਿੰਘ ਮੱਲਕੇ ਨੇ ਦੱਸਿਆ ਕਿ ਵੀਰਪਾਲ ਕੌਰ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਆਪਣੇ ਦੋ ਬੱਚਿਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਇਕੱਲਿਆਂ ਨਿਭਾਅ ਰਹੀ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਨੂੰ ਦੇਖਦਿਆਂ ਪਿੰਡ ਦੇ ਸਰਪੰਚ ਵੱਲੋਂ ਟਰੱਸਟ ਕੋਲ ਪਰਿਵਾਰ ਦੀ ਮਦਦ ਕਰਨ ਲਈ ਅਰਜ਼ੀ ਭੇਜੀ ਗਈ ਸੀ।ਉਨ੍ਹਾਂ ਦੱਸਿਆ ਕਿ ਟਰੱਸਟ ਦੀ ਟੀਮ ਵੱਲੋਂ ਪਰਿਵਾਰ ਦੀ ਹਾਲਤ ਬਾਰੇ ਕਈ ਦਿਨਾਂ ਤੱਕ ਪੜਤਾਲ ਕਰਨ ਤੋਂ ਬਾਅਦ ਮਦਦ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਤਹਿਤ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਪਰਿਵਾਰ ਨੂੰ ਘਰ ਵਿੱਚ ਵਰਤੋਂ ਲਈ ਲੋੜੀਂਦਾ ਰਾਸ਼ਨ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੁਣ ਟਰੱਸਟ ਵੱਲੋਂ ਨਵਾਂ ਮਕਾਨ ਬਣਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਐਡਵੋਕੇਟ ਮੱਲਕੇ ਨੇ ਦੱਸਿਆ ਕਿ ਮਕਾਨ ਨੂੰ ਵਧੀਆ ਅਤੇ ਸੁਚੱਜੇ ਢੰਗ ਨਾਲ ਤਿਆਰ ਕੀਤਾ ਜਾਵੇਗਾ, ਜਿਸ ’ਤੇ 10 ਲੱਖ ਰੁਪਏ ਤੋਂ ਵੱਧ ਖਰਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਅਨੁਸਾਰ ਮਕਾਨ ਦੀ ਉਸਾਰੀ ਪੂਰੀ ਹੋਣ ਤੋਂ ਬਾਅਦ ਵੀਰਪਾਲ ਕੌਰ ਦੇ ਪਰਿਵਾਰ ਨੂੰ ਘਰ ਵਿੱਚ ਵਰਤੋਂ ਲਈ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਪਰਿਵਾਰ ਆਪਣੇ ਬੱਚਿਆਂ ਸਮੇਤ ਸੁਖਾਵੇਂ ਢੰਗ ਨਾਲ ਜੀਵਨ ਬਤੀਤ ਕਰ ਸਕੇ।
ਉਨ੍ਹਾਂ ਦੱਸਿਆ ਕਿ ‘ਅੰਨਪੂਰਨਾ ਮੁਹਿੰਮ’ ਤਹਿਤ ਦੇਸ਼ ਭਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਕਾਨ ਬਣਾਉਣ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ। ਪਿੰਡ ਖੋਸਾ ਪਾਂਡੋ ਵਿੱਚ ਚੱਲ ਰਹੀ ਇਸ ਸੇਵਾ ਦੌਰਾਨ ਵੱਖ-ਵੱਖ ਥਾਵਾਂ ਤੋਂ ਪਹੁੰਚੇ ਸ਼ਰਧਾਲੂ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਹੇ ਹਨ।
ਵੀਰਪਾਲ ਕੌਰ ਨੇ ਪ੍ਰਗਟਾਇਆ ਧੰਨਵਾਦ
ਇਸ ਮੌਕੇ ਵੀਰਪਾਲ ਕੌਰ ਨੇ ਸੰਤ ਰਾਮਪਾਲ ਜੀ, ਮੁਨੀੰਦਰ ਧਰਮਾਰਥ ਟਰੱਸਟ, ਐਡਵੋਕੇਟ ਗੁਰਦੀਪ ਸਿੰਘ ਮੱਲਕੇ ਅਤੇ ਸਮੂਹ ਸੇਵਾਦਾਰਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਆਪਣੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਅਤੇ ਪਰਿਵਾਰ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਸੀ। ਅਜਿਹੇ ਹਾਲਾਤ ਵਿੱਚ ਆਪਣਾ ਮਕਾਨ ਬਣਨ ਦੀ ਉਨ੍ਹਾਂ ਨੂੰ ਉਮੀਦ ਨਹੀਂ ਸੀ । ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪਹਿਲਾਂ ਰਾਸ਼ਨ ਦੀ ਸਹਾਇਤਾ ਕੀਤੀ ਗਈ ਅਤੇ ਹੁਣ ਮਕਾਨ ਬਣਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਹਾਰਾ ਮਿਲਿਆ ਹੈ। ਉਨ੍ਹਾਂ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਪਿੰਡ ਖੋਸਾ ਪਾਂਡੋ ਵਿੱਚ ਸ਼ੁਰੂ ਹੋਇਆ ਇਹ ਉਪਰਾਲਾ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੀ ਸਹਾਇਤਾ ਦੇ ਨਾਲ-ਨਾਲ ਪੱਕੀ ਛੱਤ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
