ਸਵਰਗਾਪੁਰੀ ਕੋਟ ਈਸੇ ਖਾਂ ਵਿਖੇ ਵਾਤਾਵਰਣ ਦੀ ਸੰਭਾਲ ਲਈ ਲਗਾਏ ਗਏ ਬੂਟੇ
ਕੋਟ ਈਸੇ ਖਾਂ :(ਗੁਰਪ੍ਰੀਤ ਸਿੰਘ ਗਹੇਲੀ) ਵਾਤਾਵਰਣ ਦੀ ਸ਼ੁੱਧਤਾ ਤੇ ਸੁਰੱਖਿਆ ਅਤੇ ਧਰਤੀ ਨੂੰ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਅੱਜ ਸਵਰਗਾਪੁਰੀ ਕੋਟ ਈਸੇ ਖਾਂ ਵਿਖੇ ਇੱਕ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਹ ਸ਼ਲਾਘਾਯੋਗ ਪ੍ਰੋਗਰਾਮ ਭਾਜਪਾ ਆਗੂ ਅਤੇ ਉੱਘੇ ਸਮਾਜਸੇਵੀ ਵਿਕਾਸ ਗਾਬਾ ਦੁਆਰਾ ਉਲੀਕਿਆ ਗਿਆ, ਜਿਸ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਵਿਧਾਨਸਭਾ ਹਲਕਾ ਮੋਗਾ ਦੇ ਪ੍ਰਭਾਰੀ ਇਸ਼ਾਰਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬੂਟੇ ਲਗਾ ਕੇ ਇਸ ਨੇਕ ਕਾਰਜ ਦਾ ਆਗਾਜ਼ ਕੀਤਾ।
ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਇਸ਼ਾਰਾ ਸਿੰਘ ਨੇ ਕਿਹਾ ਕਿ ਵਧ ਰਿਹਾ ਪ੍ਰਦੂਸ਼ਣ ਮਨੁੱਖੀ ਜੀਵਨ ਲਈ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਦਾ ਇੱਕੋ-ਇੱਕ ਹੱਲ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਖੁਸ਼ੀ ਦੇ ਮੌਕੇ ‘ਤੇ ਇੱਕ ਬੂਟਾ ਜ਼ਰੂਰ ਲਗਾਉਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਵੱਧ ਤੋਂ ਵੱਧ ਬੂਟੇ ਲਗਾਉਣ, ਬਲਕਿ ਉਨ੍ਹਾਂ ਦੇ ਵੱਡੇ ਹੋਣ ਤੱਕ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਚੁੱਕਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰੀ ਹਵਾ ਅਤੇ ਨਰੋਆ ਵਾਤਾਵਰਣ ਮਿਲ ਸਕੇ।
ਪ੍ਰੋਗਰਾਮ ਦੇ ਆਯੋਜਕ ਵਿਕਾਸ ਗਾਬਾ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਬੂਟੇ ਲਗਾਉਣਾ ਨਹੀਂ, ਬਲਕਿ ਕੋਟ ਈਸੇ ਖਾਂ ਦੇ ਹਰ ਕੋਨੇ ਨੂੰ ਹਰਾ-ਭਰਾ ਦੇਖਣਾ ਹੈ। ਇਸ ਮੁਹਿੰਮ ਵਿੱਚ ਸਮੂਹ ਆਗੂਆਂ ਅਤੇ ਸਾਥੀਆਂ ਦਾ ਸਹਿਯੋਗ ਬਹੁਤ ਸ਼ਲਾਘਾਯੋਗ ਹੈ।ਵਰਲਡ ਯੂਥ ਪਾਵਰ ਆਰਗੇਨਾਈਜੇਸ਼ਨ ਦੇ ਸੰਸਥਾਪਕ ਹਰਵਿੰਦਰ ਸੰਧੂ ਤੇ ਭਾਜਪਾ ਆਗੂ ਸੁਸ਼ੀਲ ਅਰੋੜਾ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ। ਜੇਕਰ ਅਸੀਂ ਅੱਜ ਕੁਦਰਤ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ।
ਹਰ ਨੌਜਵਾਨ ਨੂੰ ਆਪਣੇ ਜੀਵਨ ਵਿੱਚ ਅਹਿਮ ਮੌਕਿਆਂ ‘ਤੇ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਵਾਤਾਵਰਣ ਸੁਰੱਖਿਆ ਦੀ ਇਸ ਮੁਹਿੰਮ ਵਿੱਚ ਹਿੱਸਾ ਪਾਉਣ ਲਈ ਕਈ ਪ੍ਰਮੁੱਖ ਆਗੂ ਅਤੇ ਸਥਾਨਕ ਪਤਵੰਤੇ ਸੱਜਣ ਉਚੇਚੇ ਤੌਰ ‘ਤੇ ਪਹੁੰਚੇ, ਜਿਨ੍ਹਾਂ ਵਿੱਚ ਜਗਦੀਸ਼ ਕੁਮਾਰ (ਸਰਕਲ ਪ੍ਰਧਾਨ), ਰੋਹਨ ਬਾਵਾ (ਜਨਰਲ ਸੈਕਟਰੀ), ਸੋਨੂੰ ਪ੍ਰਜਾਪਤੀ (ਜਨਰਲ ਸੈਕਟਰੀ), ਮਨਜੀਤ ਸਿੰਘ (ਯੂਥ ਪ੍ਰਧਾਨ), ਮਮਤਾ ਰਾਣੀ, ਦੀਕਸ਼ਾ ਸ਼ਰਮਾ, ਜਗਦੀਸ਼ ਭੋਲਾ, ਬਿੱਟੂ ਵਰੋਲਾ, ਬੂਟਾ ਗੁਲਾਮੀਵਾਲਾ, ਅਜੇ ਸੀਕਰੀ, ਜਤਿੰਦਰ ਪਲਤਾਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।ਸਮਾਗਮ ਦੇ ਅਖੀਰ ਵਿੱਚ ਹਾਜ਼ਰ ਸਾਰੇ ਆਗੂਆਂ ਅਤੇ ਪਤਵੰਤਿਆਂ ਨੇ ਸਵਰਗਾਪੁਰੀ ਦੇ ਆਲੇ-ਦੁਆਲੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਸਾਂਝਾ ਪ੍ਰਣ ਲਿਆ। ਪ੍ਰਬੰਧਕ ਵਿਕਾਸ ਗਾਬਾ ਵੱਲੋਂ ਮੁੱਖ ਮਹਿਮਾਨ ਇਸ਼ਾਰਾ ਸਿੰਘ ਅਤੇ ਆਏ ਹੋਏ ਹੋਰ ਮਹਿਮਾਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
