ਜਗਰਾਜ ਸਿੰਘ ਗਿੱਲ , ਮਹਿੰਦਰ ਸਿੰਘ ਸਹੋਤਾ
ਮੋਗਾ: ਸਵੇਰਾ ਹਸਪਤਾਲ ਮੋਗਾ ਦੀ ਫਾਊਂਡਰ ਡਾਇਰੈਕਟਰ ਸ੍ਰੀਮਤੀ ਸੱਤਿਆ ਗੁਪਤਾ ਜੀ 15 ਜੂਨ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੇ ਵਿਛੋੜੇ ਨਾਲ ਨਾ ਸਿਰਫ਼ ਗੁਪਤਾ ਪਰਿਵਾਰ, ਸਗੋਂ ਮੋਗਾ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਵਿੱਚ ਵੀ ਡੂੰਘੇ ਦੁੱਖ ਦੀ ਲਹਿਰ ਹੈ। ਉਹ ਇਕ ਅਜਿਹੀ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣੇ ਸਾਰੇ ਜੀਵਨ ਦੌਰਾਨ ਪਰਿਵਾਰਕ ਕਦਰਾਂ-ਕੀਮਤਾਂ, ਮਨੁੱਖਤਾ, ਸੇਵਾ ਅਤੇ ਤਿਆਗ ਨੂੰ ਪਹਿਲ ਦਿੱਤੀ।
ਸ੍ਰੀਮਤੀ ਸੱਤਿਆ ਗੁਪਤਾ ਜੀ ਅੱਖਾਂ ਦੇ ਮਸ਼ਹੂਰ ਮਾਹਿਰ ਡਾ. ਰਾਜੀਵ ਗੁਪਤਾ, ਨਵਦੀਪ ਗੁਪਤਾ, ਵਿਪਨ ਗੁਪਤਾ ਅਤੇ ਪੰਕਜ ਗੁਪਤਾ ਦੀ ਮਾਤਾ ਸਨ। ਉਨ੍ਹਾਂ ਦੀ ਧੀ ਅਚਲਾ ਅਤੇ ਸਮੂਹ ਪਰਿਵਾਰ ਅੱਜ ਵੀ ਉਨ੍ਹਾਂ ਵੱਲੋਂ ਦਿੱਤੇ ਸੰਸਕਾਰਾਂ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਆਧਾਰ ਮੰਨਦਾ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਇਹ ਰਹੀ ਕਿ ਉਨ੍ਹਾਂ ਨੇ ਪਰਿਵਾਰ ਨੂੰ ਹਮੇਸ਼ਾ ਇਕਜੁੱਟ ਰੱਖਿਆ ਅਤੇ ਪਿਆਰ, ਸਹਿਯੋਗ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਕਾਇਮ ਰੱਖਿਆ। ਇਹੀ ਕਾਰਨ ਹੈ ਕਿ ਅੱਜ ਵੀ ਸਾਰਾ ਪਰਿਵਾਰ ਇਕੱਠੇ ਰਹਿ ਕੇ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਗੇ ਵਧਾ ਰਿਹਾ ਹੈ।
ਦੇਸ਼ ਦੀ ਆਜ਼ਾਦੀ ਵੇਲੇ ਉਹ ਸਿਰਫ਼ ਚਾਰ ਸਾਲ ਦੀ ਸਨ। ਜਗਰਾਓਂ ਵਿਖੇ ਆਪਣੇ ਮਾਤਾ-ਪਿਤਾ ਮਾਲਵੀ ਦੇਵੀ ਅਤੇ ਸ੍ਰੀ ਅਮਰਨਾਥ ਜੀ ਦੀ ਸਰਪ੍ਰਸਤੀ ਹੇਠ ਉਨ੍ਹਾਂ ਨੇ ਜੀਵਨ ਦੀਆਂ ਕਦਰਾਂ-ਕੀਮਤਾਂ ਸਿੱਖੀਆਂ। ਬਾਅਦ ਵਿੱਚ ਆਪਣੇ ਜੀਵਨ ਸਾਥੀ ਸ੍ਰੀ ਜਗਦੀਸ਼ ਕੁਮਾਰ ਜੀ ਨਾਲ ਮਿਲ ਕੇ ਉਨ੍ਹਾਂ ਨੇ ਸੰਘਰਸ਼, ਮਿਹਨਤ ਅਤੇ ਸਮਰਪਣ ਨਾਲ ਪਰਿਵਾਰ ਦੀ ਮਜ਼ਬੂਤ ਨੀਂਹ ਰੱਖੀ।
ਸ੍ਰੀਮਤੀ ਸੱਤਿਆ ਗੁਪਤਾ ਜੀ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਮਿਹਨਤ ਅਤੇ ਦੂਰਅੰਦੇਸ਼ੀ ਦਾ ਨਤੀਜਾ ਹੈ ਕਿ ਉਨ੍ਹਾਂ ਦੇ ਪੁੱਤਰਾਂ ਨੇ ਨਾ ਸਿਰਫ਼ ਕਾਰੋਬਾਰ ਦੇ ਖੇਤਰ ਵਿੱਚ ਸਫਲਤਾ ਹਾਸਲ ਕੀਤੀ, ਸਗੋਂ ਡਾ. ਰਾਜੀਵ ਗੁਪਤਾ ਵਰਗੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਨੇਤਰ ਰੋਗ ਮਾਹਿਰ ਰਾਹੀਂ ਲੱਖਾਂ ਮਰੀਜ਼ਾਂ ਦੀ ਸੇਵਾ ਦਾ ਮਿਸਾਲੀ ਕਾਰਜ ਵੀ ਕੀਤਾ। ਉਨ੍ਹਾਂ ਦੇ ਪੋਤੇ-ਪੋਤਰੀਆਂ ਅਤੇ ਦੋਹਤੀਆਂ ਨੇ ਵੀ ਡਾਕਟਰੀ ਖੇਤਰ ਵਿੱਚ ਆਪਣੀ ਪਹਿਚਾਣ ਬਣਾਈ, ਜੋ ਉਨ੍ਹਾਂ ਦੀ ਸੋਚ ਅਤੇ ਪ੍ਰੇਰਣਾ ਦਾ ਪ੍ਰਤੀਕ ਹੈ।
ਉਹ ਹਮੇਸ਼ਾ ਸਮਾਜ ਭਲਾਈ ਅਤੇ ਮਨੁੱਖੀ ਸੇਵਾ ਦੇ ਕੰਮਾਂ ਨਾਲ ਜੁੜੀਆਂ ਰਹੀਆਂ। ਸਵੇਰਾ ਹਸਪਤਾਲ ਨੂੰ ਲੋਕ ਸੇਵਾ ਦਾ ਕੇਂਦਰ ਬਣਾਉਣ ਵਿੱਚ ਉਨ੍ਹਾਂ ਦੀ ਸੋਚ ਅਤੇ ਪ੍ਰੇਰਣਾ ਦਾ ਵੱਡਾ ਯੋਗਦਾਨ ਰਿਹਾ। ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਸਵੇਰਾ ਹਸਪਤਾਲ ਵਿੱਚ ਕੌਰਨੀਆ ਟਰਾਂਸਪਲਾਂਟ ਮਸ਼ੀਨਾਂ ਦੇ ਉਦਘਾਟਨ ਲਈ ਪਹੁੰਚੇ ਤਾਂ ਉਨ੍ਹਾਂ ਨੇ ਸ੍ਰੀਮਤੀ ਸੱਤਿਆ ਗੁਪਤਾ ਜੀ ਦੇ ਸੇਵਾ ਭਾਵ ਅਤੇ ਮਹਾਨ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਚਰਨ ਛੂਹ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਘਟਨਾ ਉਨ੍ਹਾਂ ਦੇ ਉੱਚੇ ਜੀਵਨ ਮੁੱਲਾਂ ਅਤੇ ਸਮਾਜ ਵਿੱਚ ਪ੍ਰਾਪਤ ਸਨਮਾਨ ਦੀ ਗਵਾਹ ਹੈ।
ਸ੍ਰੀਮਤੀ ਸੱਤਿਆ ਗੁਪਤਾ ਜੀ ਆਪਣੇ ਪਿੱਛੇ ਇੱਕ ਭਰਪੂਰ ਅਤੇ ਸੁਖੀ ਪਰਿਵਾਰ ਛੱਡ ਗਏ ਹਨ, ਜਿਸ ਵਿੱਚ ਪੁੱਤਰ, ਧੀ, ਪੋਤੇ-ਪੋਤਰੀਆਂ, ਦੋਹਤੀਆਂ, ਦੋ ਪੜਦੋਤੇ ਅਤੇ ਇੱਕ ਪੜਦੋਤੀ ਸ਼ਾਮਲ ਹਨ। ਉਨ੍ਹਾਂ ਦਾ ਜੀਵਨ ਸੱਚਮੁੱਚ ਪਿਆਰ, ਤਿਆਗ, ਮਮਤਾ, ਸੇਵਾ ਅਤੇ ਸਮਰਪਣ ਦੀ ਇੱਕ ਜੀਵੰਤ ਮਿਸਾਲ ਸੀ।
ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 19 ਜੂਨ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਮੈਜਿਸਟਿਕ ਰਿਜ਼ੋਰਟ, ਮੋਗਾ ਵਿਖੇ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਵੱਖ-ਵੱਖ ਵਰਗਾਂ ਨਾਲ ਸਬੰਧਤ ਪਤਵੰਤੇ ਸੱਜਣ ਅਤੇ ਆਮ ਲੋਕ ਹਾਜ਼ਰ ਹੋ ਕੇ ਇਸ ਮਹਾਨ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।
ਸ੍ਰੀਮਤੀ ਸੱਤਿਆ ਗੁਪਤਾ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ।













Leave a Reply