ਪਿਛਲੇ ਦਿਨੀਂ ਲਏ ਗਏ ਸੈੰਪਲਾਂ ਦੀ ਰਿਪੋਰਟਾਂ ਕੀਤੀਆਂ ਜਨਤਕ। ਕਰਬ ਸਟੋਨ ਵਿੱਚੋਂ ਨਿੱਕਲੀਆਂ ਪੁਰਾਣੀਆਂ ਤੇ ਟੁੱਟੀਆਂ ਹੋਈਆਂ ਇੰਟਰਲੌਕ ਟਾਈਲਾਂ।
ਸਿਵਲ ਸੁਸਾਇਟੀ ਸੈੰਟਰਲ ਜਾਂਚ ਏਜੰਸੀਆਂ ਨੂੰ ਸ਼ਿਕਾਇਤਾਂ ਭੇਜ ਕੇ ਕਰੇਗੀ ਕਾਰਵਾਈ ਦੀ ਮੰਗ।
ਮੋਗਾ 23 ਮਈ (ਜਗਰਾਜ ਸਿੰਘ ਗਿੱਲ) ਸਿਵਲ ਸੁਸਾਇਟੀ ਮੋਗਾ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਵਰਤੇ ਜਾ ਰਹੇ ਮੈਟੀਰੀਅਲ ਦੇ ਪਿਛਲੇ ਦਿਨੀਂ ਲਏ ਗਏ ਸੈੰਪਲਾਂ ਦੀਆਂ ਰਿਪੋਰਟਾਂ ਜਨਤਕ ਹੋਣ ਤੋਂ ਬਾਅਦ ਸ਼ਹਿਰ ਦੇ ਰਾਜਨੀਤਕ ਮਹੌਲ ਵਿੱਚ ਇਕਦਮ ਗਰਮੀ ਵਧ ਗਈ ਹੈ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੀ ਇਸਦੀ ਈ ਡੀ ਜਾਂਚ ਦੀ ਮੰਗ ਕਰਨ ਲੱਗੀਆਂ ਹਨ। ਟਾਊਨ ਹਾਲ ਕਲੱਬ ਮਿਉਂਸਪਲ ਕਾਰਪੋਰੇਸ਼ਨ ਮੋਗਾ ਵਿਖੇ ਰੱਖੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਵਲ ਸੁਸਾਇਟੀ ਮੋਗਾ ਦੇ ਚੀਫ ਐਡਵਾਈਜਰ ਡਾ ਕੁਲਦੀਪ ਸਿੰਘ ਗਿੱਲ ਅਤੇ ਅਜੇ ਗੋਰਾ ਸੂਦ ਨੇ ਦੱਸਿਆ ਕਿ ਪ੍ਰਤਾਪ ਰੋਡ ਮੋਗਾ ਅਤੇ ਸੈਲਫੀ ਪੁਆਇੰਟ ਵੇਦਾਂਤ ਪਾਰਕ ਮੋਗਾ ਤੋਂ ਲਏ ਗਏ ਕਰਬ ਸਟੋਨ, ਇੰਟਰਲੌਕ ਟਾਈਲਾਂ ਅਤੇ ਪੀ ਸੀ ਸੀ ਮੈਟੀਰੀਅਲ ਦੇ ਸੈੰਪਲ ਤਿੰਨ ਵੱਖ ਵੱਖ ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਂ ਨੂੰ ਭੇਜੇ ਗਏ ਸਨ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀ ਰਿਪੋਰਟ ਜਨਤਕ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਕਰਬ ਸਟੋਨ ਜੋ ਕਿ ਸਾਲਿਡ ਕੰਕਰੀਟ ਨਾਲ ਬਣਦੀਆਂ ਹਨ, ਵਿੱਚ ਪੁਰਾਣੀਆਂ ਅਤੇ ਇੰਟਰਲੌਕ ਟਾਈਲਾਂ ਭਰ ਕੇ ਸਾਈਡਾਂ ਤੇ ਇੱਕ ਦੋ ਇੰਚ ਕੰਕਰੀਟ ਪਾਇਆ ਗਿਆ ਹੈ ਜਿਸਦੀ ਬਜ਼ਾਰੀ ਕੀਮਤ 30 ਤੋਂ 35 ਰੁਪਏ ਬਣਦੀ ਹੈ ਪਰ ਮਿਉਂਸਪਲ ਕਾਰਪੋਰੇਸ਼ਨ ਮੋਗਾ ਇਸਦਾ ਪ੍ਰਤੀ ਨਗ 400 ਰੁਪਏ ਤੋਂ ਉਪਰ ਖਰੀਦ ਰਹੀ ਹੈ ਤੇ ਇਸ ਤਰ੍ਹਾਂ ਲੋਕਾਂ ਦੇ ਪੈਸੇ ਦੀ ਵੱਡੀ ਪੱਧਰ ਤੇ ਲੁੱਟ ਹੋ ਰਹੀ ਹੈ, ਜਿਸ ਵਿੱਚ ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਸੱਤਾਧਾਰੀ ਰਾਜਨੀਤਕ ਲੋਕ ਵੀ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਟਰਲੌਕ ਟਾਇਲਾਂ ਦੇ ਸੈੰਪਲ ਨਿਰਧਾਰਤ ਮਾਪਦੰਡ ਪੂਰੇ ਕਰਦੇ ਹਨ ਜਦਕਿ ਪੀ ਸੀ ਸੀ ਮੈਟੀਰੀਅਲ ਦੀ ਜਾਂਚ ਦੁਬਾਰਾ ਕਰਵਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵਿਕਾਸ ਕਾਰਜਾਂ ਲਈ ਵਰਤੇ ਜਾ ਰਹੇ ਹੋਰ ਮੈਟੀਰੀਅਲ ਦੀ ਵੀ ਜਾਂਚ ਕਰਵਾਈ ਜਾਵੇਗੀ ਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਜਨਤਕ ਕੀਤੀਆਂ ਜਾਣਗੀਆਂ । ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਸ਼ਹਿਰ ਦੀਆਂ ਗਲੀਆਂ ਵਿੱਚੋਂ ਪੁੱਟੀਆਂ ਗਈਆਂ ਇੰਟਰਲੌਕ ਟਾਇਲਾਂ ਕਰਬ ਸਟੋਨ ਬਨਾਉਣ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈੰਪਲਾਂ ਦੀਆਂ ਰਿਪੋਰਟਾਂ ਈ ਡੀ ਅਤੇ ਸੈੰਟਰਲ ਵਿਜੀਲੈਂਸ ਨੂੰ ਭੇਜ ਕੇ ਪਿਛਲੇ ਸਮੇਂ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਅਤੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਆਗੂ ਸਾਥੀ ਵਿਜੇ ਕੁਮਾਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰਸ਼ਪਾਲ ਸਿੰਘ ਸੋਸਣ ਅਤੇ ਚਰਨਜੀਤ ਝੰਡੇਆਣਾ ਨੇ ਸਿਵਲ ਸੁਸਾਇਟੀ ਮੋਗਾ ਦੇ ਇਸ ਉਦਮ ਦੀ ਤਾਰੀਫ ਕਰਦਿਆਂ ਇਸਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਮਲਵਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਦਫਤਰ ਸਕੱਤਰ ਵੀ ਪੀ ਸੇਠੀ, ਵਿੱਤ ਸਕੱਤਰ ਦਿਆਲ ਸਿੰਘ, ਠੇਕੇਦਾਰ ਸੰਤੋਖ ਸਿੰਘ, ਤਰਸੇਮ ਸਿੰਘ ਗਗੜਾ, ਸੁਰੇਸ਼ ਸੂਦ ਆਦਿ ਵੀ ਹਾਜ਼ਰ ਸਨ।














Leave a Reply