ਮੋਗਾ, ਧਰਮਕੋਟ (ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੰਘ ਸਿੱਧੂ) ਧਰਮਕੋਟ ਦੇ ਨਜ਼ਦੀਕੀ ਪਿੰਡ ਚੱਕ ਕੰਨੀਆਂ ਦੇ ਖੇਤਾਂ ਵਿੱਚ ਸੋਮਵਾਰ ਦੁਪਹਿਰ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪਸ਼ੂਆਂ ਲਈ ਸਾਈਲੇਜ (ਚਾਰੇ ਦਾ ਆਚਾਰ) ਤਿਆਰ ਕਰਨ ਦੌਰਾਨ ਚਾਰਾ ਕੱਟਣ ਵਾਲੀ ਟੋਕਾ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰਸੀਲਾ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਵਜੋਂ ਹੋਈ ਹੈ। ਰਸੀਲਾ ਸਿੰਘ ਪਸ਼ੂਆਂ ਲਈ ਚਾਰੇ ਦਾ ਆਚਾਰ ਤਿਆਰ ਕਰਨ ਵਾਲੀ ਟੀਮ ਨਾਲ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਮਿਹਨਤ ਮਜ਼ਦੂਰੀ ਕਰਦਾ ਸੀ। ਸੋਮਵਾਰ ਦੁਪਹਿਰ ਉਹ ਮਸ਼ੀਨ ਮਾਲਕ ਗੁਰਭੇਜ ਸਿੰਘ ਅਤੇ ਹੋਰ ਸਾਥੀਆਂ ਨਾਲ ਪਿੰਡ ਚੱਕ ਕੰਨੀਆਂ ਦੇ ਖੇਤਾਂ ਵਿੱਚ ਹਰੇ ਚਾਰੇ ਦੀ ਕਟਾਈ ਕਰ ਰਿਹਾ ਸੀ।
ਦੱਸਿਆ ਜਾਂਦਾ ਹੈ ਕਿ ਕੰਮ ਦੌਰਾਨ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਤੇਜ਼ ਰਫ਼ਤਾਰ ਨਾਲ ਚੱਲ ਰਹੀ ਟੋਕਾ ਮਸ਼ੀਨ ਦੀ ਲਪੇਟ ਵਿੱਚ ਆ ਗਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮਸ਼ੀਨ ਦੀ ਰਫ਼ਤਾਰ ਅਤੇ ਹਾਦਸੇ ਦੀ ਗੰਭੀਰਤਾ ਕਾਰਨ ਕੁਝ ਹੀ ਪਲਾਂ ਵਿੱਚ ਉਸ ਦੀ ਮੌਤ ਹੋ ਗਈ। ਹਾਦਸੇ ਦਾ ਮੰਜ਼ਰ ਦੇਖ ਕੇ ਮੌਕੇ ‘ਤੇ ਮੌਜੂਦ ਲੋਕ ਵੀ ਸਹਿਮ ਗਏ।
ਘਟਨਾ ਦੀ ਖ਼ਬਰ ਮਿਲਦੇ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਰਿਸ਼ਤੇਦਾਰ ਮੌਕੇ ‘ਤੇ ਪਹੁੰਚ ਗਏ। ਪੂਰੇ ਇਲਾਕੇ ਵਿੱਚ ਗ਼ਮ ਅਤੇ ਸੋਗ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਰਸੀਲਾ ਸਿੰਘ ਇੱਕ ਮਿਹਨਤੀ, ਸਾਦਾ ਅਤੇ ਮਿਲਣਸਾਰ ਇਨਸਾਨ ਸੀ, ਜੋ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਦਾ ਸੀ।
ਮ੍ਰਿਤਕ ਦੇ ਚਚੇਰੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਰਸੀਲਾ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਦੀ ਆਰਥਿਕ ਜ਼ਿੰਮੇਵਾਰੀ ਮੁੱਖ ਤੌਰ ‘ਤੇ ਉਸੇ ਦੇ ਮੋਢਿਆਂ ‘ਤੇ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਆਰਥਿਕ ਸਹਾਇਤਾ ਦਿੱਤੀ ਜਾਵੇ, ਤਾਂ ਜੋ ਇਸ ਮੁਸ਼ਕਲ ਘੜੀ ਵਿੱਚ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ।














Leave a Reply