Moga

ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ 

ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ 

ਮੋਗਾ (ਜਗਰਾਜ ਸਿੰਘ ਗਿੱਲ)

ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਆਏ ਹੋਏ ਅਧਿਆਪਕਾਂ ਅਤੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੁਆਰਾ ਆਯੋਜਿਤ ਕੀਤੀ ਜਾਂਦੀ ਇਸ ਪ੍ਰਤੀਯੋਗਤਾ ਦਾ ਉਦੇਸ਼ ਵਿਦਿਆਰਥੀਆਂ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਆਮ ਗਿਆਨ ਵਿਚ ਵਾਧਾ ਕਰਦਿਆਂ ਉਨ੍ਹਾਂ ਅੰਦਰ ਪੰਜਾਬ ਦੀ ਅਮੀਰ ਵਿਰਾਸਤ ਪ੍ਰਤੀ ਦਿਲਚਸਪੀ ਪੈਦਾ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਤਿੰਨ ਵਰਗਾਂ ਵਿੱਚ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮਿਡਲ, ਸੈਕੰਡਰੀ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਵਰਗ – ੳ ਮੁਕਾਬਲੇ ਵਿੱਚ ਜਸ਼ਨਦੀਪ ਕੌਰ, ਸਰਕਾਰੀ ਕੰਨਿਆ ਹਾਈ ਸਕੂਲ, ਪੱਤੋ ਹੀਰਾ ਸਿੰਘ, ਮੋਗਾ ਨੇ ਪਹਿਲਾ, ਸਿਮਰਨ ਕੌਰ, ਸਰਕਾਰੀ ਹਾਈ ਸਕੂਲ, ਕੋਟਲਾ ਮਿਹਰ ਸਿੰਘ, ਮੋਗਾ ਨੇ ਦੂਜਾ ਅਤੇ ਜਪਨੂਰ ਸਿੰਘ ਘਾਰੂ, ਸਰਕਾਰੀ ਸੀਨੀ. ਸੈਕੰ. ਸਕੂਲ, ਪੱਤੋ ਹੀਰਾ ਸਿੰਘ, ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ – ਅ ਮੁਕਾਬਲੇ ਵਿੱਚ ਦਿਸ਼ਾ ਰਾਣੀ, ਸਰਕਾਰੀ ਸੀਨੀ. ਸੈਕੰ. ਸਕੂਲ, ਪੱਤੋ ਹੀਰਾ ਸਿੰਘ ਨੇ ਪਹਿਲਾ, ਗੁਰਪ੍ਰੀਤ ਕੌਰ, ਸਰਕਾਰੀ ਹਾਈ ਸਕੂਲ, ਕੋਟਲਾ ਮਿਹਰ ਸਿੰਘ, ਮੋਗਾ ਨੇ ਦੂਜਾ ਅਤੇ ਨਵਨੀਤ ਕੌਰ, ਸਰਕਾਰੀ ਹਾਈ ਸਕੂਲ, ਕਾਲੇਕੇ, ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ – ੲ ਮੁਕਾਬਲੇ ਵਿੱਚ ਗਗਨਦੀਪ ਸਿੰਘ, ਡੀ. ਐੱਮ ਕਾਲਜ, ਮੋਗਾ ਨੇ ਪਹਿਲਾ, ਹਰਮਨਪ੍ਰੀਤ ਕੌਰ, ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮੈੱਨ, ਲੋਪੋ, ਮੋਗਾ ਨੇ ਦੂਜਾ ਅਤੇ ਰਾਜਵੀਰ ਸਿੰਘ , ਲਾਲਾ ਲਾਜਪਤ ਰਾਏ ਸਰਕਾਰੀ, ਕਾਲਜ, ਢੁੱਡੀਕੇ, ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਮੁਕਾਬਲੇ ਅਨੁਸ਼ਾਸਨ-ਬੱਧ ਢੰਗ ਨਾਲ ਪੂਰੀ ਪਾਰਦਰਸ਼ਤਾ ਨਾਲ ਕਰਵਾਏ ਗਏ ਅਤੇ ਸੀਨੀਅਰ ਸਹਾਇਕ ਸ. ਨਵਦੀਪ ਸਿੰਘ ਅਤੇ ਸ਼੍ਰੀ ਚਿਮਨ ਲਾਲ, ਕਲਰਕ ਦੀ ਅਗਵਾਈ ਵਿੱਚ ਮੌਕੇ ਉੱਪਰ ਹੀ ਨਤੀਜਾ ਤਿਆਰ ਕਰਕੇ ਐਲਾਨਿਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਨਵੰਬਰ, 2026 ਦੌਰਾਨ ਮਨਾਏ ਜਾਣ ਵਾਲੇ ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਅਧੀਨ ਰਾਜ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਰਾਜ ਪੱਧਰੀ ਮੁਕਾਬਲੇ ਵਾਸਤੇ ਵੱਧ ਤੋਂ ਵੱਧ ਤਿਆਰੀ ਕਰਨ ਲਈ ਉਨ੍ਹਾਂ ਵੱਲੋਂ ਹੱਲਾ-ਸ਼ੇਰੀ ਦਿੱਤੀ ਗਈ।