Moga

ਪਿੰਡ ਦੌਲੇਵਾਲਾ ਵਿਖੇ ਨਸ਼ਾ ਸੇਵਨ ਲਈ ਵਰਤੀ ਜਾ ਰਹੀ ਖਸਤਾ ਹਾਲਤ ਇਮਾਰਤ ਮਾਲਕ ਦੀ ਸਹਿਮਤੀ ਨਾਲ ਢਾਹੀ

ਪਿੰਡ ਦੌਲੇਵਾਲਾ ਵਿਖੇ ਨਸ਼ਾ ਸੇਵਨ ਲਈ ਵਰਤੀ ਜਾ ਰਹੀ ਖਸਤਾ ਹਾਲਤ ਇਮਾਰਤ ਮਾਲਕ ਦੀ ਸਹਿਮਤੀ ਨਾਲ ਢਾਹੀ

ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ਨੂੰ ਨਸ਼ਾ ਮੁਕਤ ਬਣਾਉਣ ਲਈ ਮੋਗਾ ਪੁਲਿਸ ਦੀ ਵਿਸ਼ੇਸ਼ ਪਹਿਲਕਦਮੀ

 

ਮੋਗਾ: / ਜਗਰਾਜ ਸਿੰਘ ਗਿੱਲ

ਜ਼ਿਲ੍ਹਾ ਮੋਗਾ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਨਸ਼ਾ ਪ੍ਰਭਾਵਿਤ ਇਲਾਕਿਆਂ ਨੂੰ ਨਸ਼ਾ ਮੁਕਤ ਬਣਾਉਣ ਲਈ ਮੋਗਾ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਐਸ.ਐਸ.ਪੀ. ਮੋਗਾ ਅਤੇ ਐਸ.ਪੀ. (ਐਚ) ਮੋਗਾ ਦੀ ਅਗਵਾਈ ਹੇਠ ਪਿੰਡ ਦੌਲੇਵਾਲਾ ਵਿਖੇ ਨਸ਼ਾ ਸੇਵਨ ਦੇ ਹੌਟਸਪੌਟ ਵਜੋਂ ਵਰਤੀ ਜਾ ਰਹੀ ਇੱਕ ਖਸਤਾ ਹਾਲਤ ਅਤੇ ਲਾਵਾਰਿਸ ਇਮਾਰਤ ਨੂੰ ਉਸ ਦੇ ਮਾਲਕ ਦੀ ਸਹਿਮਤੀ ਅਤੇ ਸਹਿਯੋਗ ਨਾਲ ਢਾਹ ਦਿੱਤਾ ਗਿਆ।

ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਇਮਾਰਤ ਨੂੰ ਢਾਹੁਣ ਦੇ ਨਾਲ-ਨਾਲ ਉੱਥੋਂ ਇੱਟਾਂ ਅਤੇ ਹੋਰ ਵਰਤੋਂਯੋਗ ਸਮੱਗਰੀ ਵੀ ਹਟਾ ਦਿੱਤੀ ਗਈ, ਤਾਂ ਜੋ ਭਵਿੱਖ ਵਿੱਚ ਇਸ ਜਗ੍ਹਾ ਦੀ ਮੁੜ ਨਸ਼ਾ ਸੇਵਨ ਜਾਂ ਕਿਸੇ ਹੋਰ ਗੈਰ-ਕਾਨੂੰਨੀ ਗਤੀਵਿਧੀ ਲਈ ਵਰਤੋਂ ਨਾ ਹੋ ਸਕੇ।

 

ਮੋਗਾ ਪੁਲਿਸ ਦੀ ਇਸ ਪਹਿਲਕਦਮੀ ਨਾਲ ਪਿੰਡ ਵਿੱਚ ਨਸ਼ਾ ਸੇਵਨ ਲਈ ਵਰਤੇ ਜਾ ਰਹੇ ਇੱਕ ਪ੍ਰਮੁੱਖ ਟਿਕਾਣੇ ਨੂੰ ਖ਼ਤਮ ਕਰਨ ਵਿੱਚ ਸਫਲਤਾ ਮਿਲੀ ਹੈ। ਇਸ ਨਾਲ ਇਲਾਕੇ ਵਿੱਚ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਸਿਰਜਣ ਵਿੱਚ ਵੀ ਮਦਦ ਮਿਲੇਗੀ।

 

ਇਸ ਕਾਰਵਾਈ ਦੀ ਸਥਾਨਕ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਨਸ਼ਿਆਂ ਦੇ ਖਾਤਮੇ ਲਈ ਮੋਗਾ ਪੁਲਿਸ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

 

ਮੋਗਾ ਪੁਲਿਸ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਅਜਿਹੇ ਹੌਟਸਪੌਟ ਇਲਾਕਿਆਂ ਦੀ ਪਛਾਣ ਕਰਕੇ ਕਾਰਵਾਈ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।