ਜਗਰਾਜ ਸਿੰਘ ਗਿੱਲ
ਸ਼੍ਰੋਮਣੀ ਅਕਾਲੀ ਦਲ, ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਫਿਲਮ ‘ਸਤਲੁਜ’ ਪੰਜਾਬ ਦੇ ਉਸ ਦਰਦਨਾਕ ਦੌਰ ਅਤੇ ਕਾਂਗਰਸੀ ਹਕੂਮਤ ਦੌਰਾਨ ਹੋਏ ਕਥਿਤ ਜ਼ੁਲਮਾਂ ਦੀ ਮੂੰਹ ਬੋਲਦੀ ਦਾਸਤਾਨ ਹੈ, ਜਿਸ ਦੌਰਾਨ ਅਨੇਕਾਂ ਪਰਿਵਾਰਾਂ ਨੇ ਆਪਣੇ ਜਵਾਨ ਪੁੱਤਰ ਗੁਆਏ ਅਤੇ ਪੰਜਾਬ ਦੀ ਇੱਕ ਪੂਰੀ ਨਸਲ ਨੇ ਖੌਫ਼, ਦਹਿਸ਼ਤ ਅਤੇ ਬੇਯਕੀਨੀ ਦੇ ਆਲਮ ਵਿੱਚ ਜ਼ਿੰਦਗੀ ਬਸਰ ਕੀਤੀ। ਉਨ੍ਹਾਂ ਕਿਹਾ ਕਿ ‘ਸਤਲੁਜ’ ਮਹਿਜ਼ ਇੱਕ ਫਿਲਮ ਨਹੀਂ, ਬਲਕਿ ਪੰਜਾਬ ਦੇ ਇਤਿਹਾਸ ਦੇ ਇੱਕ ਅਜਿਹੇ ਦਰਦਨਾਕ ਦੌਰ ਦੀ ਤਰਜਮਾਨੀ ਹੈ, ਜਿਸ ਦੀ ਚੀਸ ਅੱਜ ਵੀ ਹਜ਼ਾਰਾਂ ਪਰਿਵਾਰਾਂ ਦੇ ਦਿਲਾਂ ਵਿੱਚ ਮੌਜੂਦ ਹੈ।
ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹੋਈ ਫੌਜੀ ਕਾਰਵਾਈ ਨੇ ਸਿੱਖ ਕੌਮ ਦੇ ਹਿਰਦਿਆਂ ਉੱਪਰ ਅਜਿਹੇ ਜ਼ਖ਼ਮ ਦਿੱਤੇ, ਜਿਨ੍ਹਾਂ ਨੂੰ ਵਕਤ ਵੀ ਪੂਰੀ ਤਰ੍ਹਾਂ ਨਹੀਂ ਭਰ ਸਕਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਵਿੱਚ ਲੰਬੇ ਅਰਸੇ ਤੱਕ ਅਜਿਹਾ ਖੌਫ਼ਨਾਕ ਦੌਰ ਚੱਲਿਆ, ਜਿਸ ਦੌਰਾਨ ਅਨੇਕਾਂ ਬੇਕਸੂਰ ਨੌਜਵਾਨਾਂ ਦੇ ਲਾਪਤਾ ਹੋਣ, ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਦੇ ਸੰਗੀਨ ਇਲਜ਼ਾਮ ਸਾਹਮਣੇ ਆਏ। ਕਈ ਮਾਵਾਂ ਆਪਣੇ ਪੁੱਤਰਾਂ ਦੀ ਉਡੀਕ ਕਰਦੀਆਂ ਰਹੀਆਂ ਅਤੇ ਕਈ ਪਰਿਵਾਰਾਂ ਨੂੰ ਆਪਣੇ ਲਾਪਤਾ ਹੋਏ ਜੀਆਂ ਬਾਰੇ ਆਖ਼ਰੀ ਸਾਹ ਤੱਕ ਕੋਈ ਜਵਾਬ ਨਹੀਂ ਮਿਲਿਆ।
ਮੱਖਣ ਬਰਾੜ ਨੇ ਕਿਹਾ ਕਿ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਕਈ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਬਾਈਕਾਟ ਕੀਤਾ ਗਿਆ ਅਤੇ ਬਹੁਤ ਘੱਟ ਵੋਟਿੰਗ ਦਰਮਿਆਨ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆਈ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੌਰ ਵਿੱਚ ਜਮਹੂਰੀਅਤ ਦੀ ਰੂਹ ਨੂੰ ਗਹਿਰੀ ਸੱਟ ਵੱਜੀ ਅਤੇ ਪੰਜਾਬ ਦੇ ਲੋਕਾਂ ਉੱਪਰ ਕਥਿਤ ਸਰਕਾਰੀ ਜਬਰ ਦਾ ਸਿਲਸਿਲਾ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਅਨੇਕਾਂ ਪਿੰਡ ਅਜਿਹੇ ਸਨ, ਜਿੱਥੇ ਪਰਿਵਾਰਾਂ ਦੇ ਪਰਿਵਾਰ ਇਸ ਤ੍ਰਾਸਦੀ ਤੋਂ ਮੁਤਾਸਿਰ ਹੋਏ ਅਤੇ ਉਸ ਦੌਰ ਦੀਆਂ ਤਲਖ਼ ਯਾਦਾਂ ਅੱਜ ਵੀ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹਨ।
ਉਨ੍ਹਾਂ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲਾਪਤਾ ਹੋਏ ਨੌਜਵਾਨਾਂ ਅਤੇ ਲਾਵਾਰਿਸ ਕਰਾਰ ਦੇ ਕੇ ਕੀਤੇ ਗਏ ਸੰਸਕਾਰਾਂ ਦੀ ਹਕੀਕਤ ਦੁਨੀਆ ਸਾਹਮਣੇ ਲਿਆਉਣ ਲਈ ਆਪਣੀ ਜ਼ਿੰਦਗੀ ਦਾਅ ਉੱਪਰ ਲਗਾ ਦਿੱਤੀ। ਮੱਖਣ ਬਰਾੜ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਰਗੀਆਂ ਸ਼ਖ਼ਸੀਅਤਾਂ ਦੀ ਕੁਰਬਾਨੀ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਕੀਤਾ ਜਾ ਸਕਦਾ।
ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ‘ਸਤਲੁਜ’ ਵਰਗੀਆਂ ਫਿਲਮਾਂ ਨਵੀਂ ਨਸਲ ਨੂੰ ਆਪਣੇ ਇਤਿਹਾਸ ਨਾਲ ਰੂਬਰੂ ਕਰਵਾਉਣ ਦਾ ਅਹਿਮ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਪੰਜਾਬ ਨੇ ਕਿਹੜੇ-ਕਿਹੜੇ ਦੁਸ਼ਵਾਰ ਦੌਰ ਵੇਖੇ, ਲੋਕਾਂ ਨੇ ਕਿਹੜੀਆਂ ਮੁਸੀਬਤਾਂ ਝੱਲੀਆਂ ਅਤੇ ਆਪਣੇ ਹੱਕਾਂ ਤੇ ਇਨਸਾਫ਼ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੁਸਾਂਝ ਵੱਲੋਂ ਫ਼ਿਲਮ ਪੰਜਾਬ 1984 ਅਤੇ ਪੰਜਾਬ ਦੇ ਉਸ ਦੌਰ ਦੀ ਹਕੀਕਤ ਨੂੰ ਪਰਦੇ ਉੱਪਰ ਲਿਆਉਣ ਲਈ ਫਿਲਮੀ ਉਪਰਾਲੇ ਹੋਏ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਇਤਿਹਾਸ ਨੂੰ ਜ਼ਿੰਦਾ ਰੱਖਣ ਵਿੱਚ ਅਹਿਮ ਕਿਰਦਾਰ ਅਦਾ ਕਰਦੀਆਂ ਹਨ।
ਮੱਖਣ ਬਰਾੜ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ‘ਸਤਲੁਜ’ ਫਿਲਮ ਨੂੰ ਜ਼ਰੂਰ ਦੇਖਣ ਅਤੇ ਆਪਣੇ ਬੱਚਿਆਂ ਨੂੰ ਵੀ ਪੰਜਾਬ ਦੇ ਇਤਿਹਾਸ ਤੋਂ ਵਾਕਫ਼ ਕਰਵਾਉਣ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਆਪਣੇ ਨਾਲ ਵਾਪਰੇ ਹਾਦਸਿਆਂ ਨੂੰ ਭੁਲਾ ਦਿੰਦੀਆਂ ਹਨ, ਉਨ੍ਹਾਂ ਲਈ ਆਪਣੇ ਭਵਿੱਖ ਦੀ ਸਹੀ ਦਿਸ਼ਾ ਤੈਅ ਕਰਨੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਪੰਜਾਬ ਦੇ ਦਰਦ, ਸੰਘਰਸ਼ ਅਤੇ ਕੁਰਬਾਨੀਆਂ ਦੀ ਇਸ ਦਾਸਤਾਨ ਨੂੰ ਆਪਣੇ ਦਿਲਾਂ ਅਤੇ ਜ਼ਿਹਨ ਵਿੱਚ ਜ਼ਿੰਦਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
