Moga

ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਦੀ ਮੋਗਾ ਵਿਖੇ ਸਾਂਝੀ ਮੀਟਿੰਗ, ਨਵੀਂ ਜ਼ਿਲ੍ਹਾ ਟੀਮ ਦਾ ਗਠਨ

ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਦੀ ਮੋਗਾ ਵਿਖੇ ਸਾਂਝੀ ਮੀਟਿੰਗ, ਨਵੀਂ ਜ਼ਿਲ੍ਹਾ ਟੀਮ ਦਾ ਗਠਨ

ਮੋਗਾ, 22 ਅਗਸਤ ਜਗਰਾਜ ਸਿੰਘ ਗਿੱਲ

ਅੱਜ ਵਿਸ਼ਵਕਰਮਾ ਭਵਨ, ਮੋਗਾ ਵਿਖੇ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਪੰਜਾਬ (ਰਜਿ. ਨੰ. 132) ਦੀ ਇੱਕ ਸਾਂਝੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਰਮਨਦੀਪ ਸਿੰਘ, ਸੂਬਾ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਫਰਦ ਕੇਂਦਰ ਕੰਪਿਊਟਰ ਆਪਰੇਟਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸੁਖਵੀਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਵੀਰਪਾਲ ਕੌਰ ਨੂੰ ਮੀਤ ਪ੍ਰਧਾਨ, ਪ੍ਰਗਟ ਸਿੰਘ ਨੂੰ ਜਨਰਲ ਸਕੱਤਰ, ਰਾਜਵਿੰਦਰ ਸਿੰਘ ਨੂੰ ਖਜ਼ਾਨਚੀ ਅਤੇ ਸਵਰਨਜੀਤ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਹੋਰ ਮੈਂਬਰਾਂ ਦੀ ਵੀ ਚੋਣ ਕੀਤੀ ਗਈ।

ਮੀਟਿੰਗ ਦੌਰਾਨ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਦੀਆਂ ਜਾਇਜ਼ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਫਰਦ ਕੇਂਦਰ ਕੰਪਿਊਟਰ ਆਪਰੇਟਰ ਲੰਬੇ ਸਮੇਂ ਤੋਂ ਮਾਲ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ।

ਇਸ ਮੌਕੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਨੇ ਸਮੂਹ ਆਪਰੇਟਰਾਂ ਨੂੰ ਇਕਜੁੱਟ ਹੋ ਕੇ ਜਥੇਬੰਦੀ ਨਾਲ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਲਗਾਤਾਰ ਸਰਕਾਰ ਅੱਗੇ ਆਪਣੀਆਂ ਜਾਇਜ਼ ਮੰਗਾਂ ਰੱਖੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਠੇਕਾ ਪ੍ਰਥਾ ਖ਼ਤਮ ਕਰਨ ਦੇ ਦਾਅਵਿਆਂ ਦੇ ਬਾਵਜੂਦ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨੂੰ ਬਣਦਾ ਹੱਕ ਨਾ ਮਿਲਣ ’ਤੇ ਚਿੰਤਾ ਪ੍ਰਗਟ ਕੀਤੀ।

ਆਗੂਆਂ ਨੇ ਮੰਗ ਕੀਤੀ ਕਿ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨੂੰ ਪੰਜਾਬ ਰਾਜ ਆਊਟਸੋਰਸ ਪਰਸੋਨਲ ਬਿੱਲ-2026 ਅਤੇ ਪੰਜਾਬ ਕੰਟਰੈਕਚੁਅਲ ਪਰਸੋਨਲ ਬਿੱਲ-2026 ਵਿੱਚ ਸ਼ਾਮਲ ਕੀਤਾ ਜਾਵੇ, ਡੀ.ਸੀ. ਰੇਟ ਕੈਟਾਗਰੀ-ਸੀ ਅਧੀਨ ਪੇ-ਸਕੇਲ ਦਿੱਤਾ ਜਾਵੇ, ਪਿਛਲੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਆਪਰੇਟਰਾਂ ਦਾ ਡਾਟਾ ਪਰਸੋਨਲ ਵਿਭਾਗ ਨੂੰ ਭੇਜ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਰਵੱਈਏ ਦੀ ਆਗੂਆਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ।ਇਸ ਮੌਕੇ ਪ੍ਰੈੱਸ ਸਕੱਤਰ ਸਵਰਨਜੀਤ ਸਿੰਘ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਵਿੱਚ ਨਵੀਂ ਟੀਮ ਦੇ ਗਠਨ ਨਾਲ ਜਿੱਥੇ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ, ਉੱਥੇ ਹੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਇੱਕ ਚੰਗਾ ਸੁਨੇਹਾ ਜਾਵੇਗਾ। ਉਨ੍ਹਾਂ ਕਿਹਾ ਕਿ ਫਰਦ ਕੇਂਦਰ ਆਪਰੇਟਰ ਸਾਲ 2007 ਤੋਂ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਮਾਲ ਵਿਭਾਗ ਦੇ ਰਿਕਾਰਡ ਨੂੰ ਆਨਲਾਈਨ ਕਰਨ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੇ ਲੰਬੇ ਤਜਰਬੇ ਅਤੇ ਸੇਵਾਵਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਸਮੂਹ ਫਰਦ ਕੇਂਦਰ ਕੰਪਿਊਟਰ ਆਪਰੇਟਰ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਇਕਜੁੱਟ ਹਨ ਅਤੇ ਜਥੇਬੰਦੀ ਵੱਲੋਂ ਜੋ ਵੀ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਉਸ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਸੂਬਾ ਪ੍ਰਧਾਨ ਰਮਨਦੀਪ ਸਿੰਘ, ਪ੍ਰੈੱਸ ਸਕੱਤਰ ਨਾਨਕ ਰਾਮ, ਜ਼ਿਲ੍ਹਾ ਪ੍ਰਧਾਨ ਬਰਨਾਲਾ ਸਤਨਾਮ ਸਿੰਘ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਸੁਨੀਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਬਠਿੰਡਾ ਗੁਰਵਿੰਦਰ ਸਿੰਘ, ਜ਼ਿਲ੍ਹਾ ਮਾਨਸਾ ਤੋਂ ਕੁਲਵਿੰਦਰ ਸਿੰਘ, ਫਰੀਦਕੋਟ ਤੋਂ ਸੰਦੀਪ ਸਿੰਘ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਤੇ ਸੂਬਾ ਪੱਧਰੀ ਆਗੂ ਅਤੇ ਮੋਗਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਫਰਦ ਕੇਂਦਰ ਕੰਪਿਊਟਰ ਆਪਰੇਟਰ ਹਾਜ਼ਰ ਸਨ।