ਪੰਜਾਬ ਰਾਜਨੀਤੀ

ਪਿੰਡ ਲੋਹਾਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਭਰਪੂਰ ਹੁੰਗਾਰਾ

ਪਿੰਡ ਲੋਹਾਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਭਰਪੂਰ ਹੁੰਗਾਰਾ

ਬਰਸਾਤੀ ਡੱਡੂਆਂ ਨੂੰ ਮੂੰਹ ਨਹੀਂ ਲਾਵਾਂਗੇ” — ਬਰਜਿੰਦਰ ਸਿੰਘ ਮੱਖਣ ਬਰਾੜ

 

ਮੋਗਾ  (ਜਗਰਾਜ ਸਿੰਘ ਗਿੱਲ) ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ‘ਹਰ ਘਰ ਸ਼੍ਰੋਮਣੀ ਅਕਾਲੀ ਦਲ’ ਮੁਹਿੰਮ ਤਹਿਤ ਹਲਕਾ ਧਰਮਕੋਟ ਦੇ ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਪਿੰਡ ਗਗੜਾ, ਜਨੇਰ, ਵਰੇ ਰੱਜੀਵਾਲਾ ਅਤੇ ਚੀਮਾ ਤੋਂ ਬਾਅਦ ਪਿੰਡ ਲੋਹਾਰਾ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਅਤੇ ਉਤਸ਼ਾਹ ਮਿਲਿਆ।

ਪਿੰਡ ਲੋਹਾਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਹਲਕਾ ਧਰਮਕੋਟ ਦੇ ਪ੍ਰਧਾਨ ਸੁਰਜੀਤ ਸਿੰਘ ਗਿੱਲ ਲੋਹਾਰਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਛੋਟੇ ਪੱਧਰ ’ਤੇ ਰੱਖਿਆ ਗਿਆ ਪ੍ਰੋਗਰਾਮ ਵੱਡੇ ਇਕੱਠ ਵਿੱਚ ਤਬਦੀਲ ਹੋ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹ ਸਿਆਸੀ ਜਮਾਤ ਹੈ ਜੋ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੰਦੀ ਹੈ ਅਤੇ ਪੰਜਾਬ ਨਾਲ ਸਬੰਧਤ ਫੈਸਲੇ ਪੰਜਾਬ ਦੀ ਧਰਤੀ ਤੋਂ ਲੈਣ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੋਰ ਸਿਆਸੀ ਪਾਰਟੀਆਂ ਦੇ ਮਹੱਤਵਪੂਰਨ ਫੈਸਲਿਆਂ ’ਤੇ ਦਿੱਲੀ ਦਾ ਪ੍ਰਭਾਵ ਰਹਿੰਦਾ ਹੈ।

ਮੱਖਣ ਬਰਾੜ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਵੀ ਪ੍ਰਮੁੱਖ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਪਿੰਡਾਂ ਵਿੱਚ ਨਸ਼ੇ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੀ।

 

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੁਣ ਮਹਿਲਾਵਾਂ ਦੇ ਖਾਤਿਆਂ ਵਿੱਚ ਰਾਸ਼ੀ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ। ਜੇਕਰ ਸਰਕਾਰ ਆਪਣੇ ਵਾਅਦੇ ਅਨੁਸਾਰ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦੇਣਾ ਚਾਹੁੰਦੀ ਹੈ ਤਾਂ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਦੀ ਬਣਦੀ ਸਾਰੀ ਰਾਸ਼ੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਧੀਆਂ ਲਈ ‘ਸ਼ਗਨ ਸਕੀਮ’ ਵਰਗੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਸਨ, ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਸਬੰਧੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਮੱਖਣ ਬਰਾੜ ਨੇ ਆਪਣੇ ਸਤਿਕਾਰਯੋਗ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ਕਈ ਲੋਕਾਂ ਨੇ ਪਾਰਟੀ ਤੋਂ ਸਿਆਸੀ ਲਾਭ ਲਏ, ਪਰ ਸੱਤਾ ਦੇ ਸਮੀਕਰਨ ਬਦਲਣ ’ਤੇ ਕੁਝ ਲੋਕ ਪਾਰਟੀ ਛੱਡ ਕੇ ਹੋਰਨਾਂ ਪਾਰਟੀਆਂ ਵਿੱਚ ਚਲੇ ਗਏ। ਉਨ੍ਹਾਂ ਕਿਹਾ ਕਿ ਅਜਿਹੇ “ਬਰਸਾਤੀ ਡੱਡੂਆਂ” ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਮੂੰਹ ਨਹੀਂ ਲਾਇਆ ਜਾਵੇਗਾ।

 

ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮਜ਼ਬੂਤੀ ਨਾਲ ਜੁੜਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸਹਿਯੋਗ ਦੇਣ, ਤਾਂ ਜੋ ਪੰਜਾਬ ਪੱਖੀ ਸਰਕਾਰ ਬਣ ਸਕੇ ਅਤੇ ਪੰਜਾਬ ਦੇ ਹਿੱਤਾਂ ਵਿੱਚ ਫੈਸਲੇ ਲਏ ਜਾ ਸਕਣ।

 

ਇਸ ਮੌਕੇ ਸੁਰਜੀਤ ਸਿੰਘ ਲੋਹਾਰਾ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

 

ਇਸ ਮੌਕੇ ਹਲਕਾ ਪ੍ਰਧਾਨ ਯੂਥ ਅਕਾਲੀ ਦਲ ਪਰਵਿੰਦਰ ਸਿੰਘ ਭੁੱਲਰ, ਸਰਕਲ ਪ੍ਰਧਾਨ ਗੁਰਮੀਤ ਸਿੰਘ ਗਗੜਾ, ਸਰਕਲ ਪ੍ਰਧਾਨ ਯੂਥ ਅਕਾਲੀ ਦਲ **ਰਜਿੰਦਰ ਸਿੰਘ ਜਨੇਰ, ਸ਼ਹਿਰੀ ਪ੍ਰਧਾਨ ਅਮਨ ਗਾਬਾ, ਪੀ.ਏ. ਇਕਬਾਲ ਦੀਪ ਸਿੰਘ ਹੈਰੀ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਡਾ. ਕੁਲਵੰਤ ਸਿੰਘ, ਸੁਖਦੇਵ ਸਿੰਘ ਜੌਹਲ, ਜੱਗਾ ਸਿੰਘ, ਬਲਵੀਰ ਸਿੰਘ, ਬੂਟਾ ਸਿੰਘ ਸਾਬਕਾ ਮੈਂਬਰ, ਅਵਤਾਰ ਸਿੰਘ ਸਾਬਕਾ ਮੈਂਬਰ, ਗੁਰਦੇਵ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਦੇਵ ਸਿੰਘ, ਮੱਖਣ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਲਖਵਿੰਦਰ ਸਿੰਘ ਲੱਖਾ, ਸੁਖਚੈਨ ਸਿੰਘ ਗਿੱਲ, ਕੁਲਵਿੰਦਰ ਸਿੰਘ ਕੰਦੀ, ਮੇਲਾ ਸਿੰਘ, ਨਛੱਤਰ ਸਿੰਘ, ਬਿੰਦਰ ਸਿੰਘ, ਰਮਜਾਨ ਖਾਨ (ਬਲਦੇਵ), ਕਸ਼ਮੀਰ ਸਿੰਘ, ਬੂਟਾ ਸਿੰਘ ਜੌਹਲ, ਫਤਿਹ ਸਿੰਘ, ਸੁਰਜੀਤ ਸਿੰਘ ਬਿੱਲਾ, ਬੂਟਾ ਸਿੰਘ ਠੇਕੇਦਾਰ, ਬਾਬੂ ਸਿੰਘ ਗਿੱਲ, ਗੁਰਦੀਪ ਸਿੰਘ, ਗੁਰਦਿੱਤ ਸਿੰਘ, ਗੁਰਦੇਵ ਸਿੰਘ ਮਿਸਤਰੀ, ਕਾਕਾ ਸਿੰਘ, ਜ਼ੋਰਾ ਸਿੰਘ, ਹਰਚੰਦ ਸਿੰਘ, ਭਜਨ ਸਿੰਘ, ਰਾਜੂ ਸਿੰਘ, ਜਗਰਾਜ ਸਿੰਘ ਇਕਾਈ ਪ੍ਰਧਾਨ ਕਿਸਾਨ ਯੂਨੀਅਨ, ਗੁਰਮੀਤ ਸਿੰਘ ਪੇਂਟਰ, ਇਕਬਾਲ ਸਿੰਘ, ਭੋਰਾ ਸਿੰਘ, ਹਰਨੇਕ ਸਿੰਘ ਅਤੇ ਸਵਰਨ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।