ਮੋਗਾ

ਪ੍ਰੈਸ ਕਲੱਬ ਕੋਟ ਈਸੇ ਖਾਂ ਵੱਲੋਂ ਨਵ-ਨਿਯੁਕਤ ਐਸ.ਐਮ.ਓ. ਸੁਖਪ੍ਰੀਤ ਸਿੰਘ ਬਰਾੜ ਨਾਲ ਪਲੇਠੀ ਮੀਟਿੰਗ, ਲੋਕ ਮਸਲਿਆਂ ਦੇ ਹੱਲ ਦਾ ਭਰੋਸਾ

ਪ੍ਰੈਸ ਕਲੱਬ ਕੋਟ ਈਸੇ ਖਾਂ ਵੱਲੋਂ ਨਵ-ਨਿਯੁਕਤ ਐਸ.ਐਮ.ਓ. ਸੁਖਪ੍ਰੀਤ ਸਿੰਘ ਬਰਾੜ ਨਾਲ ਪਲੇਠੀ ਮੀਟਿੰਗ, ਲੋਕ ਮਸਲਿਆਂ ਦੇ ਹੱਲ ਦਾ ਭਰੋਸਾ

ਮੋਗਾ,ਕੋਟ ਈਸੇ ਖਾਂ, 14 ਅਗਸਤ

(ਜਗਰਾਜ ਸਿੰਘ ਗਿੱਲ)

ਕੋਟ ਈਸੇ ਖਾਂ ਦੇ ਸਰਕਾਰੀ ਸਿਵਲ ਹਸਪਤਾਲ ਦੇ ਨਵ-ਨਿਯੁਕਤ ਐਸ.ਐਮ.ਓ. ਸੁਖਪ੍ਰੀਤ ਸਿੰਘ ਬਰਾੜ ਵੱਲੋਂ ਅਹੁਦਾ ਸੰਭਾਲਣ ਉਪਰੰਤ ਪ੍ਰੈਸ ਕਲੱਬ ਕੋਟ ਈਸੇ ਖਾਂ, ਸਬ-ਡਿਵੀਜ਼ਨ ਧਰਮਕੋਟ, ਰਜਿ. ਮੋਗਾ ਦੇ ਅਹੁਦੇਦਾਰਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪ੍ਰੈਸ ਕਲੱਬ ਦੇ ਪ੍ਰਧਾਨ ਜਗਰਾਜ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਪੱਤਰਕਾਰ ਭਾਈਚਾਰੇ ਵੱਲੋਂ ਹਸਪਤਾਲ ਵਿੱਚ ਲੋਕਾਂ ਅਤੇ ਮਰੀਜ਼ਾਂ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਸਬੰਧੀ ਐਸ.ਐਮ.ਓ. ਨੂੰ ਜਾਣੂ ਕਰਵਾਇਆ ਗਿਆ।

ਮੀਟਿੰਗ ਦੌਰਾਨ ਸਭ ਤੋਂ ਅਹਿਮ ਮੁੱਦਾ ਹਸਪਤਾਲ ਵਿੱਚ ਪਰਚੀਆਂ ਕਟਵਾਉਣ ਸਮੇਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਰਿਹਾ। ਪੱਤਰਕਾਰ ਭਾਈਚਾਰੇ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਰਚੀ ਕਾਊਂਟਰ ’ਤੇ ਲੰਬੀਆਂ ਕਤਾਰਾਂ ਅਤੇ ਹੋਰ ਪ੍ਰਬੰਧਕੀ ਮੁਸ਼ਕਿਲਾਂ ਸਬੰਧੀ ਲੋਕਾਂ ਵੱਲੋਂ ਸ਼ਿਕਾਇਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਇਹ ਮਾਮਲਾ ਐਸ.ਐਮ.ਓ. ਸੁਖਪ੍ਰੀਤ ਸਿੰਘ ਬਰਾੜ ਦੇ ਧਿਆਨ ਵਿੱਚ ਲਿਆਉਂਦਿਆਂ ਇਸ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ ।

ਇਸ ਮੌਕੇ ਐਸ.ਐਮ.ਓ. ਬਰਾੜ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਰੋਸਾ ਦਿੱਤਾ ਕਿ ਲੋਕਾਂ ਨੂੰ ਪਰਚੀ ਕਟਵਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਸਪਤਾਲ ਦੇ ਸਟਾਫ਼ ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦਾ ਹੱਲ ਕਰਨਗੇ ਅਤੇ ਪਰਚੀ ਕਾਊਂਟਰ ’ਤੇ ਪ੍ਰਬੰਧਾਂ ਨੂੰ ਹੋਰ ਸੁਚੱਜਾ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।

ਇਸ ਤੋਂ ਇਲਾਵਾ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਮਸਲਾ ਵੀ ਮੀਟਿੰਗ ਵਿੱਚ ਵਿਚਾਰਿਆ ਗਿਆ। ਪੱਤਰਕਾਰਾਂ ਵੱਲੋਂ ਦੱਸਿਆ ਗਿਆ ਕਿ ਰਾਤ ਸਮੇਂ ਗੰਭੀਰ ਐਮਰਜੈਂਸੀ ਦੀ ਸਥਿਤੀ ਵਿੱਚ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਕਈ ਵਾਰ ਮਰੀਜ਼ਾਂ ਦੇ ਪਰਿਵਾਰਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵੱਲ ਜਾਣਾ ਪੈਂਦਾ ਹੈ। ਇਸ ਸਬੰਧੀ ਵੀ ਐਸ.ਐਮ.ਓ. ਬਰਾੜ ਨੇ ਹਸਪਤਾਲ ਦੀਆਂ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਐਸ.ਐਮ.ਓ. ਸੁਖਪ੍ਰੀਤ ਸਿੰਘ ਬਰਾੜ ਨੇ ਪੱਤਰਕਾਰ ਭਾਈਚਾਰੇ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਸਟਾਫ਼ ਲੋਕਾਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹੇਗਾ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ਸਮੇਂ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਹਸਪਤਾਲ ਨਾਲ ਸਬੰਧਤ ਕੋਈ ਸਮੱਸਿਆ ਜਾਂ ਲੋਕਾਂ ਦੀ ਕੋਈ ਸ਼ਿਕਾਇਤ ਮੀਡੀਆ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਇਸ ਬਾਰੇ ਹਸਪਤਾਲ ਪ੍ਰਬੰਧਨ ਨੂੰ ਜ਼ਰੂਰ ਜਾਣੂ ਕਰਵਾਉਣ, ਤਾਂ ਜੋ ਉਸ ਦਾ ਜਲਦ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸਟਾਫ਼, ਪੱਤਰਕਾਰ ਭਾਈਚਾਰੇ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ।ਇਸ ਮੌਕੇ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ, ਡਾਕਟਰ ਹਰਜੋਤ ਕੌਰ ਕੰਬੋਜ ਜਨਰਲ ਸਰਜਨ, ਡਾਕਟਰ ਗੁਰਵਿੰਦਰ ਸਿੰਘ ਬਰਾੜ, ਡਾਕਟਰ ਅਮਰਿੰਦਰ ਸਿੰਘ ਬਾਵਾ, ਵੀਰਪਾਲ ਕੌਰ ਨਰਸਿੰਗ ਸਟਾਫ਼ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।

ਪ੍ਰੈਸ ਕਲੱਬ ਵੱਲੋਂ ਪ੍ਰਧਾਨ ਜਗਰਾਜ ਸਿੰਘ ਗਿੱਲ ਤੋਂ ਇਲਾਵਾ ਸਰਪ੍ਰਸਤ ਪੁਨੀਤ ਗਰੋਵਰ, ਚੇਅਰਮੈਨ ਖੇਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਕੁਲਵੰਤ ਸਿੰਘ ਸੰਧੂ, ਵਾਈਸ ਪ੍ਰਧਾਨ ਡਾਕਟਰ ਰਾਜਦਵਿੰਦਰ ਸਿੰਘ ਗਿੱਲ, ਸਕੱਤਰ ਬਖਸ਼ੀਸ਼ ਕੁਮਾਰ ਬਖਸ਼ੀ, ਜਨਰਲ ਸਕੱਤਰ ਡਾਕਟਰ ਮਹਿੰਦਰ ਸਿੰਘ ਸਹੋਤਾ, ਸਹਿ-ਜਨਰਲ ਸਕੱਤਰ ਡਾਕਟਰ ਗੁਰਦੇਵ ਸਿੰਘ, ਪ੍ਰੈਸ ਸਕੱਤਰ ਵਿਕਾਸ ਗਰੋਵਰ ਤੋਂ ਇਲਾਵਾ ਸਹਾਇਕ ਮੀਤ ਪ੍ਰਧਾਨ ਜੋਗਿੰਦਰਪਾਲ ਮਾਲੜਾ, ਖਜਾਨਚੀ ਰਾਜਿੰਦਰ ਕੁਮਾਰ ਮਨੀ ਅਤੇ ਸਹਾਇਕ ਮੀਤ ਪ੍ਰਧਾਨ ਅਜੇ ਅਰੋੜਾ ਨੇ ਫੋਨ ਰਾਹੀਂ ਮੀਟਿੰਗ ਵਿੱਚ ਹਾਜ਼ਰੀ ਲਵਾਈ।