ਮੋਗਾ

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਵੱਲੋਂ ਮੋਗਾ ਵਿਖੇ “ ਜਨ ਸੁਣਵਾਈ “ 

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਵੱਲੋਂ ਮੋਗਾ ਵਿਖੇ “ ਜਨ ਸੁਣਵਾਈ “ 

ਔਰਤਾਂ ਦੀ ਸੁਰੱਖਿਆ, ਘਰੇਲੂ ਹਿੰਸਾ ਨਾਲ ਸਬੰਧਤ 100 ਤੋਂ ਵਧੇਰੇ ਸ਼ਿਕਾਇਤਾਂ ਸੁਣੀਆਂ -ਪੁਲਿਸ ਨੂੰ ਸ਼ਿਕਾਇਤਾਂ ਉੱਪਰ ਢੁੱਕਵੀਂ ਕਾਰਵਾਈ ਕਰਕੇ ਰਿਪੋਰਟ ਤਿੰਨ ਦਿਨ ਦੇ ਅੰਦਰ ਕਮਿਸ਼ਨ ਨੂੰ ਭੇਜਣ ਦੇ ਆਦੇਸ਼

 

ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਹਿਲਾਵਾਂ ਦੀ ਭਲਾਈ ਨਾਲ ਸਬੰਧਤ ਯੋਜਨਾਵਾਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ 

ਇੱਕ ਮਹੀਨੇ ਅੰਦਰ ਸਾਰੇ ਕੰਮਕਾਜੀ ਸਥਾਨਾਂ ਵਿੱਚ “ ਪੌ਼ਸ਼ ਕਮੇਟੀਆਂ “ ਗਠਿਤ ਕਰਨ ਦੇ ਨਿਰਦੇਸ਼ 

 

ਮੋਗਾ 15 ਜੁਲਾਈ (ਜਗਰਾਜ ਸਿੰਘ ਗਿੱਲ)

ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਾਹਤਕਰ ਵੱਲੋਂ ਅੱਜ ਮੋਗਾ ਵਿਖੇ ਮਹਿਲਾਵਾਂ ਦੀ ਸੁਰੱਖਿਆ, ਸ਼ਿਕਾਇਤ ਨਿਵਾਰਨ, ਲਿੰਗ ਸੰਵੇਦਨਸ਼ੀਲਤਾ ਅਤੇ ਸੰਸਥਾਗਤ ਤਾਲਮੇਲ ਨਾਲ ਸਬੰਧਤ ਮਾਮਲਿਆਂ ਬਾਰੇ “ ਜਨ ਸੁਣਵਾਈ “ ਕੀਤੀ ਗਈ।

ਆਪਣੇ ਪੰਜਾਬ ਦੌਰੇ ਦੇ ਪਹਿਲੇ ਦਿਨ ਚੇਅਰਪਰਸਨ ਵੱਲੋਂ ਮੋਗਾ ਦੇ ਡੀ ਐਮ ਕਾਲਜ ਵਿਖੇ “ ਜਨ ਸੁਣਵਾਈ ਰਾਹੀਂ ਮਹਿਲਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ, ਸੰਸਥਾਗਤ ਸਹਾਇਤਾ ਪ੍ਰਾਪਤ ਕਰਨ ਅਤੇ ਸ਼ਿਕਾਇਤਾਂ ਦਾ ਸਮੇਂ ਸਿਰ ਨਿਵਾਰਨ ਕਰਵਾਉਣ ਲਈ ਮੰਚ ਪ੍ਰਦਾਨ ਕੀਤਾ ਗਿਆ।

 

ਜਨ ਸੁਣਵਾਈ ਦੌਰਾਨ ਚੇਅਰਪਰਸਨ ਵੱਲੋਂ ਮੌਕੇ ‘ਤੇ 100 ਤੋਂ ਵਧੇਰੇ ਸ਼ਿਕਾਇਤਾਂ ਸੁਣੀਆਂ ਅਤੇ ਪੁਲਿਸ ਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹਨਾਂ ਸ਼ਿਕਾਇਤਾਂ ਉੱਪਰ ਢੁੱਕਵੀਂ ਕਾਰਵਾਈ ਕਰਕੇ ਰਿਪੋਰਟ ਤਿੰਨ ਦਿਨ ਦੇ ਅੰਦਰ-ਅੰਦਰ ਕਮਿਸ਼ਨ ਨੂੰ ਭੇਜੀ ਜਾਵੇ।

 

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸ਼ਿਕਾਇਤਾਂ ਘਰੇਲੂ ਹਿੰਸਾ ਨਾਲ ਸਬੰਧਤ ਹੁੰਦੀਆਂ ਹਨ , ਜਿਸ ਸਬੰਧੀ ਕਮਿਸ਼ਨ ਵੱਲੋਂ ਪੁਲਿਸ ਨੂੰ ਹੋਰ ਸੰਜੀਦਾ ਤਰੀਕੇ ਨਾਲ ਜਾਂਚ ਕਰਕੇ ਪੀੜਤ ਮਹਿਲਾਵਾਂ ਨੂੰ ਇਨਸਾਫ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ।

 

ਨਸ਼ੇ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਦੌਰਾਨ ਚੇਅਰਪਰਸਨ ਨੇ ਕਿਹਾ ਕਿ “ ਸਾਡੇ ਸਮਾਜ ਵਿੱਚ ਨਾ ਸਿਰਫ਼ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਉਸ ਵਿਅਕਤੀ ਦੇ ਸਾਰੇ ਪਰਿਵਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਖਾਸ ਕਰਕੇ ਘਰੇਲੂ ਔਰਤਾਂ ਇਸ ਦਾ ਵੱਧ ਸੰਤਾਪ ਭੋਗਦੀਆਂ ਹਨ “।

 

ਉਹਨਾਂ ਕਿਹਾ ਕਿ ਸਾਨੂੰ ਸਭ ਨੂੰ “ਨਸ਼ਿਆਂ ਨੂੰ ਨਾ ਅਤੇ ਜਿੰਦਗ਼ੀ ਨੂੰ ਹਾਂ” ਦੇ ਨਾਅਰੇ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਸਾਡੇ ਆਸ ਪਾਸ ਦੇ ਲੋਕਾਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ।

 

ਉਹਨਾਂ ਦੱਸਿਆ ਕਿ “ ਇਹ ਦੌਰਾ ਰਾਸ਼ਟਰੀ ਮਹਿਲਾ ਆਯੋਗ ਵੱਲੋਂ ਜ਼ਮੀਨੀ ਪੱਧਰ ‘ਤੇ ਪਹੁੰਚ ਨੂੰ ਹੋਰ ਮਜ਼ਬੂਤ ਕਰਨ, ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਅਤੇ ਮਹਿਲਾਵਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਸਸ਼ਕਤੀਕਰਨ ਨਾਲ ਸਬੰਧਤ ਉਪਾਵਾਂ ਨੂੰ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਅਤੇ ਕਮਿਸ਼ਨ ਇਸ ਪ੍ਰਤੀ ਨਿਰੰਤਰ ਵਚਨਬੱਧ ਹੈ।

 

 

ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚੇਅਰਪਰਸਨ ਵੱਲੋਂ ਮਹਿਲਾਵਾਂ ਦੀ ਭਲਾਈ ਨਾਲ ਸਬੰਧਤ ਯੋਜਨਾਵਾਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ । ਉਨ੍ਹਾਂ ਮਨਰੇਗਾ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ, ਬੇਟੀ ਬਚਾਓ, ਬੇਟੀ ਪੜ੍ਹਾਓ, ਸਖੀ ਵਨ ਸਟਾਪ ਸੈਂਟਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ, ਲੜਕੀਆਂ ਦੀ ਸਿੱਖਿਆ ਨਾਲ ਸਬੰਧਤ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ , ਲਖਪਤੀ ਦੀਦੀ ਯੋਜਨਾ ਨੂੰ ਪ੍ਰਮੁੱਖਤਾ ਨਾਲ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ।

 

ਉਨ੍ਹਾਂ ਕਿਹਾ ਕਿ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰੇਕ ਕੰਮਕਾਜ ਵਾਲੀ ਥਾਂ ਜਿੱਥੇ 10 ਤੋਂ ਵੱਧ ਵਿਅਕਤੀ ਕੰਮ ਕਰਦੇ ਹਨ , ਉਥੇ “ ਪੌਸ਼ “ ਕਮੇਟੀਆਂ ਗਠਿਤ ਕੀਤੀਆਂ ਗਈਆਂ ਜਾਣ । ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਸਕੂਲਾਂ , ਹਸਪਤਾਲਾਂ, ਉਦਯੋਗਿਕ ਅਦਾਰਿਆਂ, ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਆਦਿ ਵਿਖੇ ਇੱਕ ਮਹੀਨੇ ਦੇ ਅੰਦਰ ਅੰਦਰ ਪੌਸ਼ ਕਮੇਟੀਆਂ ਬਣਾਈਆਂ ਜਾਣ ਤਾਂ ਜੋ ਮਹਿਲਾਵਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ ।

 

ਉਨ੍ਹਾਂ ਔਰਤਾਂ ਦੀ ਭਲਾਈ ਲਈ ਯੋਜਨਾਵਾਂ ਦੀ ਲਗਾਤਾਰ ਸਮੀਖਿਆ ਦੇ ਵੀ ਹੁਕਮ ਦਿੱਤੇ ਤਾਂ ਜੋ ਯੋਜਨਾ ਦਾ ਲਾਭ ਹਰੇਕ ਯੋਗ ਬਿਨੈਕਾਰ ਮਹਿਲਾ ਤੱਕ ਪਹੁੰਚਾਇਆ ਜਾਣਾ ਯਕੀਨੀ ਬਣਾਇਆ ਜਾ ਸਕੇ ।

 

ਚੇਅਰਪਰਸਨ ਵੱਲੋਂ ਐਸ ਐਫ਼ ਸੀ ਕਾਲਜ ਜਲਾਲਾਬਾਦ ( ਧਰਮਕੋਟ) ਵਿਖੇ”ਨਸ਼ਿਆਂ ਦੀ ਸਮੱਸਿਆ – ਮਹਿਲਾਵਾਂ ‘ਤੇ ਪੈਣ ਵਾਲੇ ਪ੍ਰਭਾਵ ਦੀ ਪੜਤਾਲ” ਵਿਸ਼ੇ ‘ਤੇ ਵਿਸ਼ੇਸ਼ ਸੈਸ਼ਨ ਵਿੱਚ ਵੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਵੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਮੂਹ ਨੇ ਨਸ਼ਿਆਂ ਨੂੰ ਵਿਰੁੱਧ ਲੜਨ ਦਾ ਪ੍ਰਣ ਵੀ ਲਿਆ। ਇਹ ਇਸ ਤੋਂ ਇਲਾਵਾ “ਪੋਸ਼”(ਕੰਮਕਾਜ ਵਾਲੀ ਥਾਂ ‘ਤੇ ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਦੀ ਰੋਕਥਾਮ) ਸਬੰਧੀ ਟ੍ਰੇਨਿੰਗ ਪ੍ਰੋਗਰਾਮ ਵੀ ਕਰਵਾਇਆ ਗਿਆ।

 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ ਜਸਪਿੰਦਰ ਸਿੰਘ ਨੇ ਔਰਤਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਖੀ ਸ਼ਕਤੀ ਮੇਲਾ ਆਦਿ ਬਾਰੇ ਜਾਣਕਾਰੀ ਦਿੱਤੀ ।

 

ਸੀਨੀਅਰ ਕਪਤਾਨ ਪੁਲਿਸ ਸ੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਔਰਤਾਂ ਦੀ ਸਹੂਲੀਅਤ ਲਈ ਹਰੇਕ ਪੁਲਿਸ ਸਟੇਸ਼ਨ ਵਿਖੇ “ ਮਹਿਲਾ ਮਿੱਤਰ “ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਪੁਲਿਸ ਸਟੇਸ਼ਨ ਵਿਖੇ ਮਹਿਲਾਵਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।