ਭਾਸ਼ਾ ਵਿਭਾਗ ਵੱਲੋਂ ਸਮਾਜ ਸੇਵੀ ਰਣਧੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ

ਪਿੰਡ ਚੂਹੜਚੱਕ ਵਿਖੇ ਵਿਅਕਤੀਗਤ ਪੱਧਰ ‘ਤੇ ਚਲਾ ਰਹੇ ਹਨ ਲਾਇਬਰੇਰੀ

ਮੋਗਾ , ਜਗਰਾਜ ਸਿੰਘ ਗਿੱਲ

ਭਾਸ਼ਾ ਵਿਭਾਗ, ਪੰਜਾਬ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਪ੍ਰਮੁੱਖ ਏਜੰਡੇ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਸਾਹਿਤ ਦੇ ਪ੍ਰਸਾਰ ਲਈ ਤਨਦੇਹੀ ਨਾਲ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰ ਰਹੇ ਸਮਾਜ ਸੇਵੀ ਸ. ਰਣਧੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਦੁਆਰਾ ਸਾਹਿਤ ਦੀ ਕੀਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਚੂਹੜਚੱਕ ਦੇ ਵਸਨੀਕ ਸ. ਰਣਧੀਰ ਸਿੰਘ ਢਿੱਲੋਂ ਵਿਅਕਤੀਗਤ ਪੱਧਰ ’ਤੇ ਪਿੰਡ ਵਿਖੇ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਖੂਬਸੂਰਤੀ ਲਈ ਕੀਤੇ ਜਾ ਰਹੇ ਅਣਥੱਕ ਉਪਰਾਲਿਆਂ ਦੇ ਨਾਲ-ਨਾਲ ਵਿਸ਼ੇਸ਼ ਤੌਰ ‘ਤੇ ਇਕ ਲਾਇਬਰੇਰੀ ਦਾ ਸੰਚਾਲਨ ਕਰਦਿਆਂ ਸਾਹਿਤਕ ਸੇਵਾਵਾਂ ਨਿਭਾਅ ਰਹੇ ਹਨ।

ਜੱਦੀ ਘਰ ਨੂੰ ਪੂਰੀ ਤਰ੍ਹਾਂ ਲਾਇਬਰੇਰੀ ਵਿੱਚ ਕੀਤਾ ਤਬਦੀਲ

ਉਨ੍ਹਾਂ ਨੇ ਆਪਣੇ ਜੱਦੀ ਘਰ ਨੂੰ ਪੂਰੀ ਤਰ੍ਹਾਂ ਲਾਇਬਰੇਰੀ ਵਿੱਚ ਤਬਦੀਲ ਕੀਤਾ ਹੋਇਆ ਹੈ। ਇੱਥੇ ਆ ਕੇ ਕੋਈ ਵੀ ਸਾਹਿਤ ਪ੍ਰੇਮੀ ਪੁਸਤਕਾਂ ਪੜ੍ਹ ਸਕਦਾ ਹੈ ਅਤੇ ਪੜ੍ਹਨ ਲਈ ਲਿਜਾ ਸਕਦਾ ਹੈ। ਇਸ ਲਾਇਬਰੇਰੀ ਨੂੰ ਨਿਰੰਤਰ ਨਵਿਆਉਂਦੇ ਰੱਖਣ ਲਈ ਉਹ ਹਮੇਸ਼ਾ ਚੰਗੀਆਂ ਕਿਤਾਬਾਂ ਦੀ ਭਾਲ ਦੇ ਆਹਰ ਵਿੱਚ ਰਹਿੰਦੇ ਹਨ ਅਤੇ ਅਜਿਹੀਆਂ ਕਿਤਾਬਾਂ ਨੂੰ ਖ਼ੁਦ ਖਰੀਦ ਕੇ ਇਸ ਲਾਇਬਰੇਰੀ ਦਾ ਸ਼ਿੰਗਾਰ ਬਣਾਉਂਦੇ ਹਨ।

ਰਣਧੀਰ ਸਿੰਘ ਢਿੱਲੋਂ ਦੀ ਲਾਇਬ੍ਰੇਰੀ ਪਹੁੰਚੇ ਡਾ. ਅਜੀਤਪਾਲ ਜਟਾਣਾ, ਕੀਤੀ ਸ਼ਲਾਘਾ

ਡਾ. ਅਜੀਤਪਾਲ ਜਟਾਣਾ ਦੁਆਰਾ ਸ. ਰਣਧੀਰ ਸਿੰਘ ਢਿੱਲੋਂ ਨਾਲ ਸੰਪਰਕ ਕਰਦਿਆਂ ਵਿਸ਼ੇਸ਼ ਤੌਰ ’ਤੇ ਆਪਣੀ ਟੀਮ ਨਾਲ ਇਸ ਲਾਇਬਰੇਰੀ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੁੱਲਵਾਨ ਨਿਸ਼ਕਾਮ ਸੇਵਾਵਾਂ ਬਦਲੇ ਉਨ੍ਹਾਂ ਦਾ ਲਾਇਬਰੇਰੀ ਵਿਖੇ ਹੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਵੱਲੋਂ ਤਸੱਲੀ ਪ੍ਰਗਟ ਕੀਤੀ ਗਈ ਕਿ ਅੱਜ ਦੇ ਆਧੁਨਿਕ ਤਕਨਾਲੋਜੀ ਦੇ ਦੌਰ ਵਿੱਚ ਜਦੋਂ ਕਿ ਸੋਸ਼ਲ ਮੀਡੀਆ ਦੀ ਚੜ੍ਹਤ ਦੇ ਚੱਲਦਿਆਂ ਅਕਸਰ ਵਿਦਵਾਨਾਂ ਵੱਲੋਂ ਪੁਸਤਕ ਸਭਿਆਚਾਰ ਦੇ ਘਟ ਰਹੇ ਪ੍ਰਚਲਨ ਉੱਪਰ ਚਿੰਤਾ ਵਿਅਕਤ ਕੀਤੀ ਜਾਂਦੀ ਹੈ, ਅਜਿਹੇ ਦੌਰ ਵਿੱਚ ਵੀ ਸ. ਰਣਧੀਰ ਸਿੰਘ ਢਿੱਲੋਂ ਵਰਗੀਆਂ ਸ਼ਖ਼ਸੀਅਤਾਂ ਦੁਆਰਾ ਪੁਸਤਕ ਸਭਿਆਚਾਰ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਆਪਣੇ ਆਪ ਵਿੱਚ ਇਕ ਮਿਸਾਲ ਕਾਇਮ ਕਰਦੇ ਹਨ ਕਿ ਇਹ ਜੋਤ ਸਦਾ ਜਗਦੀ ਰਹੇਗੀ। ਸ. ਰਣਧੀਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਤਾ-ਉਮਰ ਇਹ ਸੇਵਾਵਾਂ ਜਾਰੀ ਰੱਖਣਗੇ ਅਤੇ ਉਨ੍ਹਾਂ ਦੀ ਸਦਾ ਕੋਸ਼ਿਸ਼ ਰਹੇਗੀ ਕਿ ਨਵੀਂ ਪੀੜ੍ਹੀ ਨੂੰ ਪੁਸਤਕ ਸਭਿਆਚਾਰ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਇਸ ਨਾਲ ਜੋੜਿਆ ਜਾਵੇ।

 

Leave a Reply

Your email address will not be published. Required fields are marked *