ਮੋਗਾ 3 ਜੁਲਾਈ (ਜਗਰਾਜ ਸਿੰਘ ਗਿੱਲ)
ਕਾਂਗਰਸ ਪਾਰਟੀ ਦੇ ਆਗੂ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਹੈ ਕਿ ਜੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣਾ ਹੈ ਤਾਂ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਰੀਬ ਤਿੰਨ ਮਹੀਨਿਆਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਅਜਿਹੇ ਲੋਕ-ਹਿੱਤ ਦੇ ਕੰਮ ਕੀਤੇ, ਜੋ ਇੰਨੇ ਘੱਟ ਸਮੇਂ ਵਿੱਚ ਕਰਨਾ ਕਿਸੇ ਵੀ ਮੁੱਖ ਮੰਤਰੀ ਲਈ ਆਸਾਨ ਨਹੀਂ ਸੀ। ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਇਹ ਚਰਚਾ ਹੈ ਕਿ ਜੇ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣੀ ਹੈ ਤਾਂ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਭਾਈ ਪਾਂਧੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਉਹ ਸਵਾਗਤ ਕਰਦੇ ਹਨ ਅਤੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਅਤੇ ਆਮ ਲੋਕਾਂ ਦੀ ਵੱਡੀ ਮੰਗ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਦਾ ਦਾਅਵਾ ਹੈ ਕਿ ਚੰਨੀ ਨੂੰ ਪੰਜਾਬ ਪ੍ਰਧਾਨ ਨਾ ਬਣਾਏ ਜਾਣ ਕਾਰਨ ਕਈ ਵਰਕਰਾਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਨਜ਼ਰਅੰਦਾਜ਼ ਕੀਤਾ ਤਾਂ ਇਸ ਦਾ ਨੁਕਸਾਨ ਪਾਰਟੀ ਨੂੰ ਪੰਜਾਬ ਵਿੱਚ ਭੁਗਤਣਾ ਪੈ ਸਕਦਾ ਹੈ। ਭਾਈ ਪਾਂਧੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲਗਭਗ 70 ਫੀਸਦੀ ਹਲਕਾ ਇੰਚਾਰਜ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਹਨ।
ਅੰਤ ਵਿੱਚ ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਸਰਵੇਖਣ ਕਰਵਾ ਕੇ ਲੋਕਾਂ ਦੀ ਰਾਏ ਜਾਣੀ ਜਾਵੇ। ਉਨ੍ਹਾਂ ਕਿਹਾ ਕਿ ਜੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਤਾਂ ਵੋਟਰਾਂ ਵਿੱਚ ਪੈਦਾ ਹੋਏ ਭਰਮ-ਭੁਲੇਖੇ ਵੀ ਦੂਰ ਹੋਣਗੇ ਅਤੇ ਕਾਂਗਰਸ ਪਾਰਟੀ ਨੂੰ ਇਸ ਦਾ ਸਿਆਸੀ ਲਾਭ ਮਿਲ ਸਕਦਾ ਹੈ।
