ਹਲਕਾ ਧਰਮਕੋਟ ਵਿੱਚ ਸਿੱਧੂ ਦੇ ਘਰ ਵਰਕਰਾਂ ਦਾ ਉਮੜਿਆ ਜਨ ਸੈਲਾਬ, 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਥੇਬੰਦੀ ਦੀਆਂ ਤਿਆਰੀਆਂ ਸ਼ੁਰੂ
ਮੋਗਾ, ਧਰਮਕੋਟ: ਜਗਰਾਜ ਸਿੰਘ ਗਿੱਲ
ਅਕਾਲੀ ਦਲ ਵਾਰਸ ਪੰਜਾਬ ਵੱਲੋਂ ਹਲਕਾ ਧਰਮਕੋਟ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਜਸਵਿੰਦਰ ਸਿੰਘ ਸਿੱਧੂ ਨੇ ਹਲਕੇ ਵਿੱਚ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹਲਕਾ ਇੰਚਾਰਜ ਬਣਨ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇੱਕੋ ਹੱਲੇ ਵਿੱਚ 23 ਸਰਕਲ ਪ੍ਰਧਾਨਾਂ, ਚਾਰ ਬਲਾਕ ਪ੍ਰਧਾਨਾਂ, ਚਾਰ ਕੋਆਰਡੀਨੇਟਰਾਂ ਅਤੇ ਚਾਰ ਬਲਾਕਾਂ ਦੇ ਹੋਰ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਕੇ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਵੱਲ ਕਦਮ ਵਧਾਇਆ ਹੈ।
ਇਸ ਮੌਕੇ ਜਸਵਿੰਦਰ ਸਿੰਘ ਸਿੱਧੂ ਦੇ ਘਰ ਹਲਕਾ ਧਰਮਕੋਟ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਵਰਕਰਾਂ ਦੀ ਵੱਡੀ ਗਿਣਤੀ ਨੇ ਹਲਕੇ ਅੰਦਰ ਪਾਰਟੀ ਦੀਆਂ ਸਰਗਰਮੀਆਂ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਸਿਆਸੀ ਹਲਕਿਆਂ ਵਿੱਚ ਇਸ ਜਥੇਬੰਦਕ ਵਿਸਥਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਜਸਵਿੰਦਰ ਸਿੰਘ ਸਿੱਧੂ ਵੱਲੋਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਅਤੇ ਵਰਕਰਾਂ ਦੇ ਇਕੱਠ ਨੂੰ ਉਨ੍ਹਾਂ ਦੀ ਸਿਆਸੀ ਸਰਗਰਮੀ ਦੇ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
