ਅੰਤਰਰਾਸ਼ਟਰੀ ਪੱਧਰ ’ਤੇ ਚਮਕਾਇਆ ਲੁਧਿਆਣਾ ਅਤੇ ਪੰਜਾਬ ਦਾ ਨਾਮ, ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ
ਲੁਧਿਆਣਾ, ਜਗਰਾਜ ਸਿੰਘ ਗਿੱਲ
ਲੁਧਿਆਣਾ ਜ਼ਿਲ੍ਹੇ ਦੇ ਹੋਣਹਾਰ ਸਾਫਟ ਟੈਨਿਸ ਖਿਡਾਰੀ ਅਰਮਾਨ ਸਿੰਘ ਨੇ ਪੰਜਵੀਂ ਵਰਲਡ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਇਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਇਹ ਵਿਸ਼ਵ ਪੱਧਰੀ ਚੈਂਪੀਅਨਸ਼ਿਪ 26 ਅਕਤੂਬਰ ਤੋਂ 1 ਨਵੰਬਰ 2026 ਤੱਕ ਕਿੰਗਸ਼ਾਨ, ਚੀਨ ਵਿਖੇ ਕਰਵਾਈ ਗਈ।
ਸ੍ਰੀ ਸੁਖਜੀਤ ਸਿੰਘ ਦੇ ਸਪੁੱਤਰ ਅਰਮਾਨ ਸਿੰਘ ਦੀ ਇਸ ਪ੍ਰਾਪਤੀ ਨੂੰ ਉਸ ਦੀ ਸਾਲਾਂ ਦੀ ਮਿਹਨਤ, ਖੇਡ ਪ੍ਰਤੀ ਸਮਰਪਣ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਅਰਮਾਨ ਨੇ ਆਪਣੀ ਪ੍ਰਤਿਭਾ ਅਤੇ ਬਿਹਤਰੀਨ ਖੇਡ ਸਦਕਾ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਅਰਮਾਨ ਸਿੰਘ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ, ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਮੁਕਾਬਲਿਆਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਚੁੱਕਾ ਹੈ। ਉਸ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਕੋਰੀਆ ਕੱਪ-2025 ਅਤੇ ਦੂਜੀ ਏਸ਼ੀਅਨ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ ਦੌਰਾਨ ਟੀਮ ਇਵੈਂਟ ਵਿੱਚ ਸੋਨੇ ਦਾ ਤਮਗਾ ਅਤੇ ਇੰਡਿਵਿਜੁਅਲ ਡਬਲ ਵਿੱਚ ਕਾਂਸੀ ਦਾ ਤਮਗਾ ਜਿੱਤਣਾ ਸ਼ਾਮਲ ਹੈ। ਇਸ ਤੋਂ ਇਲਾਵਾ ਥਾਈਲੈਂਡ ਵਿਖੇ ਹੋਈ ਦੂਜੀ ਏਸ਼ੀਅਨ ਯੂਨੀਵਰਸਿਟੀ ਸਾਫਟ ਟੈਨਿਸ ਚੈਂਪੀਅਨਸ਼ਿਪ ਵਿੱਚ ਵੀ ਉਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਇਸੇ ਤਰ੍ਹਾਂ ਪੋਲੈਂਡ ਕੱਪ-2026 ਦੇ ਮਿਕਸਡ ਡਬਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਨੌਰਥ ਜ਼ੋਨ-2026 ਸ੍ਰੀਨਗਰ ਵਿਖੇ ਸਿੰਗਲ ਅਤੇ ਟੀਮ ਇਵੈਂਟ ਦੋਵਾਂ ਵਿੱਚ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਇਨ੍ਹਾਂ ਪ੍ਰਾਪਤੀਆਂ ਨੇ ਉਸ ਨੂੰ ਭਾਰਤੀ ਸਾਫਟ ਟੈਨਿਸ ਦੇ ਉੱਭਰਦੇ ਹੋਏ ਹੋਣਹਾਰ ਖਿਡਾਰੀਆਂ ਵਿੱਚ ਸ਼ਾਮਲ ਕਰ ਦਿੱਤਾ ਹੈ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦਾ ਹਿੱਸਾ ਬਣਨ ਲਈ ਅਰਮਾਨ ਨੇ ਅਹਿਮਦਾਬਾਦ ਵਿਖੇ ਕਰਵਾਏ ਗਏ ਦੋ ਅਹਿਮ ਚੋਣ ਟ੍ਰਾਇਲ ਸਫਲਤਾਪੂਰਵਕ ਪਾਸ ਕੀਤੇ। ਉਸ ਦੀ ਲਗਾਤਾਰ ਮਿਹਨਤ, ਮਾਤਾ-ਪਿਤਾ ਦੇ ਸਹਿਯੋਗ ਅਤੇ ਕੋਚ ਸਾਹਿਬਾਨ ਦੀ ਯੋਗ ਅਗਵਾਈ ਸਦਕਾ ਉਸ ਨੂੰ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਦਾ ਮਾਣ ਹਾਸਲ ਹੋਇਆ।
ਅਰਮਾਨ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਨਰਿੰਦਰ ਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਨੁਮੀਤ ਹੀਰਾ ਸੋਢੀ ਅਤੇ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸਰਦਾਰ ਸਰਬਜੀਤ ਸਿੰਘ, ਡੀਆਈਜੀ ਕ੍ਰਾਈਮ ਬ੍ਰਾਂਚ, ਪੰਜਾਬ ਨੇ ਵੀ ਉਸ ਦੀ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕਰਦਿਆਂ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਅਰਮਾਨ ਸਿੰਘ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਹੈ। ਉਸ ਦੀ ਇਸ ਅੰਤਰਰਾਸ਼ਟਰੀ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਦੀ ਕਾਮਨਾ ਕੀਤੀ ਗਈ।
ਅਰਮਾਨ ਸਿੰਘ ਦੀ ਇਹ ਪ੍ਰਾਪਤੀ ਉਸ ਦੇ ਪਰਿਵਾਰ ਅਤੇ ਕਾਲਜ ਲਈ ਹੀ ਨਹੀਂ, ਸਗੋਂ ਸਮੁੱਚੇ ਲੁਧਿਆਣਾ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਸ ਦੀ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਅਤੇ ਸਹੀ ਮਾਰਗਦਰਸ਼ਨ ਨਾਲ ਨੌਜਵਾਨ ਖਿਡਾਰੀ ਵਿਸ਼ਵ ਪੱਧਰ ’ਤੇ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ। ਉਮੀਦ ਹੈ ਕਿ ਅਰਮਾਨ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਲਈ ਹੋਰ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰੇਗਾ।
