Moga

30 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹੋਵੇਗਾ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ

30 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹੋਵੇਗਾ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ

ਆਪਦਾ ਪ੍ਰਬੰਧਨ ਸਬੰਧੀ ਫੈਲਾਈ ਜਾਵੇਗੀ ਜਾਗਰੂਕਤਾ

 

ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਕਾਰਜ ਅਫ਼ਸਰ (ਸ਼ਹਿਰੀ ਵਿਕਾਸ) ਹਰਸ਼ਿਤਾ ਸ਼ਰਮਾ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

 

ਮੋਗਾ, 28 ਸਤੰਬਰ (ਜਗਰਾਜ ਸਿੰਘ ਗਿੱਲ)

ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.), ਮੋਗਾ ਵੱਲੋਂ ਨੈਸਲੇ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ 30 ਸਤੰਬਰ 2026 ਨੂੰ ਸ਼ਾਮ 5 ਵਜੇ ਸ਼ਹੀਦ ਭਗਤ ਸਿੰਘ ਪਾਰਕ, ਵਾਰਡ ਨੰਬਰ 44, ਮੋਗਾ ਵਿਖੇ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਆਫ਼ਤਾਂ ਨਾਲ ਨਜਿੱਠਣ ਦੀ ਤਿਆਰੀ, ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਪ੍ਰਤੀਕਿਰਿਆ ਅਤੇ ਸੁਰੱਖਿਆ ਦੇ ਵੱਖ-ਵੱਖ ਉਪਾਵਾਂ ਬਾਰੇ ਜਾਗਰੂਕ ਕਰਨਾ ਹੈ।

ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਕਾਰਜ ਅਫ਼ਸਰ (ਸ਼ਹਿਰੀ ਵਿਕਾਸ) ਮਿਸ ਹਰਸ਼ਿਤਾ ਸ਼ਰਮਾ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਾਰਡ ਮੈਂਬਰਾਂ, ਕਮਿਊਨਿਟੀ ਦੇ ਪ੍ਰਮੁੱਖ ਵਿਅਕਤੀਆਂ, ਆਪਦਾ ਮਿੱਤਰਾਂ, ਕਮਿਊਨਿਟੀ ਵਲੰਟੀਅਰਾਂ, ਗੈਰ-ਸਰਕਾਰੀ ਸੰਸਥਾਵਾਂ (ਐੱਨ.ਜੀ.ਓਜ਼.), ਨੇਸਲੇ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

 

ਮੀਟਿੰਗ ਦੌਰਾਨ ਮਿਸ ਹਰਸ਼ਿਤਾ ਸ਼ਰਮਾ ਨੇ ਪ੍ਰੋਗਰਾਮ ਦੀ ਰੂਪ-ਰੇਖਾ, ਲੋਕਾਂ ਦੀ ਸ਼ਮੂਲੀਅਤ, ਸੁਰੱਖਿਆ ਪ੍ਰਬੰਧਾਂ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਆਫ਼ਤਾਂ ਤੋਂ ਪਹਿਲਾਂ ਦੀ ਤਿਆਰੀ, ਆਫ਼ਤ ਸਮੇਂ ਕੀਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਪ੍ਰਾਪਤ ਕਰਨ ਦੇ ਢੰਗਾਂ ਬਾਰੇ ਵਿਹਾਰਕ ਜਾਣਕਾਰੀ ਮੁਹੱਈਆ ਕਰਵਾਈ ਜਾਵੇ।

 

ਮਿਸ ਹਰਸ਼ਿਤਾ ਸ਼ਰਮਾ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਵਿੱਚ ਜਾਗਰੂਕਤਾ ਅਤੇ ਸਮੇਂ ਸਿਰ ਤਿਆਰੀ ਨਾਲ ਜਾਨੀ ਅਤੇ ਮਾਲੀ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਪੱਧਰ ’ਤੇ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਆਪਦਾ ਮਿੱਤਰਾਂ, ਕਮਿਊਨਿਟੀ ਵਲੰਟੀਅਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ।

 

ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਆਪਦਾ ਪ੍ਰਬੰਧਨ, ਐਮਰਜੈਂਸੀ ਰਿਸਪਾਂਸ, ਅੱਗ ਲੱਗਣ ਦੀ ਸਥਿਤੀ ਵਿੱਚ ਸੁਰੱਖਿਆ ਉਪਾਵਾਂ, ਮੁੱਢਲੀ ਸਹਾਇਤਾ ਅਤੇ ਹੋਰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਸਬੰਧੀ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਮਿਊਨਿਟੀ ਮੈਂਬਰਾਂ ਨੂੰ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਅਤੇ ਸਬੰਧਤ ਐਮਰਜੈਂਸੀ ਸੇਵਾਵਾਂ ਨਾਲ ਤਾਲਮੇਲ ਕਰਨ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪਦਾ ਮਿੱਤਰ ਅਤੇ ਕਮਿਊਨਿਟੀ ਵਲੰਟੀਅਰ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚਕਾਰ ਮਹੱਤਵਪੂਰਨ ਕੜੀ ਵਜੋਂ ਭੂਮਿਕਾ ਨਿਭਾ ਸਕਦੇ ਹਨ।

ਅੰਤ ਵਿੱਚ ਉਨ੍ਹਾਂ ਨੇ ਸਮੂਹ ਸਬੰਧਤ ਧਿਰਾਂ ਨੂੰ 30 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹੋਣ ਵਾਲੇ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕੀਤੀ।