Moga

ਖੋਸਾ ਰਣਧੀਰ ਵਿਖੇ ਪਿੰਡ ਵਾਸੀਆਂ ਨੂੰ 10 ਲੱਖ ਰੁਪਏ ਦੇ ਸਿਹਤ ਬੀਮਾ ਕਾਰਡ ਵੰਡੇ

ਖੋਸਾ ਰਣਧੀਰ ਵਿਖੇ ਪਿੰਡ ਵਾਸੀਆਂ ਨੂੰ 10 ਲੱਖ ਰੁਪਏ ਦੇ ਸਿਹਤ ਬੀਮਾ ਕਾਰਡ ਵੰਡੇ

ਮੋਗਾ ਜਗਰਾਜ ਸਿੰਘ ਗਿੱਲ

ਖੋਸਾ ਰਣਧੀਰ ਵਿਖੇ ਗ੍ਰਾਮ ਪੰਚਾਇਤ ਦੇ ਦਫ਼ਤਰ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਸਿਹਤ ਬੀਮਾ ਕਾਰਡ ਵੰਡੇ ਗਏ। ਇਸ ਮੌਕੇ ਪਿੰਡ ਵਾਸੀਆਂ ਨੂੰ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਸਿਹਤ ਬੀਮਾ ਕਾਰਡ ਸੌਂਪੇ ਗਏ। ਕਾਰਡ ਮਿਲਣ ’ਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਗਈ। ਪ੍ਰੈੱਸ ਨਾਲ ਸਾਂਝੇ ਬਿਆਨ ਰਾਹੀਂ ਗੱਲਬਾਤ ਕਰਦਿਆਂ ਸਰਪੰਚ ਰਮਨਦੀਪ ਸਿੰਘ ਰਿੰਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਕਾਰਡ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ ਅਤੇ ਲੋੜ ਪੈਣ ’ਤੇ ਪਰਿਵਾਰਾਂ ਨੂੰ ਇਲਾਜ ਦੇ ਖਰਚੇ ਸਬੰਧੀ ਵੱਡੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਰਹਿਨੁਮਾਈ ਹੇਠ ਪਿੰਡਾਂ ਵਿੱਚ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਯੋਗ ਪਰਿਵਾਰ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ ਅਤੇ ਪਿੰਡ ਪੱਧਰ ’ਤੇ ਹੀ ਲੋਕਾਂ ਨੂੰ ਸਕੀਮਾਂ ਸਬੰਧੀ ਜਾਣਕਾਰੀ ਅਤੇ ਸਹੂਲਤ ਮੁਹੱਈਆ ਕਰਵਾਈ ਜਾਵੇ। ਸਰਪੰਚ ਰਮਨਦੀਪ ਸਿੰਘ ਰਿੰਪੀ ਨੇ ਕਿਹਾ ਕਿ ਸਿਹਤ ਸਬੰਧੀ ਅਚਾਨਕ ਆਉਣ ਵਾਲੇ ਖਰਚੇ ਆਮ ਪਰਿਵਾਰਾਂ ਲਈ ਚਿੰਤਾ ਦਾ ਕਾਰਨ ਬਣਦੇ ਹਨ। ਅਜਿਹੇ ਵਿੱਚ ਸਿਹਤ ਬੀਮਾ ਕਾਰਡ ਲੋਕਾਂ ਨੂੰ ਇਲਾਜ ਕਰਵਾਉਣ ਵਿੱਚ ਆਰਥਿਕ ਸਹਾਇਤਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਮੌਕੇ ਗੁਰਮੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਮੰਦਰ ਸਿੰਘ ਪੰਚਾਇਤ ਮੈਂਬਰ, ਲਖਬੀਰ ਸਿੰਘ ਪੰਚਾਇਤ ਮੈਂਬਰ, ਗੁਰਤੇਜ ਸਿੰਘ ਪੰਚਾਇਤ ਮੈਂਬਰ, ਸਾਧੂ ਸਿੰਘ ਪੰਚਾਇਤ ਮੈਂਬਰ, ਲਖਵੀਰ ਸਿੰਘ ਲੱਖਾ ਪੰਚਾਇਤ ਮੈਂਬਰ, ਏਐਨਐਮ ਅਮਨ, ਆਸ਼ਾ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਹੋਰ ਮੋਹਤਬਰ ਪਤਵੰਤੇ ਹਾਜ਼ਰ ਸਨ ।