ਚੋਣਾਂ

ਮੱਖਣ ਬਰਾੜ ਦੀ ਅਗਵਾਈ ਹੇਠ ਹੋਏ ਵੱਡੇ ਇਕੱਠ ਤੋਂ ਸੁਖਬੀਰ ਬਾਦਲ ਖੁਸ਼

ਮੱਖਣ ਬਰਾੜ ਦੀ ਅਗਵਾਈ ਹੇਠ ਹੋਏ ਵੱਡੇ ਇਕੱਠ ਤੋਂ ਸੁਖਬੀਰ ਬਾਦਲ ਖੁਸ਼

ਪੰਜਾਬ ਬਚਾਓ ਰੈਲੀ ਵਿੱਚ ਧਰਮਕੋਟ ਤੋਂ ਗੂੰਜਿਆ ਅਕਾਲੀ ਦਲ ਦਾ ਸਿਆਸੀ ਸੰਦੇਸ਼

10 ਸਤੰਬਰ (ਜਗਰਾਜ ਸਿੰਘ ਗਿੱਲ)

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਭਰ ਵਿੱਚ ਸ਼ੁਰੂ ਕੀਤੀਆਂ ਗਈਆਂ ਪੰਜਾਬ ਬਚਾਓ ਰੈਲੀਆਂ ਦੀ ਲੜੀ ਤਹਿਤ ਅੱਜ ਹਲਕਾ ਧਰਮਕੋਟ  ਵਿਖੇ ਵਿਸ਼ਾਲ ਰੈਲੀ ਕਰਵਾਈ ਗਈ। ਇਹ ਰੈਲੀ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ ਹੋਈ। ਰੈਲੀ ਵਿੱਚ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਪਹੁੰਚੇ। ਦਾਣਾ ਮੰਡੀ ਵਿੱਚ ਹੋਏ ਇਸ ਇਕੱਠ ਦੌਰਾਨ ਪਾਰਟੀ ਦੀ ਜਥੇਬੰਧਕ ਤਾਕਤ ਅਤੇ ਵਰਕਰਾਂ ਦੇ ਉਤਸ਼ਾਹ ਦਾ ਪ੍ਰਗਟਾਵਾ ਹੋਇਆ।

ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੇ ਪਿਤਾ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਹਲਕਾ ਧਰਮਕੋਟ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨੇ ਆਪਣੇ ਸਿਆਸੀ ਜੀਵਨ ਦੌਰਾਨ ਇਲਾਕੇ ਦੇ ਵਿਕਾਸ ਨੂੰ ਹਮੇਸ਼ਾ ਤਰਜੀਹ ਦਿੱਤੀ ਅਤੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਵੱਡੇ ਪ੍ਰੋਜੈਕਟ ਸ਼ੁਰੂ ਕਰਵਾਏ। ਉਨ੍ਹਾਂ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਵਿਕਾਸ ਪੱਖੀ ਸੋਚ ਨੂੰ ਅੱਗੇ ਵਧਾਉਣ ਦੀ ਬਜਾਏ ਕਈ ਅਧੂਰੇ ਕੰਮਾਂ ਨੂੰ ਪੂਰਾ ਨਹੀਂ ਹੋਣ ਦਿੱਤਾ।

 

ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਅੱਜ ਹਲਕਾ ਧਰਮਕੋਟ ਦੀ ਮੁੱਖ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਅਤੇ ਜਥੇਦਾਰ ਤੋਤਾ ਸਿੰਘ ਵੱਲੋਂ ਸ਼ੁਰੂ ਕਰਵਾਏ ਗਏ ਜਿਹੜੇ ਕੰਮ ਅਧੂਰੇ ਰਹਿ ਗਏ ਹਨ ਉਨ੍ਹਾਂ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅੱਗੇ ਭਿੰਡਰਕਲਾਂ ਵਿਖੇ ਕਾਲਜ ਖੋਲ੍ਹਣ ਦੀ ਮੰਗ ਵੀ ਰੱਖੀ। ਇਸ ਤੋਂ ਇਲਾਵਾ ਉਨ੍ਹਾਂ ਲੋਹਾਰਾ ਚੌਂਕ ਤੋਂ ਮੱਖੂ ਤੱਕ ਲਗਭਗ 50 ਕਿਲੋਮੀਟਰ ਸੜਕ ਨੂੰ ਚਾਰ ਮਾਰਗੀ ਕਰਨ ਦੀ ਮੰਗ ਵੀ ਰੱਖੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਇਨ੍ਹਾਂ ਮੰਗਾਂ ਨੂੰ ਲੈ ਕੇ ਆਸ ਬਣੀ ਹੋਈ ਹੈ ਅਤੇ ਅਕਾਲੀ ਸਰਕਾਰ ਬਣਨ ਉਪਰੰਤ ਇਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ।

 

ਮੱਖਣ ਬਰਾੜ ਵੱਲੋਂ ਕਰਵਾਏ ਗਏ ਵੱਡੇ ਇਕੱਠ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪ੍ਰਭਾਵਿਤ ਨਜ਼ਰ ਆਏ। ਉਨ੍ਹਾਂ ਮੱਖਣ ਬਰਾੜ ਅਤੇ ਸਮੁੱਚੀ ਜਥੇਬੰਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਜਥੇਦਾਰ ਤੋਤਾ ਸਿੰਘ ਦੀ ਪ੍ਰੇਰਨਾ ਨਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਇਸ ਪਰਿਵਾਰ ਵੱਲੋਂ ਉਨ੍ਹਾਂ ਨੂੰ ਹਮੇਸ਼ਾ ਸਹਿਯੋਗ ਮਿਲਿਆ ਹੈ।

 

ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਜਥੇਦਾਰ ਤੋਤਾ ਸਿੰਘ ਨੇ ਸਾਰੀ ਜ਼ਿੰਦਗੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਉਸੇ ਤਰ੍ਹਾਂ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਰੀ ਜ਼ਿੰਦਗੀ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਉਹ ਹਲਕੇ ਵਿੱਚ ਪਾਰਟੀ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਲਗਾਤਾਰ ਕੰਮ ਕਰਦੇ ਰਹਿਣਗੇ।

 

ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਸਮੇਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਤਰਾਹ ਤਰਾਹ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਪੰਜਾਬੀਆਂ ਨੂੰ ਦਿਲ ਖੋਲ੍ਹ ਕੇ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਸੂਬੇ ਦੇ ਵਿਕਾਸ ਨੂੰ ਮੁੜ ਗਤੀ ਦਿੱਤੀ ਜਾਵੇਗੀ।

ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਾਰਟੀ ਨੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਵੱਖ ਵੱਖ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਪਰਖ ਚੁੱਕੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਕੋਲ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਦਾ ਮੌਕਾ ਹੋਵੇਗਾ। ਉਨ੍ਹਾਂ ਅਕਾਲੀ ਵਰਕਰਾਂ ਨੂੰ ਪਿੰਡ ਪੱਧਰ ਤੱਕ ਲੋਕਾਂ ਨਾਲ ਸੰਪਰਕ ਵਧਾਉਣ ਦੀ ਅਪੀਲ ਵੀ ਕੀਤੀ।

 

ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕ ਕਿਸੇ ਉਮੀਦਵਾਰ ਜਾਂ ਪਾਰਟੀ ਨੂੰ ਵੋਟ ਪਾਉਂਦੇ ਹਨ ਤਾਂ ਉਸ ਦਾ ਸਿਆਸੀ ਪਿਛੋਕੜ ਜ਼ਰੂਰ ਦੇਖਣਾ ਚਾਹੀਦਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਜੀਵਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿੰਡ ਦੀ ਸਰਪੰਚੀ ਤੋਂ ਆਪਣੀ ਸਿਆਸੀ ਯਾਤਰਾ ਸ਼ੁਰੂ ਕਰਕੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਨੇ ਵੱਖ ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਅਤੇ ਪੰਜਾਬੀਆਂ ਦੇ ਹੱਕਾਂ ਲਈ ਜੇਲ੍ਹਾਂ ਵੀ ਕੱਟੀਆਂ।

 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਜਿਹੜੇ ਵੱਡੇ ਵਿਕਾਸ ਕਾਰਜ ਨਜ਼ਰ ਆਉਂਦੇ ਹਨ ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਾਰੀਆਂ ਪਾਰਟੀਆਂ ਨੂੰ ਪਰਖ ਚੁੱਕੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜਿਸ ਪਾਰਟੀ ਨੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਦਾ ਇਤਿਹਾਸ ਸਿਰਜਿਆ ਹੈ ਉਸ ਨੂੰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਮੌਕਾ ਦਿੱਤਾ ਜਾਵੇ।

ਰੈਲੀ ਦੌਰਾਨ ਮੰਚ ’ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਤੀਰਥ ਸਿੰਘ ਮਾਹਲਾ, ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਧਾਨ, ਬੂਟਾ ਸਿੰਘ ਦੌਲਤਪੁਰਾ, ਸੰਜੀਤ ਸਿੰਘ ਸਣੀ ਹਲਕਾ ਇੰਚਾਰਜ ਮੋਗਾ, ਖਣਮੁਖ ਭਾਰਤੀ ਪਤੋ ,ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜੀਰਾ, ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਰਜਿੰਦਰ ਸਿੰਘ ਡੱਲਾ ਮੈਂਬਰ ਪੀਏਸੀ ਅਕਾਲੀ ਦਲ, ਗੁਰਜੰਟ ਸਿੰਘ ਰਾਮੂਵਾਲਾ, ਸੁਖਵਿੰਦਰ ਸਿੰਘ ਦਾਤੇਵਾਲ, ਜੋਗਿੰਦਰ ਸਿੰਘ ਪੱਪੂ ਕਾਨੇਵਾਲਾ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਨਿਹਾਲ ਸਿੰਘ ਵਾਲਾ,ਗੁਰਮੇਲ ਸਿੰਘ ਸਿੱਧੂ ਸਰਕਲ ਪ੍ਰਧਾਨ ,ਹਰਮਨ ਸਿੰਘ ਦੀਦਾਰੇ ਵਾਲਾ ਯੂਥ ਅਕਾਲੀ ਆਗੂ, ਸੁਖਦੇਵ ਸਿੰਘ ਫੌਜੀ ਸਰਕਲ ਪ੍ਰਧਾਨ, ਨੰਬਰਦਾਰ ਬਲਜੀਤ ਸਿੰਘ ਕੰਗ, ਚਰਨਜੀਤ ਸਿੰਘ ਡਾਲਾ, ਗੁਰਮੀਤ ਸਿੰਘ ਗਗੜਾ, ਸੁਰਜੀਤ ਸਿੰਘ ਲੋਹਾਰਾ ਪ੍ਰਧਾਨ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ,ਮਨਫੂਰ ਸਿੰਘ ਲਾਡੀ ਮਸਤੇਵਾਲਾ ,ਸਰਕਲ ਪ੍ਰਧਾਨ ਨਿਸ਼ਾਨ ਸਿੰਘ ਮੂਸੇ ਵਾਲਾ ਅਤੇ ਚਿਤਵੀਰ ਸਿੰਘ ਜੀਰਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਫਿਰੋਜ਼ਪੁਰ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।