ਚੰਡੀਗੜ੍ਹ

ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੰਭਾਵੀ ਅੱਤਵਾਦੀ ਸਾਜ਼ਿਸ਼ ਹੋਈ ਨਾਕਾਮ; ਆਈ.ਈ.ਡੀ., ਗਲੌਕ ਪਿਸਤੌਲ ਬਰਾਮਦ

ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੰਭਾਵੀ ਅੱਤਵਾਦੀ ਸਾਜ਼ਿਸ਼ ਹੋਈ ਨਾਕਾਮ; ਆਈ.ਈ.ਡੀ., ਗਲੌਕ ਪਿਸਤੌਲ ਬਰਾਮਦ

ਯੂਕੇ ਅਧਾਰਤ ਮਾਸਟਰਮਾਈਂਡ ਇਕਬਾਲ ਉਰਫ਼ ਰਵੀ ਧਾਲੀਵਾਲ ਦੇ ਇਸ਼ਾਰੇ ’ਤੇ ਕੰਮ ਕਰਦੇ ਸਨ ਗ੍ਰਿਫਤਾਰ ਕੀਤੇ ਮੁਲਜ਼ਮ: ਡੀਜੀਪੀ ਗੌਰਵ ਯਾਦਵ

ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਰੇਲਗੱਡੀ ਵਿੱਚ ਲਗਾਇਆ ਜਾਣਾ ਸੀ ਬਰਾਮਦ ਕੀਤਾ ਆਈ.ਈ.ਡੀ. : ਆਈਜੀਪੀ ਫ਼ਰੀਦਕੋਟ ਰੇਂਜ ਨੀਲਾਂਬਰੀ ਜਗਦਲੇ

ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਐਸਐਸਪੀ ਮੋਗਾ ਸਰਤਾਜ ਸਿੰਘ ਚਾਹਲ

 

ਚੰਡੀਗੜ੍ਹ/ਮੋਗਾ, 21 ਜੁਲਾਈ:(ਜਗਰਾਜ ਸਿੰਘ ਗਿੱਲ)

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਮੋਗਾ ਪੁਲਿਸ ਨੇ ਪੁਲਿਸ ਥਾਣਾ ਸਦਰ ਮੋਗਾ ਵਿਖੇ ਹੋਏ ਘੱਟ ਤੀਬਰਤਾ ਵਾਲੇ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਮੁੱਖ ਦੋਸ਼ੀਆਂ ਸਮੇਤ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸੰਭਾਵੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

 

ਪੁਲਿਸ ਨੇ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੇ ਨਾਲ-ਨਾਲ ਵਿਸਫੋਟਕ ਸਮੱਗਰੀ ਅਤੇ ਇਲੈਕਟ੍ਰਾਨਿਕ ਡੈਟੋਨੇਟਰ, ਇੱਕ 9 ਐਮਐਮ ਗਲੌਕ ਪਿਸਤੌਲ ਸਮੇਤ ਮੈਗਜ਼ੀਨ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਲਈ ਵਰਤੀ ਗਈ ਸਪਲੈਂਡਰ ਮੋਟਰਸਾਈਕਲ (ਪੀਬੀ-03-ਏਐਚ-3088) ਨੂੰ ਵੀ ਜ਼ਬਤ ਕੀਤਾ ਗਿਆ ਹੈ।

 

ਜਾਣਕਾਰੀ ਅਨੁਸਾਰ 8 ਜੁਲਾਈ, 2026 ਨੂੰ ਸਵੇਰੇ 3.15 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਥਾਣਾ ਸਦਰ, ਮੋਗਾ ਦੀ ਇਮਾਰਤ ’ਤੇ ਇੱਕ ਘੱਟ ਤੀਬਰਤਾ ਵਾਲਾ ਗ੍ਰਨੇਡ ਸੁੱਟਿਆ ਗਿਆ ਸੀ।

 

ਉਨ੍ਹਾਂ ਦੱਸਿਆ ਕਿ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਗਗਨ ਉਰਫ ਕਾਲੀ ਵਾਸੀ ਢੇਰੂ, ਫਿਰੋਜ਼ਪੁਰ, ਰਾਜੇਸ਼ ਉਰਫ ਖੰਨਾ ਵਾਸੀ ਲਾਲ ਕੁੜਤੀ ਕੈਂਟ ਫਿਰੋਜ਼ਪੁਰ ਅਤੇ ਸ਼ੁਭਮ ਉਰਫ ਭਿੰਡਰ ਵਾਸੀ ਕੋਤਵਾਲ, ਫਿਰੋਜ਼ਪੁਰ ਵਜੋਂ ਹੋਈ ਹੈ।

 

ਗ੍ਰਿਫਤਾਰ ਕੀਤੇ ਗਏ ਬਾਕੀ ਮੁਲਜ਼ਮ-ਜੋ ਲੌਜਿਸਟਿਕਸ, ਨੈੱਟਵਰਕ ਵਿਸਤਾਰ ਅਤੇ ਕਾਰਕੁੰਨਾਂ ਨੂੰ ਪਨਾਹ ਦੇਣ ਵਿੱਚ ਸਹਾਇਤਾ ਕਰਦੇ ਸਨ- ਦੀ ਪਛਾਣ ਲਾਜਰ ਉਰਫ਼ ਅਮਨ ਅਤੇ ਉਸਦੀ ਪਤਨੀ ਪਰਵੀਨ ਕੌਰ ਦੋਵੇਂ ਵਾਸੀ ਸੀਆ ਪਾੜੀ, ਫਿਰੋਜ਼ਪੋਰ; ਸਵਰਨ ਅਤੇ ਗੋਬਿੰਦ ਵਾਸੀ ਕੋਤਵਾਲ, ਫਿਰੋਜ਼ਪੁਰ; ਸਾਗਰ ਅਤੇ ਜੌਨ ਦੋਵੇਂ ਵਾਸੀ ਲਾਲ ਕੁੜਤੀ ਕੈਂਟ, ਫਿਰੋਜਪੁਰ; ਰੂਥ, ਰਾਜ ਅਤੇ ਸਰਬਜੀਤ ਕੌਰ ਵਾਸੀ ਤਲਵੰਡੀ ਨੇਪਾਲਾ, ਫਿਰੋਜ਼ਪੁਰ; ਗੁਰਪ੍ਰੀਤ ਸਿੰਘ, ਰਾਹੁਲ ਅਤੇ ਕਰਨਦੀਪ ਸਿੰਘ ਵਾਸੀ ਅਜੀਤਵਾਲ,ਮੋਗਾ; ਲਵਪ੍ਰੀਤ ਵਾਸੀ ਢੇਰੂ, ਫਿਰੋਜ਼ਪੁਰ ਅਤੇ ਸੁਖਵਿੰਦਰ ਕੌਰ ਵਾਸੀ ਸ਼ੇਰਖਾਂ, ਫਿਰੋਜ਼ਪੁਰ, ਵਜੋਂ ਹੋਈ ਹੈ।

 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਕਬਾਲ ਸਿੰਘ ਉਰਫ਼ ਰਵੀ ਧਾਲੀਵਾਲ, ਜੋ ਇਸ ਸਮੇਂ ਯੂਕੇ ਵਿੱਚ ਰਹਿੰਦਾ ਹੈ ਅਤੇ ਕਥਿਤ ਤੌਰ ’ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ, ਇਸ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਘਾੜਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਨਿਰਦੇਸ਼ਾਂ ’ਤੇ, ਮੁਲਜ਼ਮਾਂ ਨੇ ਪੁਲਿਸ ਥਾਣਾ ਸਦਰ ਮੋਗਾ ’ਤੇ ਗ੍ਰਨੇਡ ਹਮਲਾ ਕੀਤਾ ਅਤੇ ਹੁਣ ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਰੇਲਗੱਡੀ ਵਿੱਚ ਆਈ.ਈ.ਡੀ. ਲਗਾਉਣ ਦੀ ਯੋਜਨਾ ਬਣਾ ਰਹੇ ਸਨ।

 

ਡੀਜੀਪੀ ਨੇ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਵਿੱਚ ਸ਼ਾਮਲ ਸਾਰੇ ਕਾਰਕੁੰਨਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

 

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ, ਅਪਰਾਧੀਆਂ ਦਾ ਪਤਾ ਲਗਾਉਣ ਲਈ ਕਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

 

ਉਨ੍ਹਾਂ ਕਿਹਾ ਕਿ ਤਕਨੀਕੀ ਅਤੇ ਮਨੁੱਖੀ-ਖੁਫੀਆ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਕਿ ਗਗਨ ਉਰਫ਼ ਕਾਲੀ ਨੇ ਰਾਜੇਸ਼ ਉਰਫ਼ ਖੰਨਾ ਅਤੇ ਸ਼ੁਭਮ ਭਿੰਡਰ ਦੇ ਨਾਲ ਮਿਲ ਕੇ ਪੁਲਿਸ ਥਾਣਾ ਸਦਰ ਮੋਗਾ ’ਤੇ ਗ੍ਰਨੇਡ ਹਮਲੇ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕਿਹਾ ਅਗਲੇਰੀ ਜਾਂਚ ਦੌਰਾਨ, ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਨਾਲ ਉਨ੍ਹਾਂ ਦੇ ਸਾਥੀਆਂ ਲਾਜਰ ਉਰਫ਼ ਅਮਨ ਅਤੇ ਉਸਦੀ ਪਤਨੀ ਪਰਵੀਨ ਕੌਰ ਦੀ ਗ੍ਰਿਫਤਾਰੀ ਵੀ ਸੰਭਵ ਹੋਈ। ਜ਼ਿਕਰਯੋਗ ਹੈ ਕਿ ਲਾਜਰ ਅਤੇ ਉਸਦੀ ਪਤਨੀ ਯੂਕੇ-ਅਧਾਰਤ ਇਕਬਾਲ ਉਰਫ਼ ਰਵੀ ਧਾਲੀਵਾਲ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਹੋਰ ਕਾਰਕੁੰਨਾਂ ਦਾ ਪ੍ਰਬੰਧ ਕਰਨ ਵਿੱਚ ਉਸਦੀ ਮਦਦ ਕਰ ਰਹੇ ਸਨ।

 

ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਮੋਗਾ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਦੋਸ਼ੀ ਲਾਜਰ ਤੋਂ ਹੋਰ ਪੁੱਛਗਿੱਛ ਕਰਨ ’ਤੇ ਬਾਕੀ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਮਾਡਿਊਲ ਦੇ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ ਅਤੇ ਪਨਾਹ ਦਿੰਦੇ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

 

ਇਸ ਸਬੰਧ ਵਿੱਚ ਐਫਆਈਆਰ ਨੰਬਰ 126 ਮਿਤੀ 08.07.2026 ਨੂੰ ਬੀਐਨਐਸ ਦੀਆਂ ਸਬੰਧਤ ਧਾਰਾਵਾਂ, ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3 ਅਤੇ 6 ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਥਾਮ ਐਕਟ ਦੀ ਧਾਰਾ 4 ਤਹਿਤ ਪੁਲਿਸ ਥਾਣਾ ਸਦਰ, ਮੋਗਾ ਵਿਖੇ ਕੇਸ ਦਰਜ ਕੀਤਾ ਗਿਆ ਸੀ, ਜਦੋਂ ਕਿ ਬੀਐਨਐਸ ਦੀਆਂ ਧਾਰਾਵਾਂ 109, 111 ਅਤੇ 113, ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਵਾਂ 16, 17, 18, 20, 38 ਅਤੇ 39 ਵੀ ਲਗਾਈਆਂ ਗਈਆਂ ਹਨ।