ਮੋਗਾ

ਮਾਤਾ ਦਲੀਪ ਕੌਰ ਦੀ ਅੰਤਿਮ ਅਰਦਾਸ ਮੌਕੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ

ਮਾਤਾ ਦਲੀਪ ਕੌਰ ਦੀ ਅੰਤਿਮ ਅਰਦਾਸ ਮੌਕੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ

ਵੱਡੇ ਇਕੱਠ ਨੇ ਮਾਤਾ ਦਲੀਪ ਕੌਰ ਪ੍ਰਤੀ ਲੋਕਾਂ ਦੇ ਪਿਆਰ ਅਤੇ ਸਤਿਕਾਰ ਦੀ ਦਿੱਤੀ ਗਵਾਹੀ

ਮੋਗਾ 5 ਜੁਲਾਈ, ਐਤਵਾਰ (ਜਗਰਾਜ ਸਿੰਘ ਗਿੱਲ)

ਪਿੰਡ ਲੋਹਾਰਾ ਦੇ ਸਾਬਕਾ ਸਰਪੰਚ ਸਵਰਗਵਾਸੀ ਸਰਦਾਰ ਰਤਨ ਸਿੰਘ ਗਿੱਲ ਜੀ ਦੇ ਧਰਮਪਤਨੀ ਸਤਿਕਾਰਯੋਗ ਮਾਤਾ ਦਲੀਪ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਸਨੇਹੀਆਂ, ਪਿੰਡ ਵਾਸੀਆਂ ਅਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਵਿੱਚ ਉਮੜੇ ਵਿਸ਼ਾਲ ਇਕੱਠ ਨੇ ਮਾਤਾ ਜੀ ਪ੍ਰਤੀ ਲੋਕਾਂ ਦੇ ਪਿਆਰ,ਸਿੰਘ ਸਤਿਕਾਰ ਅਤੇ ਗਿੱਲ ਪਰਿਵਾਰ ਦੀ ਸਮਾਜ ਵਿੱਚ ਬਣੀ ਮਾਣ-ਮਰਿਆਦਾ ਨੂੰ ਆਂ ਦਰਸਾਇਆ।

ਮਾਤਾ ਦਲੀਪ ਕੌਰ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ ਵਾਲੇ ਬਣ ਕੇ ਬਤੀਤ ਕੀਤਾ ਅਤੇ ਪਰਿਵਾਰ ਨੂੰ ਉੱਚੇ ਸੰਸਕਾਰ, ਸਿੱਖਿਆ ਅਤੇ ਮਿਹਨਤ ਦੀ ਪ੍ਰੇਰਣਾ ਦੇਣ ਲਈ ਸਮਰਪਿਤ ਕੀਤਾ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇ ਕੇ ਸਮਾਜ ਵਿੱਚ ਮਾਣਯੋਗ ਸਥਾਨ ਹਾਸਲ ਕਰਨ ਯੋਗ ਬਣਾਇਆ। ਉਨ੍ਹਾਂ ਦੇ ਸੰਸਕਾਰਾਂ ਦੀ ਬਦੌਲਤ ਅੱਜ ਗਿੱਲ ਪਰਿਵਾਰ ਇਲਾਕੇ ਵਿੱਚ ਆਪਣੀ ਵੱਖਰੀ ਪਛਾਣ ਅਤੇ ਇੱਜ਼ਤ ਰੱਖਦਾ ਹੈ।

ਮਾਤਾ ਜੀ ਦੇ ਪਰਿਵਾਰ ਵਿੱਚ ਸਵਰਗਵਾਸੀ ਕਰਤਾਰ ਸਿੰਘ ਗਿੱਲ, ਨਵਤੇਜਪਾਲ ਸਿੰਘ ਗਿੱਲ, ਡਾ. ਅਮਰ ਕੁਲਦੀਪ ਸਿੰਘ ਗਿੱਲ, ਜਗਤਾਰ ਸਿੰਘ ਗਿੱਲ ਨੇਸਲੇ ਅਤੇ ਬੇਟੀ ਚਰਨਜੀਤ ਕੌਰ ਸ਼ਾਮਲ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਚੰਗੇ ਸੰਸਕਾਰ ਦੇ ਕੇ ਸਮਾਜ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਡਾ. ਅਮਰ ਕੁਲਦੀਪ ਸਿੰਘ ਗਿੱਲ ਡਾਕਟਰੀ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ, ਜਦਕਿ ਜਗਤਾਰ ਸਿੰਘ ਗਿੱਲ ਨੈਸਲੇ ਕੰਪਨੀ ਤੋਂ ਸੇਵਾਮੁਕਤ ਹੋਏ ਹਨ। ਕਰਤਾਰ ਸਿੰਘ ਅਤੇ ਨਵਤੇਜ ਪਾਲ ਸਿੰਘ ਖੇਤੀਬਾੜੀ ਦੇ ਕਾਰੋਬਾਰ ਨੂੰ ਵੱਡੇ ਪੱਧਰ ਤੇ ਕਰ ਰਹੇ ਹਨ, ਜਦਕਿ ਬੇਟੀ ਚਰਨਜੀਤ ਕੌਰ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਸੈਟਲ ਹਨ।

ਅੰਤਿਮ ਅਰਦਾਸ ਸਮਾਗਮ ਵਿੱਚ ਹਲਕਾ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸੋਹਣ ਸਿੰਘ ਖੇਲਾ, ਜਥੇਦਾਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ (ਸਾਬਕਾ ਚੇਅਰਮੈਨ), ਜਥੇਦਾਰ ਰਾਜਵੰਤ ਸਿੰਘ ਮਾਹਲਾ, ਡਾ. ਹਰਬੰਸ ਸਿੰਘ (ਬਲਾਕ ਪ੍ਰਧਾਨ ਆਰ.ਐੱਮ.ਪੀ. ਯੂਨੀਅਨ), ਸਿਮਰਨਜੀਤ ਸਿੰਘ ਬਰਾੜ (ਪ੍ਰਧਾਨ ਨੈਸਲੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ), ਡਾ. ਅਜੀਤ ਸਿੰਘ (ਸੀਨੀਅਰ ਮੀਤ ਪ੍ਰਧਾਨ ਆਰ.ਐੱਮ.ਪੀ.) ਤੋਂ ਇਲਾਵਾ ਹੋਰ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਮਾਗਮ ਦੌਰਾਨ ਭਾਈ ਇਕਬਾਲ ਸਿੰਘ ਜੀ ਲੰਗੇਆਣਾ ਵਾਲਿਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ, ਜਦਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਜੀ ਨੇ ਅੰਤਿਮ ਅਰਦਾਸ ਕੀਤੀ।

 

ਇਸ ਮੌਕੇ ਬਾਬਾ ਜਸਵੀਰ ਸਿੰਘ ਨੇ ਮਾਤਾ ਦਲੀਪ ਕੌਰ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਵਰਗਵਾਸੀ ਸਰਦਾਰ ਰਤਨ ਸਿੰਘ ਗਿੱਲ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਮਾਤਾ ਜੀ ਨੇ ਪੂਰੇ ਪਰਿਵਾਰ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖਿਆ। ਉਨ੍ਹਾਂ ਨੇ ਆਪਣੇ ਚਾਰੇ ਪੁੱਤਰਾਂ, ਇੱਕ ਬੇਟੀ ਅਤੇ ਅਗਲੀਆਂ ਪੀੜ੍ਹੀਆਂ ਨੂੰ ਚੰਗੀ ਸਿੱਖਿਆ, ਉੱਚੇ ਸੰਸਕਾਰ ਅਤੇ ਆਪਸੀ ਪਿਆਰ ਦੀ ਸਿੱਖਿਆ ਦਿੱਤੀ, ਜਿਸ ਕਾਰਨ ਅੱਜ ਗਿੱਲ ਪਰਿਵਾਰ ਸਮਾਜ ਵਿੱਚ ਮਾਣਯੋਗ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਨੇ ਕਰੀਬ 95 ਸਾਲਾਂ ਦੀ ਭਰਪੂਰ ਉਮਰ ਭੋਗਦਿਆਂ ਪੰਜ ਪੀੜ੍ਹੀਆਂ ਦਾ ਸੁੱਖ ਵੇਖਿਆ, ਜੋ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦਾ।

ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸੋਹਣ ਸਿੰਘ ਖੇਲਾ ਨੇ ਕਿਹਾ, “ਮਾਤਾ ਦਲੀਪ ਕੌਰ ਜੀ ਉਹ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਦੇਸ਼ ਦੀ ਵੰਡ ਦਾ ਸੰਤਾਪ ਵੀ ਹੰਢਾਇਆ ਅਤੇ ਪੰਜ ਪੀੜ੍ਹੀਆਂ ਦਾ ਸੁੱਖ ਵੀ ਮਾਣਿਆ।” ਉਨ੍ਹਾਂ ਕਿਹਾ ਕਿ ਮਾਤਾ ਜੀ ਨੇ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਸਮਾਜ, ਖੇਤੀਬਾੜੀ ਅਤੇ ਜੀਵਨ ਸ਼ੈਲੀ ਵਿੱਚ ਆਏ ਵੱਡੇ ਬਦਲਾਅ ਆਪਣੀਆਂ ਅੱਖਾਂ ਨਾਲ ਵੇਖੇ। ਉਨ੍ਹਾਂ ਨੇ ਬੈਲਾਂ ਅਤੇ ਗੱਡਿਆਂ ਵਾਲੇ ਦੌਰ ਤੋਂ ਟਰੈਕਟਰਾਂ ਅਤੇ ਆਧੁਨਿਕ ਖੇਤੀ ਤੱਕ ਦਾ ਸਫ਼ਰ ਦੇਖਿਆ, ਕੱਚੇ ਘਰਾਂ ਤੋਂ ਪੱਕੀਆਂ ਕੋਠੀਆਂ ਤੱਕ ਦਾ ਵਿਕਾਸ ਵੇਖਿਆ ਅਤੇ ਬਦਲਦੇ ਸਮੇਂ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਜੀਵਨ ਸਫ਼ਰ ਅਤੇ ਪੰਜ ਪੀੜ੍ਹੀਆਂ ਦਾ ਸੁੱਖ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ ਹੁੰਦਾ। ਅੰਤ ਵਿੱਚ ਉਨ੍ਹਾਂ ਨੇ ਸਮੂਹ ਸੰਗਤ ਦਾ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ ਅਤੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ।