ਨੋ ਡਿਊ ਸਰਟੀਫਿਕੇਟ ਨਾ ਮਿਲਣ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਖ਼ਿਲਾਫ ਪ੍ਰਦਰਸ਼ਨ 

  1. ਕੋਟ ਈਸੇ ਖਾਂ ਚੋਣਾਂ ਦੇ ਪਹਿਲੇ ਦਿਨ ਹੀ ਗਰਮਾਇਆ ਮਾਹੌਲ
  2. “ਹਰ ਫਾਈਲ ਦੀ ਜਾਂਚ ਮਗਰੋਂ ਤੁਰੰਤ ਜਾਰੀ ਹੋਣਗੇ ਸਰਟੀਫਿਕੇਟ” — ਈਓ ਅਮਰਇੰਦਰ ਸਿੰਘ

ਕੋਟ ਈਸੇ ਖਾਂ, (ਜਗਰਾਜ ਸਿੰਘ ਗਿੱਲ) ਪੰਜਾਬ ਵਿੱਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਐਲਾਨ ਨਾਲ ਹੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸੇ ਤਹਿਤ ਅੱਜ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਕੋਟ ਈਸੇ ਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਨੋ ਡਿਊ ਸਰਟੀਫਿਕੇਟ ਜਾਰੀ ਕਰਨ ਵਿੱਚ ਜਾਣ-ਬੁੱਝ ਕੇ ਰੁਕਾਵਟਾਂ ਪਾਈਆਂ ਗਈਆਂ, ਜਿਸ ਕਾਰਨ ਉਮੀਦਵਾਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੇ ਇਹ ਵੀ ਕਿਹਾ ਕਿ ਨਗਰ ਪੰਚਾਇਤ ਦੇ ਈਓ  ਆਪਣੇ ਦਫ਼ਤਰ ਵਿੱਚ ਹਾਜ਼ਰ ਨਹੀਂ ਹੋਏ ਅਤੇ ਉਨ੍ਹਾਂ ਦੇ ਕਮਰੇ ਦੀ ਕੁਰਸੀ ਖਾਲੀ ਪਈ ਰਹੀ, ਜਿਸ ਕਾਰਨ ਲੋਕਾਂ ਅਤੇ ਉਮੀਦਵਾਰਾਂ ਨੂੰ ਹੋਰ ਵੀ ਪਰੇਸ਼ਾਨੀ ਝੱਲਣੀ ਪਈ।

ਇਸ ਮੌਕੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਨਗਰ ਪੰਚਾਇਤ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਚੋਣਾਂ ਦੌਰਾਨ ਧੱਕੇਸ਼ਾਹੀ ਜਾਂ ਪੱਖਪਾਤ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਡਟ ਕੇ ਮੁਕਾਬਲਾ ਕਰੇਗਾ।

ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਪੰਜਾਬ ਕੋਲ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਅਫਸਰਸ਼ਾਹੀ ਵੱਲੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ।

ਪ੍ਰਦਰਸ਼ਨ ਤੋਂ ਬਾਅਦ ਜਦੋਂ ਨਗਰ ਪੰਚਾਇਤ ਦੇ ਈਓ ਅਮਰਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਅਹਿਮ ਮੀਟਿੰਗ ਵਿੱਚ ਸ਼ਾਮਲ ਹੋਣ ਕਾਰਨ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕਿਸੇ ਨੂੰ ਖੱਜਲ-ਖੁਆਰ ਹੋਣ ਦਿੱਤਾ ਜਾਵੇਗਾ। ਈਓ ਨੇ ਕਿਹਾ ਕਿ ਅੱਜ ਵੀ 8 ਤੋਂ 10 ਨੋ ਡਿਊ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਅਤੇ ਜੋ ਵੀ ਫਾਈਲਾਂ ਨਿਯਮਾਂ ਅਨੁਸਾਰ ਠੀਕ ਪਾਈਆਂ ਜਾਣਗੀਆਂ, ਉਨ੍ਹਾਂ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰ ਦਿੱਤੇ ਜਾਣਗੇ।

Leave a Reply

Your email address will not be published. Required fields are marked *