– ਚੋਣਾਂ ਨਿਰਪੱਖ, ਪਾਰਦਰਸ਼ਤਾ ਅਤੇ ਭੈਅ ਮੁਕਤ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਹਰ ਹੀਲਾ ਵਰਤਿਆ ਜਾਵੇ – ਸਪੈਸ਼ਲ ਚੋਣ ਆਬਜ਼ਰਬਰ
– ਸੈਕਟਰ ਅਫ਼ਸਰਾਂ ਕੋਲ ਰਹੇਗੀ ਸ਼ਰਾਰਤੀ ਅਨਸਰਾਂ ਅਤੇ ਉਹਨਾਂ ਤੋਂ ਪ੍ਰਭਾਵਿਤ ਹੋ ਸਕਣ ਵਾਲੇ ਵੋਟਰਾਂ ਦੀ ਸੂਚੀ, ਰੱਖੀ ਜਾਵੇਗੀ ਤਿੱਖੀ ਨਜ਼ਰ
– ਕਿਸੇ ਵੀ ਅਣਸੁਖਾਵੀਂ ਘਟਨਾ ਉੱਤੇ ਪੁਲਿਸ ਕਰੇ ਤੁਰੰਤ ਕਾਰਵਾਈ
– ਕਿਹਾ, ਸਾਰੇ ਪੋਲਿੰਗ ਸਟੇਸ਼ਨਾਂ ਦੀ ਹੋਵੇਗੀ ਵੈੱਬ ਕਾਸਟਿੰਗ
– ਪੋਲਿੰਗ ਸਟੇਸ਼ਨਾਂ ਉੱਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਕਿਹਾ
ਮੋਗਾ, 11 ਫਰਵਰੀ (ਜਗਰਾਜ ਸਿੰਘ ਗਿੱਲ) – ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਅਗਾਮੀ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭੇਜੇ ਗਏ ਸਪੈਸ਼ਲ ਚੋਣ ਆਬਜ਼ਰਬਰਾਂ ਵੱਲੋਂ ਅੱਜ ਮੋਗਾ ਵਿਖੇ ਚਾਰ ਜ਼ਿਲ੍ਹਿਆਂ (ਮੋਗਾ, ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ) ਦੇ ਚੋਣ ਆਬਜ਼ਰਬਰਾਂ, ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗ ਕੀਤੀ ਗਈ।
ਸਪੈਸ਼ਲ ਜਨਰਲ ਆਬਜ਼ਰਬਰ ਸ਼੍ਰੀ ਵਿਨੋਦ ਜ਼ੁਤਸ਼ੀ ਆਈ ਏ ਐੱਸ (ਸੇਵਾ ਮੁਕਤ) ਅਤੇ ਸਪੈਸ਼ਲ ਪੁਲਿਸ ਆਬਜ਼ਰਬਰ ਸ਼੍ਰੀ ਰਜਨੀ ਕਾਂਤ ਮਿਸ਼ਰਾ ਆਈ ਪੀ ਐੱਸ (ਸੇਵਾ ਮੁਕਤ) ਨੇ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਅਮਲ ਕਰਦੇ ਹੋਏ ਇਹ ਚੋਣਾਂ ਬਿਲਕੁਲ ਨਿਰਪੱਖ, ਪਾਰਦਰਸ਼ਤਾ ਅਤੇ ਭੈਅ ਮੁਕਤ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਹਰ ਹੀਲਾ ਵਰਤਿਆ ਜਾਵੇ।
ਉਹਨਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ ਉੱਤੇ ਤਿੱਖੀ ਨਜ਼ਰ ਰੱਖੀ ਜਾਵੇ। ਕੋਈ ਵੀ ਸ਼ਰਾਰਤੀ ਅਨਸਰ ਬਚਣਾ ਨਹੀਂ ਚਾਹੀਦਾ ਹੈ। ਮਤਦਾਨ ਕੇਂਦਰਾਂ ਵਿੱਚ ਸੰਭਾਵਿਤ ਹੁਲੜਬਾਜ਼ੀ ਰੋਕਣ ਲਈ ਹਰ ਹੀਲਾ ਵਰਤਿਆ ਜਾਵੇ।
ਉਹਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਰੇਕ ਪੋਲਿੰਗ ਸਟੇਸ਼ਨ ਦੀ ਵੈੱਬ ਕਾਸਟਿੰਗ ਕਰਾਈ ਜਾਣੀ ਹੈ। ਜਿੱਥੇ ਵੈੱਬ ਕਾਸਟਿੰਗ ਕਰਾਉਣ ਵਿੱਚ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਥੇ ਵੀਡੀਓਗਰਾਫੀ ਕਰਾਉਣੀ ਯਕੀਨੀ ਬਣਾਈ ਜਾਵੇ।ਇਸ ਨਾਲ ਸ਼ਰਾਰਤੀ ਅਨਸਰਾਂ ਉੱਤੇ ਸਹੀ ਤਰੀਕੇ ਨਾਲ ਨਜ਼ਰ ਰੱਖੀ ਜਾ ਸਕੇਗੀ। ਅਜਿਹੇ ਅਨਸਰਾਂ ਦੀ ਹਰ ਗਤੀਵਿਧੀ ਉੱਤੇ 24 ਘੰਟੇ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਸੈਕਟਰ ਅਫ਼ਸਰਾਂ ਨਾਲ ਲੋੜੀਂਦੀ ਗਿਣਤੀ ਵਿਚ ਪੁਲਿਸ ਫੋਰਸ ਹੋਣੀ ਲਾਜ਼ਮੀ ਹੈ ਤਾਂ ਜੌ ਉਹ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨ ਦੇ ਸਮਰੱਥ ਹੋਣ। ਉਹਨਾਂ ਕੋਲ ਸ਼ਰਾਰਤੀ ਅਨਸਰਾਂ ਅਤੇ ਉਹਨਾਂ ਤੋਂ ਪ੍ਰਭਾਵਿਤ ਹੋ ਸਕਣ ਵਾਲੇ ਵੋਟਰਾਂ ਦੀ ਸੂਚੀ ਹੋਣੀ ਚਾਹੀਦੀ ਹੈ। ਉਹਨਾਂ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਤੱਕ ਕਿਸੇ ਵੀ ਉਮੀਦਵਾਰ ਨੇ ਆਪਣੇ ਵੱਲੋਂ ਚਿੰਤਾ ਸੂਚੀ (ਵਰੀ ਲਿਸਟ) ਨਹੀਂ ਦਿੱਤੀ ਹੈ।
ਉਹਨਾਂ ਕਿਹਾ ਕਿ ਪੁਲਿਸ ਨੂੰ ਪੂਰੀ ਤਰ੍ਹਾਂ ਪਤਾ ਹੁੰਦਾ ਹੈ ਕਿ ਕਿਹੜਾ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰ ਸਕਦਾ ਹੈ। ਕਿਸੇ ਵੀ ਅਣਸੁਖਾਵੀਂ ਹਰਕਤ ਉੱਤੇ ਪੁਲਿਸ ਦਾ ਐਕਸ਼ਨ ਤੁਰੰਤ ਹੋਣਾ ਚਾਹੀਦਾ ਹੈ। ਕੇਂਦਰੀ ਪੁਲਿਸ ਫੋਰਸਾਂ ਨਾਲ ਲੋਕਲ ਅਫ਼ਸਰ ਵੀ ਹੋਣਾ ਚਾਹੀਦਾ ਹੈ। ਪੁਲਿਸ ਦੀਆਂ ਮੋਬਾਈਲ ਟੀਮਾਂ ਲਗਾਤਾਰ ਮੂਵ ਕਰਦੀਆਂ ਰਹਿਣ। ਸੰਵੇਦਸ਼ੀਲ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੀ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ ਦੀ ਸਲਾਹ ਦਿੱਤੀ। ਬਿਜਲਈ ਵੋਟਿੰਗ ਮਸ਼ੀਨਾਂ ਨੂੰ ਪੋਲਿੰਗ ਸਟੇਸ਼ਨਾਂ ਉੱਤੇ ਲਿਜਾਣ ਅਤੇ ਸਟਰਾਂਗ ਰੂਮ ਤੱਕ ਲਿਆਉਣ ਲਈ ਸਿਰਫ ਜੀ ਪੀ ਐੱਸ ਸਹੂਲਤ ਵਾਲੇ ਵਾਹਨ ਹੀ ਵਰਤੇ ਜਾਣ।
ਉਹਨਾਂ ਕਿਹਾ ਕਿ ਚੋਣਾਂ ਤੋਂ 48 ਘੰਟੇ ਪਹਿਲਾਂ ਅਤੇ ਵੋਟਾਂ ਵਾਲੇ ਦਿਨ ਖਾਸ ਧਿਆਨ ਦਿੱਤਾ ਜਾਵੇ। ਨਾਕੇ 24 ਘੰਟੇ ਲਗਾਏ ਜਾਣੇ ਚਾਹੀਦੇ ਹਨ। ਸਾਰੇ ਨਾਕਿਆਂ ਦੀ ਵੀਡਿਉਗਰਾਫੀ ਕਰਵਾਈ ਜਾਣੀ ਚਾਹੀਦੀ ਹੈ। ਉੱਡਣ ਦਸਤਿਆਂ ਵਿੱਚ ਕੇਂਦਰੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਉਹਨਾਂ ਕਿਹਾ ਕਿ ਚੋਣਾਂ ਨਾਲ ਸਬੰਧਤ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸਾਰੀਆਂ ਬੁਨਿਆਦੀ ਸਹੂਲਤਾਂ ਹੋਣੀਆਂ ਜਰੂਰੀ ਹਨ। ਪੋਸਟਲ ਬੈਲਟ ਪੇਪਰ ਸੇਵਾ ਲੈਣ ਵਾਲੇ, ਪੀ ਡਬਲਿਊ ਡੀ ਵੋਟਰ ਅਤੇ ਕਰੋਨਾ ਪੀੜਤ ਵੋਟਰਾਂ ਨੂੰ ਪੂਰਨ ਤੌਰ ਉੱਤੇ ਸਹੂਲਤ ਦਿੱਤੀ ਜਾਵੇ। ਉਹਨਾਂ ਸਪੱਸ਼ਟ ਕੀਤਾ ਕਿ ਫਿਲਹਾਲ ਰੋਡ ਸ਼ੋਅ ਅਤੇ ਕੋਈ ਵੀ ਮੂਵਿੰਗ ਗਤੀਵਿਧੀ ਦੀ ਆਗਿਆ ਨਹੀਂ ਹੈ। ਉਹਨਾਂ ਕਿਹਾ ਕਿ ਵੋਟਰਾਂ ਨੂੰ ਵੋਟਰ ਸਲਿੱਪਾਂ ਦੇ ਨਾਲ ਇਸ ਵਾਰ ਵੋਟਰ ਹਦਾਇਤਾਂ ਦੀ ਕਾਪੀਆਂ ਵੀ ਦਿੱਤੀਆਂ ਜਾਣ। ਸਾਰੇ ਵੋਟਰਾਂ ਨੂੰ ਵੋਟਰ ਸ਼ਨਾਖ਼ਤੀ ਕਾਰਡ ਵੰਡੇ ਜਾਣੇ ਯਕੀਨੀ ਬਣਾਏ ਜਾਣ।
ਇਸ ਤੋਂ ਪਹਿਲਾਂ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ, ਚੋਣ ਆਬਜ਼ਰਬਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਵਿਚ ਚੋਣ ਤਿਆਰੀਆਂ ਦਾ ਵੇਰਵਾ ਪੇਸ਼ ਕੀਤਾ। ਜਿਸ ਉੱਤੇ ਸਪੈਸ਼ਲ ਆਬਜ਼ਰਬਰਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਫ਼ਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਸ਼੍ਰੀ ਪਰਦੀਪ ਕੁਮਾਰ ਯਾਦਵ ਵੀ ਹਾਜ਼ਰ ਸਨ।