ਮੋਗਾ 31 ਅਗਸਤ (ਜਗਰਾਜ ਸਿੰਘ ਗਿੱਲ)
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਮੋਗਾ ਸ੍ਰੀ ਜਗਦੀਸ਼ ਸਿੰਘ ਰਾਹੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਬਹੁਤਕਨੀਕੀ ਕਾਲਜ, ਗੁਰੁ ਤੇਗ ਬਹਾਦਰਗੜ੍ਹ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਰੈੱਡ ਰਿਬਨ ਕਲੱਬ ਦੁਆਰਾ ਪ੍ਰਿੰਸੀਪਲ ਦਲਜਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਆਨ-ਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਵੈਬੀਨਾਰ ਦੇ ਮੁੱਖ ਬੁਲਾਰੇ ਡਾ. ਹਰਮਨਦੀਪ ਐਮ.ਡੀ., ਸਿਵਲ ਹਸਪਤਾਲ ਬਾਘਾਪੁਰਾਣਾ ਨੇ ਏਡਜ਼ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਵਿਸਥਾਰ ਨਾਲ ਦੱਸਿਆ। ਇਸਦੇ ਨਾਲ ਹੀ ਕਰੋਨਾ ਵਾਈਰਸ ਨੂੰ ਫੈਲਣ ਤੋ ਰੋਕਣ ਲਈ ਮਿਸ਼ਨ ਫਤਹਿ ਬਾਰੇ ਵੀ ਜਾਗਰੂਕਤਾ ਫੈਲਾਈ ਗਈ।
ਉਹਨਾਂ ਕਿਹਾ ਕਿ ਏਡਜ਼ ਗ੍ਰਸਤ ਵਿਅਕਤੀ ਦਾ ਖੂਨ ਚੜ੍ਹਾੳੇਣ, ਇੱਕੋ ਸਰਿੰਜ ਨਾਲ ਵੱਖ ਵੱਖ ਵਿਅਕਤੀਆਂ ਖਾਸ ਕਰ ਕੇ ਨਸ਼ੇੜੀਆਂ ਦੁਆਰਾ ਟੀਕਾ ਲਗਾਉਣਾ, ਅਸੁਰੱਖਿਤ ਸੈਕਸ, ਏਡਜ਼ ਦੇ ਮੁੱਖ ਕਾਰਨ ਹਨ। ਇਸ ਨਾਲ ਵਿਅਕਤੀ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਹੌਲੀ-ਹੌਲੀ ਉਸ ਦੀ ਮੌਤ ਹੋ ਜਾਂਦੀ ਹੈ।ਏਡਜ਼ ਐਚ.ਆਈ.ਵੀ. ਨਾਂ ਦੇ ਵਾਇਰਸ ਕਾਰਨ ਹੁੰਦੀ ਹੈ ਅਤੇ ਲੱਛਣ ਪਾਏ ਜਾਣ ‘ਤੇ ਜਲਦੀ ਐਂਟੀਰੈਟਰੋਵਾਇਰਲ ਟਰੀਟਮੈਂਟ (ਏ.ਆਰ.ਟੀ) ਨਾਲ ਏਡਜ਼ ਤੋਂ ਕੁਝ ਸਾਲ ਬਚਾਅ ਹੋ ਜਾਂਦਾ ਹੈ, ਕਿਉਂਕਿ ਇਸ ਦਾ ਕੋਈ ਇਲਾਜ ਨਹੀਂ, ਸਾਵਧਾਨੀਆਂ ਅਤੇ ਪ੍ਰਹੇਜ਼ ਹੀ ਏਡਜ਼ ਤੋਂ ਬਚਾਅ ਕਰ ਸਕਦੇ ਹਨ।
ਰੈੱਡ ਰਿਬਨ ਕਲੱਬ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਵੈਬੀਨਾਰ ਨੂੰ ਸੰਬੋਧਿਤ ਕਰਦੇ ਦੱਸਿਆ ਕਿ ਨੈਸ਼ਨਲ ਏਡਜ਼ ਕੰਟਰੋਲ ਸੰਸਥਾ ਵੱਲੋਂ 1 ਦਸੰਬਰ 2014 ਨੂੰ ਵਿਸ਼ਵ ਏਡਜ਼ ਦਿਵਸ ਮੌਕੇ ਐਚ.ਆਈ.ਵੀ./ਏਡਜ਼ ਜਾਗਰੂਕਤਾ ਸੰਬੰਧੀ ਟੋਲ ਫ੍ਰੀ ਹੈਲਪਲਾਈਨ ਨੰਬਰ 1097 ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਮਕਸਦ ਆਮ ਲੋਕਾਂ ਵਿੱਚ ਏਡਜ਼ ਸਬੰਧੀ ਮਿੱਥਾਂ ਜਾਂ ਗ਼ਲਤ ਧਾਰਨਾਵਾਂ ਅਤੇ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਹਨਾਂ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਪਾਉਣ, ਵਾਰ ਵਾਰ ਹੱਥ ਧੋਣ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ,ਘੱਟੋ ਘੱਟ 2 ਗਜ਼ ਦੀ ਆਪਸੀ ਦੂਰੀ ਬਣਾਉਣ ਬਾਰੇ ਵੀ ਜਾਗਰੂਕ ਕੀਤਾ। ਇਸ ਵੈਬੀਨਾਰ ਵਿੱਚ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰ ਹਾਜ਼ਰ ਸਨ। ਵੈਬੀਨਾਰ ਨੂੰ ਸਫ਼ਲ ਬਣਾਉਣ ਲਈ ਡਾ. ਗੁਰਮੀਤ ਲਾਲ ਐਸ ਐਮ ਓ ਸਿਵਲ ਹਸਪਤਾਲ ਬਾਘਾਪੁਰਾਣਾ, ਡਾ. ਇੰਦਰਵੀਰ ਗਿੱਲ, ਵੱਖ ਵੱਖ ਵਿਭਾਗਾਂ ਦੇ ਮੁਖੀਆਂ/ਇੰਚਾਰਜਾਂ ਨੇ ਸਹਿਯੋਗ ਦਿੱਤਾ।