ਮੋਗਾ, 4 ਜੁਲਾਈ (ਅਜ਼ਾਦ)
ਮੋਗਾ ਪੁਲਿਸ ਨੇ ਸਮਾਲਸਰ ਨੇੜਿਉਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਫ਼ਿਰੌਤੀ ਅਤੇ ਟਾਰਗੇਟ ਕਿਲਿੰਗ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਨੂੰ ਵਿਦੇਸ਼ੀ ਧਰਤੀ ਤੋਂ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਵੱਲੋਂ ਚਲਾਇਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਕਤਸਰ ਦੇ ਪਿੰਡ ਈਨਾ ਖੇੜਾ ਦੇ ਵਸਨੀਕ ਯਾਦਵਿੰਦਰ ਸਿੰਘ ਉਰਫ ਯਾਦੀ, ਤਰਨਤਾਰਨ ਦੇ ਪਿੰਡ ਚੱਕ ਵਾਲਾਣ ਦੇ ਰਛਪਾਲ ਸਿੰਘ ਅਤੇ ਮੁਕਤਸਰ ਦੇ ਪਿੰਡ ਮਾਝਾ ਪੱਟੀ ਦੇ ਤਲਵਿੰਦਰ ਸਿੰਘ ਉਰਫ ਮਿੰਟੂ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਸਲੇਟੀ ਰੰਗ ਦੀ ਸ਼ੇਵਰਲੇਟ ਕਰੂਜ਼ ਕਾਰ (ਡੀ.ਐੱਲ .3 ਸੀਏਈ 4302), ਇਕ 0.32 ਬੋਰ ਪਿਸਤੌਲ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਮੋਗਾ ਪੁਲਿਸ ਨੇ ਹਾਲ ਹੀ ਵਿੱਚ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨੂੰ ਅਤੇ ਕਮਲਜੀਤ ਸ਼ਰਮਾ ਉਰਫ ਕਮਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਟਾਰਗੇਟ ਕਿਲਿੰਗ ਸਾਜਿਸ਼ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਡੇਰਾ ਪ੍ਰੇਮੀ ਦੇ ਕਤਲ, ਇੱਕ ਪੁਜਾਰੀ ‘ਤੇ ਫਾਇਰਿੰਗ, ਸੁੱਖਾ ਲੰਮੇ ਕਤਲ ਕੇਸ, ਸੁਪਰਸ਼ਾਈਨ ਮਰਡਰ ਕੇਸ ਸਮੇਤ ਕਈ ਗੁੰਡਾਗਰਦੀ ਦੀਆਂ ਘਟਨਾਵਾਂ ਸ਼ਾਮਲ ਸਨ। ਅਰਸ਼ ਡਾਲਾ ਇਨ੍ਹਾਂ ਸਾਰੇ ਜੁਰਮਾਂ ਦਾ ਮੁੱਖ ਸਾਜ਼ਿਸ਼ਕਰਤਾ ਹੈ।
ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਅਰਸ਼ ਡਾਲਾ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਧਮਕੀ ਭਰੀਆਂ ਕਾਲਾਂ ਅਤੇ ਮਾਰਨ ਦਾ ਡਰਾਵਾ ਦੇ ਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਉਨ੍ਹਾਂ ਕਿਹਾ ਕਿ ਅਰਸ਼ ਨੇ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਮਠਿਆਈ ਦੀ ਦੁਕਾਨ ਦੇ ਮਾਲਕ ਤੋਂ ਫਿਰੌਤੀ ਇਕੱਠੀ ਕਰਨ ਦਾ ਕੰਮ ਸੌਂਪਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਫੜਨ ਲਈ ਸੰਯੁਕਤ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।
ਐਸਐਸਪੀ ਨੇ ਦੱਸਿਆ ਕਿ ਤਿੰਨਾਂ ਦੋਸ਼ੀ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਉਹ ਅਰਸ਼ ਡਾਲਾ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰ ਰਹੇ ਸਨ ਅਤੇ ਤਲਵੰਡੀ ਭਾਈ ਵਿਖੇ ਮਠਿਆਈ ਦੀ ਦੁਕਾਨ ਦੇ ਮਾਲਕ ਕੋਲੋਂ ਫਿਰੌਤੀ ਦੇ ਪੈਸੇ ਲੈਣ ਦੇ ਕੰਮ ਵਿੱਚ ਲੱਗੇ ਸਨ।
ਉਨ੍ਹਾਂ ਕਿਹਾ ਕਿ ਤਿੰਨਾਂ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਈ ਮਾਮਲੇ ਦਰਜ਼ ਹਨ। ਉਹਨਾਂ ਅੱਗੇ ਕਿਹਾ ਕਿ ਯਾਦਵਿੰਦਰ ਯਾਦੀ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਸੀ।
ਐਸਐਸਪੀ ਗਿੱਲ ਨੇ ਕਿਹਾ, “ਜਦੋਂ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਟਾਰਗੇਟ ਕਤਲੇਆਮ ਦੀਆਂ ਘਟਨਾਵਾਂ ਦੀ ਜਾਂਚ ਨੂੰ ਆਪਣੇ ਹੱਥ ਵਿੱਚ ਲਿਆ ਹੈ, ਅਸੀਂ ਇਨ੍ਹਾਂ ਤੱਥਾਂ ਨੂੰ ਕੌਮੀ ਏਜੰਸੀ ਨਾਲ ਵੀ ਸਾਂਝਾ ਕੀਤਾ ਹੈ,” ਐਸਐਸਪੀ ਗਿੱਲ ਨੇ ਅੱਗੇ ਕਿਹਾ ਕਿ ਅਰਸ਼ਦੀਪ ਡਾਲਾ ਅਤੇ ਉਸਦੇ ਨਾਲ ਸਾਜ਼ਿਸ਼ ਰਚਣ ਵਾਲਿਆਂ ਦੀ ਹਵਾਲਗੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਦੌਰਾਨ ਐਫਆਈਆਰ ਨੰ. 60 ਮਿਤੀ 03/07/2021 ਨੂੰ ਐਨਡੀਪੀਐਸ ਐਕਟ ਦੀ ਧਾਰਾ 21/61/85 ਅਧੀਨ ਥਾਣਾ ਸਲਮਲਸਰ ਵਿਖੇ ਆਰਮਜ਼ ਐਕਟ ਦੀ ਧਾਰਾ 25/54/59 ਅਧੀਨ ਦਰਜ ਕੀਤੀ ਗਈ ਹੈ।