ਮੋਗਾ ਨੂੰ ਮਿਲਿਆ ਨਵਾਂ ਮੇਅਰ

ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਦਕਾ ਆਮ ਘਰਾਂ ਦੇ ਧੀਆਂ – ਪੁੱਤ ਉੱਚ ਅਹੁਦਿਆਂ ‘ਤੇ ਹੋ ਰਹੇ ਬਿਰਾਜਮਾਨ – ਸੌਂਦ

ਮੋਗਾ ਦੀ ਨਵੀਂ ਚੁਣੀ ਮੇਅਰ ਨੂੰ ਦਿੱਤੀ ਮੁਬਾਰਕਬਾਦ – ਲੋਕ ਭਲਾਈ ਤੇ ਵਿਕਾਸ ਕੰਮਾਂ ਨੂੰ ਤਰਜੀਹੀ ਆਧਾਰ ‘ਤੇ ਕਰਨ ਲਈ ਪ੍ਰੇਰਿਆ

ਮੋਗਾ, 11 ਜੂਨ ਜਗਰਾਜ ਸਿੰਘ ਗਿੱਲ

ਪੰਜਾਬ ਦੇ ਕੈਬਨਿਟ ਮੰਤਰੀ ਸ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਆਮ ਘਰਾਂ ਦੇ ਧੀਆਂ ਪੁੱਤਰ ਮੇਅਰ ਤੇ ਚੇਅਰਮੈਨਾਂ ਸਮੇਤ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋ ਰਹੇ ਹਨ , ਜਿਸਦੇ ਨਤੀਜੇ ਵਜੋਂ ਕੁਝ ਪਰਿਵਾਰਾਂ ਦੀ ਰਾਜ ਭਾਗ ਉੇਪਰ ਇਜਾਰੇਦਾਰੀ ਖ਼ਤਮ ਹੋ ਗਈ ਹੈ ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਸੱਚਾਈ ਦੀ ਰਾਜਨੀਤੀ ਕੀਤੀ ਹੈ ਅਤੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਉਂਦੀ ਹੈ, ਇੱਥੇ ਪਰਿਵਾਰਵਾਦ ਦਾ ਕੋਈ ਵੀ ਬੋਲਬਾਲਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੋਗਾ ਵਿਖੇ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਹੋਈਆਂ ਸਨ ਇਸ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਸਮਰਥਨ ਮਿਲਿਆ। ਉਨ੍ਹਾਂ ਦੱਸਿਆ ਕੀ ਅੱਜ ਮੇਅਰ ਦੀ ਨਿਯੁਕਤੀ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਗਈ, ਆਮ ਆਦਮੀ ਪਾਰਟੀ ਦੇ ਮੋਗਾ ਦੇ ਵਾਰਡ ਨੰ. 8 ਤੋਂ ਜੇਤੂ ਉਮੀਦਵਾਰ ਸ਼੍ਰੀਮਤੀ ਵਿਨੈਪਾਲ ਕੌਰ ਨੂੰ ਨਗਰ ਨਿਗਮ ਮੋਗਾ ਦਾ ਮੇਅਰ ਚੁਣਿਆ ਗਿਆ।

ਕੈਬਿਨੇਟ ਮੰਤਰੀ ਨੇ ਕਿਹਾ ਕਿ ਨਵੀਂ ਮੇਅਰ ਦੀ ਅਗਵਾਈ ਹੇਠ ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਨਗਰ ਨਿਗਮ ਵਚਨਬੱਧ ਰਹੇਗਾ।
ਉਹਨਾਂ ਵਿਨੈਪਾਲ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੈ ਕਿ ਆਮ ਘਰ ਦੀ ਧੀ ਇਸ ਅਹੁਦੇ ਉਪਰ ਬਿਰਾਜਮਾਨ ਹੋ ਗਈ ਹੈ। ਧੀਆਂ ਭੈਣਾਂ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਪੂਰਨ ਵਚਨਬੱਧ ਹੈ। ਇਸ ਮੌਕੈ ਉਹਨਾਂ ਨਾਲ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਹੋਰ ਵੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜਰ ਸਨ।
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਮਹਿਲਾਵਾਂ ਨੂੰ ਪੂਰਨ ਮਾਣ ਸਤਿਕਾਰ ਮਿਲ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਦੇ ਵਾਰਡ ਨੰ. 8 ਤੋਂ ਜੇਤੂ ਉਮੀਦਵਾਰ ਸ਼੍ਰੀਮਤੀ ਵਿਨੈਪਾਲ ਕੌਰ ਨੂੰ ਭਾਰੀ ਬਹੁਮਤ ਨਾਲ ਨਗਰ ਨਿਗਮ ਮੋਗਾ ਦੇ ਮੇਅਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਨਿਗਮ ਦੇ ਕੌਂਸਲਰਾਂ ਨੇ ਆਪਣੇ ਮਤ ਦਾ ਇਸਤੇਮਾਲ ਕਰਦਿਆਂ ਸਰਬਸੰਮਤੀ ਨਾਲ ਕੌਂਸਲਰ ਵਿਨੈ ਪਾਲ ਕੌਰ ਨੂੰ ਮੋਗਾ ਨਗਰ ਨਿਗਮ ਦਾ ਨਵਾਂ ਮੇਅਰ ਚੁਣਿਆ ਹੈ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵੀ ਨਵੀਂ ਮੇਅਰ ਨੂੰ ਵਧਾਈ ਦਿੰਦਿਆਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।

ਨਵ-ਨਿਯੁਕਤ ਮੇਅਰ ਵਿਨੈਪਾਲ ਕੌਰ ਨੇ ਕੌਂਸਲਰਾਂ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ ਅਤੇ ਮੋਗਾ ਨੂੰ ਇੱਕ ਸਾਫ਼-ਸੁਥਰਾ, ਸੁੰਦਰ ਅਤੇ ਵਿਕਸਤ ਸ਼ਹਿਰ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।

Leave a Reply

Your email address will not be published. Required fields are marked *