ਮੋਗਾ, 6 ਮਾਰਚ (ਜਗਰਾਜ ਲੋਹਾਰਾ)- ਜ਼ਿਲਾ ਪੱਧਰੀ ਸਿਵਲ ਹਸਪਤਾਲ ‘ਚ ਬੁੱਧਵਾਰ ਨੂੰ ਪਹੁੰਚੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਕੋਰੋਨਾ ਜਾਂਚ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਸ ਨੂੰ ਸਧਾਰਨ ਨਿਮੋਨੀਆ ਅਤੇ ਇਨਫੈਕਸ਼ਨ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਬੁੱਧਵਾਰ ਨੂੰ ਨਿਮੋਨੀਆ ਕਰ ਕੇ ਸਾਹ ਲੈਣ ‘ਚ ਪਰੇਸ਼ਾਨੀ ਦੀਆਂ ਸ਼ੱਕੀ ਨਿਸ਼ਾਨਿਆਂ ਨਾਲ ਗ੍ਰਸਤ ਹੋਣ ਕਰ ਕੇ ਬੱਧਨੀਂ ਖੁਰਦ ਦੇ ਦੁਬਈ ਤੋਂ ਇਕ ਦਿਨ ਪਹਿਲਾਂ ਵਾਪਸ ਪਰਤੇ ਵਿਅਕਤੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿਸ ਦੇ ਸ਼ੱਕੀ ਹਾਲਾਤਾਂ ਦੇ ਹੋਣ ਕਰ ਕੇ ਉਸਦੇ ਲੋੜੀਂਦੇ ਟੈਸਟ ਕਰਵਾਉਣ ਤੋਂ ਬਾਅਦ ਡਾ. ਸਾਹਿਲ ਗੁਪਤਾ ਵੱਲੋਂ ਉਸ ਨੂੰ ਆਇਸੋਲੇਸ਼ਨ ਵਾਰਡ ‘ਚ ਡਾਕਟਰ ਅਤੇ ਮੈਡੀਕਲ ਟੀਮ ਦੀ ਨਿਗਰਾਨੀ ‘ਚ ਰਹਿਣ ਦੀ ਹਿਦਾਇਤ ਦਿੱਤੀ ਗਈ ਸੀ ਪਰ ਉਸ ਨੇ ਇਸ ਦਾ ਵਿਰੋਧ ਕਰਦੇ ਹੋਏ ਹਸਪਤਾਲ ਦਾਖਲ ਹੋਣ ਤੋਂ ਮਨਾਂ ਕਰ ਦਿੱਤਾ ਸੀ ਅਤੇ ਹਸਪਤਾਲ ‘ਚੋਂ ਫਰਾਰ ਹੋ ਗਿਆ ਸੀ, ਜੋ ਕਿ ਵਾਪਸ ਆਪਣੇ ਘਰ ਚਲਾ ਗਿਆ ਸੀ। ਜਿਸ ‘ਤੇ ਸਿਹਤ ਪ੍ਰਸ਼ਾਸਨ ਵੱਲੋਂ ਵਿਭਾਗ ਦੀਆਂ ਕੋਰੋਨਾ ਨੂੰ ਲੈ ਕੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ ਗਈ ਸੀ ਅਤੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਕਿਹਾ ਗਿਆ ਸੀ।
ਘਰ ਹੀ ਆਇਸੋਲੇਟ ਵਾਤਾਵਰਣ ‘ਚ ਰਹਿਣ ਦਾ ਲਿਆ ਸੀ ਫੈਸਲਾ
ਦੁਬਈ ਤੋਂ ਵਾਪਸ ਆਏ ਬੱਧਨੀਂ ਖੁਰਦ ਨਿਵਾਸੀ ਗੁਰਪ੍ਰੀਤ ਸਿੰਘ ਨੇ ਹਸਪਤਾਲ ਦੇ ਵਾਤਾਵਰਣ ‘ਚ ਦਮ ਘੁਟਣ ਦੀ ਗੱਲ ਕਹਿ ਕੇ ਆਪਣੇ ਘਰ ‘ਚ ਹੀ ਆਇਸੋਲੇਟ ਹੋਣ ਦਾ ਫੈਸਲਾ ਲੈਣ ‘ਤੇ ਘਰ ‘ਚ ਹੀ ਉਸ ਨੂੰ ਮੈਡੀਕਲ ਟੀਮ ਦੀ ਨਿਗਰਾਨੀ ‘ਚ ਰੱਖਣ ਦੇ ਨਾਲ-ਨਾਲ ਐੱਸ. ਐੱਮ. ਓ. ਬੱਧਨੀਂ ਕਲਾਂ ਵਲੋਂ ਅੱਜ ਉਸ ਦੇ ਪਰਿਵਾਰ ਦੇ ਦੂਸਰੇ ਮੈਂਬਰਾਂ ਦੀ ਕੌਂਸਲਿੰਗ ਕਰ ਕੇ ਉਨ੍ਹਾਂ ਨੂੰ ਮਾਸਕ ਆਦਿ ਵੀ ਮੁਹੱਈਆ ਕਰਵਾਏ ਸਨ।
ਏਮਜ਼ ਹਸਪਤਾਲ ਤੋਂ ਪਹੁੰਚੀ ਰਿਪੋਰਟ ਨੇ ਕੋਰੋਨਾ ਨੈਗੇਟਿਵ ਹੋਣ ਦੀ ਕੀਤੀ ਪੁਸ਼ਟੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਐਪੀਡੀਮੋਲੋਜਿਸਟ ਡਾ. ਨਰੇਸ਼ ਆਮਲਾ ਨੇ ਦੱਸਿਆ ਕਿ ਅੱਜ ਏਮਜ਼ ਹਸਪਤਾਲ ਤੋਂ ਗੁਰਪ੍ਰੀਤ ਸਿੰਘ ਦੀ ਕੋਰੋਨਾ ਜਾਂਚ ਦੀ ਰਿਪੋਰਟ ਬਾਅਦ ਦੁਪਹਿਰ ਮਿਲੀ ਹੈ। ਜਿਸ ‘ਚ ਉਸ ਨੂੰ ਕੋਰੋਨਾ ਪੀੜਤ ਨਾ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਉਸ ਨੂੰ ਉਸ ਦੇ ਲੱਛਣਾਂ ਦੇ ਹਿਸਾਬ ਨਾਲ ਦਵਾਈ ਦੇਣ ਦੀ ਗੱਲ ਕਹੀ ਗਈ ਹੈ। ਜਿਸ ਬਾਰੇ ਸਿਹਤ ਵਿਭਾਗ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।