ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ‘ਤੇ ਖੋਜ ਕਰਕੇ ਕੌਮ ਨੂੰ ਦਿੱਤਾ ਵਿਲੱਖਣ ਯੋਗਦਾਨ
ਮੋਗਾ, 25 ਅਪ੍ਰੈਲ
(ਮਹਿੰਦਰ ਸਿੰਘ ਸਹੋਤਾ,ਜਗਰਾਜ ਸਿੰਘ ਗਿੱਲ)
ਸਿੱਖ ਕੌਮ ਵਿੱਚ ਸਮੇਂ-ਸਮੇਂ ਤੇ ਨਿਸ਼ਕਾਮ ਸੇਵਾ ਅਤੇ ਇਤਿਹਾਸਕ ਯੋਗਦਾਨਾਂ ਦੀਆਂ ਮਿਸਾਲਾਂ ਮਿਲਦੀਆਂ ਰਹੀਆਂ ਹਨ। ਇਨ੍ਹਾਂ ਵਿੱਚ ਇੱਕ ਹੋਰ ਮਾਣਯੋਗ ਨਾਮ ਪ੍ਰੋਫੈਸਰ ਡਾ. ਰਾਗਿਨੀ ਸ਼ਰਮਾ ਉਰਫ਼ ਸਿਮਰਨਜੀਤ ਕੌਰ (ਧਰਮਕੋਟ, ਮੋਗਾ) ਦਾ ਵੀ ਸ਼ਾਮਲ ਹੋ ਗਿਆ ਹੈ, ਜੋ ਆਪਣੀ ਵਿਦਵਤਾ ਅਤੇ ਖੋਜ ਕਾਰਜ ਲਈ ਵਿਸ਼ੇਸ਼ ਪਛਾਣ ਬਣਾਉਣ ਵਿੱਚ ਸਫਲ ਰਹੇ ਹਨ।
ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਦੀ ਧਰਮਪਤਨੀ ਹਨ। ਡਾ. ਰਾਗਿਨੀ ਸ਼ਰਮਾ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਹ ਦੁਨੀਆ ਦੀ ਪਹਿਲੀ ਮਹਿਲਾ ਖੋਜਕਰਤਾ ਹਨ, ਜਿਨ੍ਹਾਂ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜੀਵਨ ਤੇ ਵਿਸ਼ਵ ਦੀ ਪਹਿਲੀ ਪੀਐਚਡੀ ਪੂਰੀ ਕੀਤੀ ਹੈ।
ਇਸ ਖੋਜ ਕਾਰਜ ਲਈ ਉਨ੍ਹਾਂ ਨੇ ਤਕਰੀਬਨ ਸੱਤ ਸਾਲ ਤੱਕ ਦਿਨ-ਰਾਤ ਮਿਹਨਤ ਕੀਤੀ ਅਤੇ ਸਿੱਖ ਇਤਿਹਾਸ ਦੇ ਇੱਕ ਮਹੱਤਵਪੂਰਨ ਪੱਖ ਨੂੰ ਵਿਗਿਆਨਕ ਅਤੇ ਅਕਾਦਮਿਕ ਢੰਗ ਨਾਲ ਸੰਸਾਰ ਅੱਗੇ ਰੱਖਿਆ। ਇਹ ਖੋਜ ਨਾ ਸਿਰਫ ਪੰਜਾਬ, ਸਗੋਂ ਵਿਸ਼ਵ ਪੱਧਰ ‘ਤੇ ਆਪਣੀ ਕਿਸਮ ਦੀ ਪਹਿਲੀ ਮੰਨੀ ਜਾ ਰਹੀ ਹੈ।
ਇਸ ਤੋਂ ਇਲਾਵਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਏਕੜ ਵਿੱਚ ਤਿਆਰ ਕੀਤੇ ਭਾਈ ਜੈਤਾ ਜੀ ਮੈਮੋਰੀਅਲ ਦੇ ਨਿਰਮਾਣ ਵਿੱਚ ਵੀ ਉਨ੍ਹਾਂ ਨੇ ਆਪਣੀ ਟੀਮ ਸਮੇਤ ਅਹਿਮ ਭੂਮਿਕਾ ਨਿਭਾਈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਵਿੱਚ ਵੀ ਡਾ. ਰਾਗਿਨੀ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਰਾਜਵਿੰਦਰ ਸਿੰਘ ਧਰਮਕੋਟ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੁਰਜੀਤ ਸਿੰਘ ਗਿੱਲ (ਲੋਹਾਰਾ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਰਾਗਿਨੀ ਸ਼ਰਮਾ ਇੱਕ ਅਜਿਹੀ ਖੋਜਕਰਤਾ ਹਨ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੀ ਖੋਜ ਨੇ ਭਾਈ ਜੈਤਾ ਜੀ ਦੀ ਸ਼ਹਾਦਤ ਅਤੇ ਸਿੱਖ ਵਿਰਾਸਤ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਡਾ. ਰਾਗਿਨੀ ਸ਼ਰਮਾ ਦੀ ਮਿਹਨਤ ਅਤੇ ਸਮਰਪਣ ਅੱਜ ਦੀ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹੈ ਅਤੇ ਸਿੱਖ ਜਗਤ ਵੱਲੋਂ ਉਨ੍ਹਾਂ ਨੂੰ ਯੋਗ ਮਾਣ-ਸਨਮਾਨ ਮਿਲਣਾ ਚਾਹੀਦਾ ਹੈ, ਤਾਂ ਜੋ ਉਹ ਸਿੱਖ ਇਤਿਹਾਸ ਉੱਤੇ ਆਪਣਾ ਖੋਜ ਕਾਰਜ ਹੋਰ ਅੱਗੇ ਵਧਾ ਸਕਣ ।














Leave a Reply