ਬਿਲਾਸਪੁਰ 10 ਜੂਨ (ਮਿੰਟੂ ਖੁਰਮੀ ਕੁਲਦੀਪ ਗੋਹਲ) –
ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਪੰਡੋਰੀ ਨਾਲ ਸਬੰਧਤ ਇੱਕ ਨੌਜਵਾਨ ਵਿਆਹੁਤਾ ਵੱਲੋਂ ਆਪਣੇ ਪਤੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਵਾਸੀ ਪਿੰਡ ਪੰਡੋਰੀ (ਬਰਨਾਲਾ) ਜੋ ਕਿ ਇੱਕ ਮੱਧ ਵਰਗੀ ਕਿਸਾਨ ਹੈ, ਵੱਲੋਂ ਆਪਣੀ ਧੀ ਬਲਜੀਤ ਕੌਰ(26) ਦਾ ਵਿਆਹ ਤਕਰੀਬਨ 4 ਸਾਲ ਪਹਿਲਾਂ ਸੁਖਦੀਪ ਸਿੰਘ ਵਾਸੀ ਮੋਹੀ (ਲੁਧਿਆਣਾ) ਨਾਲ ਕੀਤਾ ਸੀ । ਮ੍ਰਿਤਕ ਦਾ ਪਤੀ ਸੁਖਦੀਪ ਸਿੰਘ ਨਸ਼ਿਆਂ ਦਾ ਆਦੀ ਹੋਣ ਕਾਰਨ ਅਕਸਰ ਹੀ ਆਪਣੀ ਪਤਨੀ ਬਲਜੀਤ ਕੌਰ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਜਿਸ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਦੀ ਖਬਰ ਪਿੰਡ ਪੰਡੋਰੀ ਵਿਖੇ ਪੁੱਜੀ । ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਪਿੰਡ ਮੋਹੀ (ਲੁਧਿਆਣਾ) ਵਿਖੇ ਜਦ ਜਾ ਕੇ ਦੇਖਿਆ ਤਾਂ ਬਲਜੀਤ ਕੌਰ ਦੀ ਲਾਸ਼ ਘਰ ਦੇ ਇੱਕ ਕਮਰੇ ਵਿੱਚ ਛੱਤ ਨਾਲ ਲਟਕ ਰਹੀ ਸੀ। ਜਿਸ ਦੇ ਸਰੀਰ ਤੇ ਕੁੱਟਮਾਰ ਦੇ ਨਿਸ਼ਾਨ ਸਨ ।ਜਿਸ ਤੇ ਪਰਿਵਾਰ ਨੇ ਲੜਕੀ ਦੀ ਕੁੱਟਮਾਰ ਕਰਕੇ ਕਤਲ ਕਰਨ ਦਾ ਖਦਸ਼ਾ ਪ੍ਰਗਟ ਕੀਤਾ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਬਲਜੀਤ ਕੌਰ 2 ਸਾਲ ਦੇ ਇੱਕ ਬੱਚੇ ਦੀ ਮਾਂ ਸੀ ।ਇਸ ਮੌਕੇ ਘਟਨਾ ਸਥਾਨ ਤੇ ਪੁੱਜੀ ਥਾਣਾ ਸੁਧਾਰ ਦੀ ਪੁਲਸ ਵੱਲੋਂ ਲਾਸ਼ ਦਾ ਪੋਸਟਮਾਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ । ਜਿਸ ਦਾ ਅੰਤਿਮ ਸੰਸਕਾਰ ਪਿੰਡ ਪੰਡੋਰੀ (ਬਰਨਾਲਾ) ਵਿਖੇ ਕਰ ਦਿੱਤਾ ਗਿਆ ਹੈ । ਤਫ਼ਤੀਸ਼ੀ ਅਫਸਰ ਮਨਜੀਤ ਕੌਰ ਹੀ ਦੱਸਿਆ ਕਿ ਮਿ੍ਤਕ ਬਲਜੀਤ ਕੌਰ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਿ੍ਤਕਾਂ ਦੇ ਪਤੀ ਅਤੇ ਸੱਸ ਵਿਰੁੱਧ ਧਾਰਾ 304-ਬੀ ਅਧੀਨ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਉਨ੍ਹਾਂ ਦੱਸਿਆ ਕਿ ਬਲਜੀਤ ਕੌਰ ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ । ਮ੍ਰਿਤਕ ਬਲਜੀਤ ਕੌਰ ਦੀ ਮੌਤ ਨਾਲ ਅੱਜ ਪਿੰਡ ਪੰਡੋਰੀ ਵਿੱਚ ਸੋਗ ਲਹਿਰ ਦੌੜ ਗਈ।