• Thu. Sep 19th, 2024

ਗੈਂਗਸਟਰਾਂ ਦੀ ਪੁਲਿਸ ਨਾਲ ਮੁੱਠਭੇੜ ਚ ਮੋਗਾ ਦੇ ਗੈਂਗਸਟਰਾਂ ਸਮੇਤ 5 ਗ੍ਰਿਫਤਾਰ ,ਜੌਹਨ ਬੁੱਟਰ ਜ਼ਖਮੀ–ਡੀਜੀਪੀ ਦਿਨਕਰ ਗੁਪਤਾ

ByJagraj Gill

Jul 25, 2020

ਚੰਡੀਗੜ੍ਹ (ਬਿਊਰੋ ) :ਇੱਕ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ (ਓ.ਸੀ.ਸੀ.ਯੂ.) ਨੇ ਸ਼ੁੱਕਰਵਾਰ ਨੂੰ ਇੱਕ ਸੰਖੇਪ ਮੁਠਭੇੜ ਤੋਂ ਬਾਅਦ ਪੰਜ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਜ਼ਬਤ ਕੀਤੇ ਹਨ। ਇਸ ਮੁੱਠਭੇੜ ਦੌਰਾਨ ਖਰੜ ਦੇ ਸਨੀ ਇਨਕਲੇਵ ਵਿੱਚ ਇੱਕ ਲੋੜੀਂਦਾ ਅਪਰਾਧੀ ਜੌਨ੍ਹ ਬੁੱਟਰ ਜ਼ਖਮੀ ਹੋ ਗਿਆ।
ਪੰਜਾਬ ਦੇ ਡੀਜੀਪੀ  ਦਿਨਕਰ ਗੁਪਤਾ ਅਨੁਸਾਰ ਇਨ੍ਹਾਂ ਅਪਰਾਧੀਆਂ ਪਾਸੋਂ 9 ਐਮ.ਐਮ ਦੀ ਪਿਸਤੌਲ, ਇੱਕ .30 ਬੋਰ, ਇੱਕ 32 ਬੋਰ ਅਤੇ ਦੋ .315 ਬੋਰ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਗੁਪਤਾ ਨੇ ਦੱਸਿਆ ਕਿ ਬੁੱਟਰ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਜਬਰਨ ਵਸੂਲੀ ਦੇ 18 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਇਹ ਭਗੌੜਾ ਅਪਰਾਧੀ ਸੀ।

ਗੁਪਤਾ ਨੇ ਕਿਹਾ ਕਿ ਸਨੀ ਇਨਕਲੇਵ ਵਿੱਚ ਲੁਕੇ ਹੋਏ ਸ਼ੱਕੀ ਵਿਅਕਤੀਆਂ ਵੱਲੋਂ ਓਸੀਸੀਯੂ ਦੀ ਛਾਪਾ ਮਾਰਨ ਗਈ ਟੀਮ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ। ਬੁੱਟਰ, ਜੋ ਗੈਂਗਸਟਰ ਕੁਲਦੀਪ ਸਿੰਘ ਉਰਫ ਕੀਪਾ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ, ਜਵਾਬੀ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਕਾਰਵਾਈ ਦੌਰਾਨ ਕੋਈ ਵੀ ਪੁਲਿਸ ਮੁਲਾਜ਼ਮ ਜਖ਼ਮੀ ਨਹੀਂ ਹੋਇਆ। ਗੁਪਤਾ ਨੇ ਦੱਸਿਆ ਕਿ ਏਆਈਜੀ ਓਸੀਸੀ ਗੁਰਮੀਤ ਚੌਹਾਨ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਆਪ੍ਰੇਸ਼ਨ ਟੀਮ ਨੇ ਸੂਚਨਾ ਮਿਲਣ `ਤੇ ਸਨੀ ਇਨਕਲੇਵ ਵਿੱਚ ਲੁਕੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ `ਤੇ ਛਾਪਾ ਮਾਰਿਆ।ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ `ਤੇ ਗੋਲੀਆਂ ਚਲਾ ਦਿੱਤੀਆਂ ਪਰ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਥਾਣਾ ਸਦਰ ਖਰੜ, ਮੁਹਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 307, 353, 186, 120 ਬੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਗ੍ਰਿਫਤਾਰ ਕੀਤੇ ਗਏ 5 ਅਪਰਾਧੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਵਦੀਪ ਸਿੰਘ ਉਰਫ ਜੌਨ੍ਹ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ, ਮੋਗਾ; ਕੁਲਵਿੰਦਰ ਉਰਫ ਕਿੰਦਾ ਪੁੱਤਰ ਬਲਦੇਵ ਸਿੰਘ ਵਾਸੀ  ਬੁੱਟਰ ਕਲਾਂ, ਮੋਗਾ; ਅਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਾਨੁਪੁਰ, ਸਮਰਾਲਾ, ਖੰਨਾ; ਪਲਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਬੁੱਟਰ ਕਲਾਂ, ਮੋਗਾ ਅਤੇ ਅਮਰੀਕ ਸਿੰਘ ਉਰਫ ਅੰਗਰੇਜ਼ ਸਿੰਘ ਪੁੱਤਰ ਮਦਨ ਲਾਲ ਵਾਸੀ ਲੋਪਨ, ਸਮਰਾਲਾ, ਖੰਨਾ ਵਜੋਂ ਹੋਈ ਹੈ।
ਗੁਪਤਾ ਨੇ ਦੱਸਿਆ ਕਿ ਬੁੱਟਰ ਸਾਬਕਾ ਸਰਪੰਚ ਸ਼ਿੰਦਰ ਸਿੰਘ ਦੇ ਸਾਥੀਆਂ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦਾ ਮੁੱਖ ਮੁਲਜ਼ਮ ਵੀ ਹੈ। ਉਸਨੇ ਫੇਸਬੁੱਕ `ਤੇ ਵੀ ਉਕਤ ਘਟਨਾ ਦੀ ਜ਼ਿੰਮੇਵਾਰੀ ਦਾ ਦਾਅਵਾ ਕਰਦਿਆਂ ਵੀਡੀਓ ਅਪਲੋਡ ਕੀਤੇ ਸਨ ਅਤੇ ਸਾਬਕਾ ਸਰਪੰਚ ਸ਼ਿੰਦਰ ਸਿੰਘ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ।

ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਪਲਵਿੰਦਰ ਸਿੰਘ ਉਰਫ ਪਿੰਦਾ, ਮੋਗਾ ਦੇ  ਬਦਨੀ ਕਲਾਂ ਪੁਲੀਸ ਥਾਣੇ ਵਿਖੇ ਦਰਜ ਗੈਂਗਸਟਰ ਕੁਲਦੀਪ ਸਿੰਘ ਉਰਫ ਕੀਪਾ ਦੇ ਕਤਲ ਕੇਸ ਵਿੱਚ ਭਗੌੜਾ ਅਪਰਾਧੀ ਹੈ। ਅਮਰੀਕ ਸਿੰਘ ਖਿਲਾਫ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ। ਇਸੇ ਤਰ੍ਹਾਂ ਅਮ੍ਰਿਤਪਾਲ ਸਿੰਘ `ਤੇ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *