ਮੋਗਾ, 7 ਮਾਰਚ (ਜਗਰਾਜ ਲੋਹਾਰਾ)-ਬੀਤੇ ਦੋ ਦਿਨ ਪਹਿਲਾਂ ਸਿਹਤ ਵਿਭਾਗ ਮੋਗਾ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਸੀ ਜਦ ਕਸਬਾ ਬੱਧਨੀ ਖ਼ੁਰਦ ਨਾਲ ਸਬੰਧਿਤ ਇਕ 32 ਸਾਲਾ ਨੌਜਵਾਨ ਡੁਬਈ ਤੋਂ ਆਉਣ ਤੋਂ ਬਾਅਦ ਸਿਵਲ ਹਸਪਤਾਲ ਮੋਗਾ ਵਿਖੇ ਸਾਹ ਲੈਣ ‘ਚ ਤਕਲੀਫ਼ ਸਬੰਧੀ ਆਪਣਾ ਚੈੱਕਅਪ ਕਰਵਾਉਣ ਆਇਆ ਸੀ ਤੇ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ ਜਦ ਉਸ ਦਾ ਚੈੱਕਅਪ ਡਾ. ਸਾਹਿਲ ਗੁਪਤਾ ਨੇ ਕੀਤਾ ਤਾਂ ਉਸ ਨੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਣ ਦੀ ਹਦਾਇਤ ਕੀਤੀ ਸੀ ਕਿਉਂਕਿ ਉਸ ਦੇ ਮੁੱਢਲੇ ਟੈੱਸਟਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਸੇ ਸਨ, ਪਰ ਪੀੜਤ ਨੌਜਵਾਨ ਘਬਰਾ ਕੇ ਸਿਵਲ ਹਸਪਤਾਲ ਮੋਗਾ ਤੋਂ ਡਾਕਟਰਾਂ ਨੂੰ ਬਿਨਾਂ ਦੱਸੇ ਚਲਾ ਗਿਆ ਸੀ ਪਰ ਸਿਹਤ ਵਿਭਾਗ ਦੀ ਟੀਮ ਉਸ ਨੂੰ ਘਰ ਤੋਂ ਸਿਵਲ ਹਸਪਤਾਲ ਦੁਬਾਰਾ ਲੈ ਆਈ ਸੀ, ਜਿੱਥੇ ਉਸ ਦੇ ਬਲੱਡ ਸੈਂਪਲ ਤੇ ਗਲੇ ਦਾ ਸਵੈਬ ਟੈੱਸਟ ਏਮਜ਼ ਹਸਪਤਾਲ ਦਿੱਲੀ ਦੀ ਲੈਬਾਰਟਰੀ ਭੇਜ ਦਿੱਤਾ ਗਿਆ ਸੀ ਤੇ ਜਿਸ ਦੀ ਰਿਪੋਰਟ ਅੱਜ 2:30 ਵਜੇ ਦੇ ਕਰੀਬ ਆਨਲਾਈਨ ਆਉਣੀ ਸੀ ਪਰ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਨਰੇਸ਼ ਕੁਮਾਰ ਨੇ ਆਨਲਾਈਨ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਰਿਪੋਰਟ ਦਾ ਨੈਗੇਟਿਵ ਹੋਣ ਦਾ ਖ਼ੁਲਾਸਾ ਕਰ ਕੇ ਸਿਵਲ ਵਿਭਾਗ ਦੇ ਪ੍ਰਬੰਧਾਂ ਨੂੰ ਛਿੱਕੇ ਟੰਗ ਦਿੱਤਾ, ਜਦਕਿ ਇਸ ਸੰਵੇਦਨਸ਼ੀਲ ਮਾਮਲੇ ਵਿਚ ਆਨਲਾਈਨ ਰਿਪੋਰਟ ਆਉਣ ਤੋਂ ਬਾਅਦ ਹੀ ਸਿਹਤ ਵਿਭਾਗ ਦੇ ਸਿਵਲ ਸਰਜਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਦੀ ਪੁਸ਼ਟੀ ਕਰਨੀ ਬਣਦੀ ਸੀ ਤਾਂ ਕਿ ਲੋਕਾਂ ਵਿਚ ਛਾਇਆ ਕੋਰੋਨਾ ਦਾ ਸਹਿਮ ਦੂਰ ਹੁੰਦਾ | ਗੌਰਤਲਬ ਹੈ ਕਿ ਇਸ ਸਬੰਧੀ ਵਾਰ-ਵਾਰ ਸਿਵਲ ਸਰਜਨ ਡਾ. ਅੰਦੇਸ਼ ਕੰਗ, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਐਸ.ਐਮ.ਓ. ਡਾ. ਰਾਜੇਸ਼ ਅੱਤਰੀ ਆਦਿ ਅਧਿਕਾਰੀਆਂ ਨੂੰ ਵਾਰ-ਵਾਰ ਫ਼ੋਨ ਕਰਨ ‘ਤੇ ਵੀ ਉਨ੍ਹਾਂ ਇਸ ਸਬੰਧੀ ਚੁੱਪੀ ਧਾਰੀ ਰੱਖੀ ਜੋ ਇਸ ਸੰਵੇਦਨਸ਼ੀਲ ਮਾਮਲੇ ਨੂੰ ਸ਼ੱਕੀ ਕਰਦੀ ਹੈ | ਸਿਵਲ ਹਸਪਤਾਲ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਾਉਣ ‘ਤੇ ਦੱਸਿਆ ਕਿ ਪੀੜਤ ਨੌਜਵਾਨ ਦੀ ਏਮਜ਼ ਤੋਂ ਜੋ ਰਿਪੋਰਟ ਆਨਲਾਈਨ ਆਈ ਹੈ ਉਸ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ, ਜਦਕਿ ਉਸ ਨੂੰ ਹਲਕਾ ਨਮੂਨੀਆ ਤੇ ਛਾਤੀ ਦੀ ਇਨਫੈਕਸ਼ਨ ਹੀ ਸਾਹਮਣੇ ਆਈ ਹੈ | ਵਿਸ਼ਵ ਵਿਆਪੀ ਫੈਲੇ ਇਸ ਕੋਰੋਨਾ ਵਾਇਰਸ ਦੇ ਗੰਭੀਰ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਬਜਾਏ ਰਿਪੋਰਟ ਜਨਤਕ ਕਰਨ ‘ਤੇ ਚੁੱਪੀ ਕਿਉਂ ਧਾਰੀ ਹੋਈ ਹੈ, ਇਹ ਸਵਾਲ ਸਿਹਤ ਵਿਭਾਗ ਮੋਗਾ ਦੇ ਆਪਣੇ ਦਾਅਵਿਆਂ ਦੀ ਆਪ ਪੋਲ ਖੋਲ੍ਹਦਾ ਹੈ |