ਨਵੀਂ ਦਿੱਲੀ: ਦਿੱਲੀ ‘ਚ ਦਰਿੰਦਿਆਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਨਿਰਭਿਆ ਨੂੰ ਆਖਿਰਕਾਰ ਅੱਜ 7 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਇਨਸਾਫ ਮਿਲ ਹੀ ਗਿਆ। ਸੁਪਰੀਮ ਕੋਰਟ ਨੇ ਅੱਧੀ ਰਾਤ ਹੋਈ ਸੁਣਵਾਈ ‘ਚ ਨਿਰਭਿਆ ਨਾਲ ਸਾਮੂਹਕ ਬਲਾਤਕਾਰ ਤੇ ਕਲਤਕਾਂਡ ਦੇ ਦੋਸ਼ੀਆਂ ਦੀ ਫਾਂਸੀ ‘ਤੇ ਆਪਣੀ ਆਖਰੀ ਮੋਹਰ ਲਗਾਈ। ਦੋਸ਼ੀਆਂ ਨੂੰ ਅੱਜ ਸਵੇਰੇ 5.30 ਵਜੇ ਫਾਂਸੀ ਤੇ ਲਟਕਾ ਦਿੱਤਾ ਗਿਆ।
6 ਪਟੀਸ਼ਨਾਂ ਹੋਈਆਂ ਖਾਰਜ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਪਵਨ ਗੁਪਤਾ ਅਤੇ ਅਕਸ਼ੈ ਠਾਕੁਰ ਦੀ ਦੂਜੀ ਦਿਆ ਯਾਚਿਕਾ ਨਾ ਮਨਜ਼ੂਰ ਕਰ ਦਿੱਤੀ।
ਅਕਸ਼ੈ ਨੇ ਰਾਸ਼ਟਰਪਤੀ ਵੱਲੋਂ ਦੂਜੀ ਦਿਆ ਯਾਚਿਕਾ ਠੁਕਰਾਉਣ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਅਦਾਲਤ ਨੇ ਇਸ ਨੂੰ ਵੀ ਖਾਰਜ ਕੀਤਾ।
ਸੁਪਰੀਮ ਕੋਰਟ ਨੇ ਦੋਸ਼ੀ ਮੁਕੇਸ਼ ਸਿੰਘ ਦੀ ਮੰਗ ਨੂੰ ਖਾਰਜ ਕਰ ਦਿੱਤਾ। ਮੁਕੇਸ਼ ਨੇ ਦਾਅਵਾ ਕੀਤਾ ਸੀ ਕਿ ਗੈਂਗਰੇਪ ਵੇਲੇ ਉਹ ਦਿੱਲੀ ਵਿੱਚ ਹੀ ਨਹੀਂ ਸੀ।
ਸੁਪਰੀਮ ਕੋਰਟ ਵਿੱਚ ਹੀ ਦੋਸ਼ੀ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਖਾਰਜ ਹੋ ਗਈ ।
ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ 3 ਦੋਸ਼ੀਆਂ ਦੀ ਫ਼ਾਂਸੀ ‘ਤੇ ਰੋਕ ਲਗਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ।
ਕਿੰਨੀ ਵਾਰ ਖਾਰਜ ਹੋਏ ਡੈੱਥ ਵਾਰੰਟ?
ਪਹਿਲੀ ਵਾਰ- 22 ਜਨਵਰੀ ਨੂੰ ਸਵੇਰੇ 6 ਵਜੇ ਫ਼ਾਂਸੀ ਹੋਣੀ ਸੀ ਪਰ ਟਲ ਗਈ।
ਦੂਜੀ ਵਾਰ- 1 ਫਰਵਰੀ ਨੂੰ ਫ਼ਾਂਸੀ ਦੇਣ ਦਾ ਡੈੱਥ ਵਾਰੰਟ ਜਾਰੀ ਕੀਤਾ ਗਿਆ ਪਰ ਫ਼ਾਂਸੀ ਨਹੀਂ ਹੋਈ।
ਤੀਜੀ ਵਾਰ- 3 ਮਾਰਚ ਨੂੰ ਸਵੇਰੇ 6 ਵਜੇ ਫ਼ਾਂਸੀ ਹੋਣੀ ਸੀ ਪਰ ਦੋਸ਼ੀ ਪਵਨ ਕੋਲ ਕਾਨੂੰਨੀ ਵਿਕਲਪ ਬਚੇ ਹੋਣ ਦੇ ਚਲਦੇ ਫ਼ਾਂਸੀ ਟਲੀ ।
ਚੌਥੀ ਵਾਰ- ਦਿੱਲੀ ਕੋਰਟ ਨੇ 5 ਮਾਰਚ ਨੂੰ ਸਵੇਰੇ 5:30 ਵਜੇ ਫ਼ਾਂਸੀ ਦਾ ਆਦੇਸ਼ ਦਿੱਤਾ ਸੀ
16 ਦਿਸੰਬਰ ਦੀ ਕਾਲੀ ਰਾਤ
ਦਿੱਲੀ ਵਿੱਚ ਪੈਰਾਮੈਡਿਕਲ ਵਿਦਿਆਰਥਣ ਨਾਲ 16 ਦਸੰਬਰ 2012 ਦੀ ਰਾਤ 6 ਲੋਕਾਂ ਨੇ ਚਲਦੀ ਬਸ ਵਿੱਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ ਵਿੱਚ ਇਲਾਜ ਦੌਰਾਨ ਨਿਰਭਿਆ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਸਤੰਬਰ 2013 ਵਿੱਚ ਹੇਠਲੀ ਅਦਾਲਤ ਨੇ 5 ਦੋਸ਼ੀਆਂ ਰਾਮ ਸਿੰਘ, ਪਵਨ, ਅਕਸ਼ੈ, ਵਿਨੈ ਅਤੇ ਮੁਕੇਸ਼ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 ਵਿੱਚ ਹਾਈਕੋਰਟ ਅਤੇ ਮਈ 2017 ਵਿੱਚ ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖੀ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਫ਼ਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇੱਕ ਹੋਰ ਦੋਸ਼ੀ ਨਾਬਾਲਗ ਹੋਣ ਕਾਰਨ 3 ਸਾਲ ਵਿੱਚ ਸੁਧਾਰ ਘਰ ਤੋਂ ਛੁੱਟ ਚੁੱਕਿਆ ਹੈ ।