ਕੋਵਿਡ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਹੋਵੇਗੀ ਲਾਜ਼ਮੀ-ਜ਼ਿਲ੍ਹਾ ਮੈਜਿਸਟ੍ਰੇਟ
ਮੋਗਾ, 16 ਜੂਨ (ਜਗਰਾਜ ਸਿੰਘ ਗਿੱਲ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ 19 ਦੇ ਮਾਮਲਿਆਂ ਦੀ ਸਥਿਤੀ ਨੂੰ ਵਿਚਾਰਦੇ ਹੋਏ ਸਰਕਾਰ ਦੇ ਮਿਸ਼ਨ ਫਤਹਿ ਤਹਿਤ ਜ਼ਿਲ੍ਹਾ ਮੋਗਾ ਵਿੱਚ ਕੋਵਿਡ ਨਾਲ ਸਬੰਧਤ ਲਗਾਈਆਂ ਪਾਬੰਦੀਆਂ ਦੇ ਹੁਕਮਾਂ ਵਿੱਚ ਕੁਝ ਹੋਰ ਢਿੱਲਾਂ ਕੀਤੀਆਂ ਗਈਆਂ ਹਨ। ਨਵੀਆਂ ਢਿੱਲਾਂ ਦੇ ਆਦੇਸ਼ 25 ਜੂਨ, 2021 ਤੱਕ ਲਾਗੂ ਕੀਤੇ ਗਏ ਹਨ।
ਸ੍ਰੀ ਸੰਦੀਪ ਹੰਸ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਅਤੇ ਨਿੱਜੀ ਖੇਤਰ ਦੋਵਾਂ ਵਿੱਚ ਸਾਰੀਆਂ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਨਿਰਮਾਣ ਅਤੇ ਸਪਲਾਈ ਨਾਲ ਸਬੰਧਤ ਮੈਨੂਫੈਕਚਰਿੰਗ ਅਤੇ ਡਿਸਟ੍ਰੀਬਿਊਸ਼ਨ ਯੁਨਿਟ, ਡਿਸਪੈਂਸਰੀਆਂ, ਕੈਮਿਸਟ ਸ਼ਾਪ, ਮੈਡੀਕਲ ਉਪਰਕਣ ਦੀਆਂ ਦੁਕਾਨਾਂ, ਲੈਬਾਰਟਰੀਆਂ, ਕਲੀਨਿਕਸ, ਨਰਸਿੰਗ ਹੋਮ, ਐਂਬੂਲੈਂਸ ਆਦਿ ਅਤੇ ਹਸਪਤਾਲਾਂ ਦੇ ਅੰਦਰ ਮੌਜੂਦ ਕੰਟੀਨਾਂ ਹਫ਼ਤੇ ਦੇ ਸਾਰੇ ਦਿਨ 24 ਘੰਟੇ ਖੁੱਲ੍ਹੀਆਂ ਰਹਿਣਗੀਆਂ।
ਜਿਲ੍ਹੇ ਵਿਚਲੇ ਪੈਟਰੋਲ ਪੰਪ, ਸੀ.ਐਨ.ਜੀ. ਪੰਪ, ਪੈਟਰੋਲ ਪੰਪਾਂ ਦੇ ਨਾਲ ਲੱਗਦੀਆਂ ਪੈਂਚਰਾਂ ਦੀਆਂ ਦੁਕਾਨਾਂ ਵੀ ਹਫ਼ਤੇ ਦੇ ਸਾਰੇ ਦਿਨ 24 ਘੰਟੇ ਖੁੱਲ੍ਹੀਆਂ ਰਹਿ ਸਕਦੀਆਂ ਹਨ। ਕਣਕ ਦੀ ਸਾਂਭ ਸੰਭਾਲ ਨਾਲ ਸਬੰਧਤ ਹਰ ਇੱਕ ਮੂਵਮੈਂਟ ਨੂੰ ਕਰਫਿਊ ਨੂੰ ਹਫ਼ਤੇ ਦੇ ਸਾਰੇ ਦਿਨ 24 ਘੰਟੇ ਜਾਰੀ ਰੱਖਣ ਦੀ ਆਗਿਆ ਹੋਵੇਗੀ। ਕਣਕ/ਚਾਵਲ/ਯੂਰੀਆ ਆਦਿ ਸਬੰਧੀ ਲੱਗਣ ਵਾਲੀਆਂ ਸਪੈਸ਼ਲਾਂ ਅਤੇ ਇਨ੍ਹਾਂ ਸਪੈਸ਼ਲਾਂ ਨੂੰ ਭਰਨ ਲਈ ਲੇਬਰ ਅਤੇ ਟਰਾਂਸਪੋਰਟ ਦੀ ਮੂਵਮੈਂਟ ਦੀ ਆਗਿਆ ਹੋਵੇਗੀ। ਇਸ ਸਬੰਧ ਵਿੱਚ ਡਿਊਟੀ ਪਾਸ ਡੀ.ਐਫ.ਐਸ.ਸੀ. ਮੋਗਾ ਵੱਲੋਂ ਜਾਰੀ ਕੀਤੇ ਜਾਣਗੇ।
ਸਬਜੀ ਮੰਡੀ (ਹੋਲਸੇਲਰ) ਆਪਣਾ ਕੰਮ ਸਵੇਰੇ 10 ਵਜੇ ਤੱਕ ਹਰ ਹਾਲਤ ਵਿੱਚ ਸਮਾਪਤ ਕਰਨਗੇ। ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਬਜ਼ੀ ਮੰਡੀ ਕੇਵਲ ਫਲ ਅਤੇ ਸਬਜੀਆਂ ਦੇ ਹੋਲਸੇਲਰ ਵਪਾਰੀਆਂ ਲਈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 5 ਵਜੇ ਤੋਂ ਸਵੇਰੇ 10 ਵਜੇ ਤੱਕ ਖੁੱਲ੍ਹੇਗੀ। ਜੇਕਰ ਕੋਈ ਵਿਅਕਤੀ ਰਿਟੇਲ ਕਰਦਾ ਪਾਇਆ ਜਾਂਦਾ ਹੈ ਤਾਂ ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ।
ਡੇਅਰੀ ਪ੍ਰੋਡਕਟ ਜਿਵੇਂ ਕਿ ਦੁੱਧ, ਦਹੀਂ, ਮੱਖਣ, ਘਿਉ, ਕਰੀਮ, ਪਨੀਰ ਖੋਆ ਆਦਿ ਨਾਲ ਸਬੰਧਤ ਸੇਵਾਵਾਂ ਜਾਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਸਵੇਰੇ 5 ਤੋਂ ਸ਼ਾਮੀ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਪੋਲਟਰੀ ਉਤਪਾਦ ਜਿਵੇਂ ਕਿ ਅੰਡੇ, ਮੀਟ ਦੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਸਵੇਰੇ 9 ਵਜੇ ਤੋਂ ਸ਼ਾਮੀ 7 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ।
ਬੈਂਕ ਆਪਣੇ ਸਾਰੇ ਕੰਮਕਾਜ ਵਾਲੇ ਦਿਨ 50 ਫੀਸਦੀ ਸਟਾਫ ਨਾਲ ਖੁੱਲ੍ਹੇ ਰਹਿਣਗੇ। ਬੈਂਕਾਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪਬਲਿਕ ਡੀਲਿੰਗ ਅਤੇ ਉਸ ਉਪਰੰਤ 4 ਵਜੇ ਤੱਕ ਦਫ਼ਤਰੀ ਕੰਮ ਕਾਜ ਕਰਨ ਦੀ ਆਗਿਆ ਹੋਵੇਗੀ।
ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ/ਸਕੂਲ/ਕਾਲਜ/ਕੋਚਿੰਗ ਸੈਂਟਰ/ਆਈਲੈਟਸ ਸੈਂਟਰ (ਕੇਵਲ ਟੀਚਿੰਗ ਅਤੇ ਨਾਲ ਟੀਚਿੰਗ ਸਟਾਫ਼ 50 ਫੀਸਦੀ ਸਮਰੱਥਾ ਨਾਲ) ਆਨਲਾਈਨ ਕਲਾਸਾਂ ਅਤੇ ਦਫ਼ਤਰੀ ਕੰਮਾਂ ਲਈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਖੁੱਲ੍ਹੇ ਰਹਿਣਗੇ।
ਬਾਕੀ ਸਾਰੀਆਂ ਦੁਕਾਨਾਂ/ਕਾਰੋਬਾਰ (ਟਰੇਡ ਸ੍ਰੇਣੀ ਵਿੱਚ ਟੈਕਸ ਪ੍ਰੋਫੈਸ਼ਨਲ, ਆਰਕੀਟੈਕਟ, ਸੀ.ਏ. ਆਦਿ ਕਵਰ ਹੋਣਗੇ) , ਹਲਵਾਈ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਸ਼ਰਾਬ ਦੇ ਠੇਕੇ ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿਣਗੇ।
ਰੈਸਟੋਰੈਂਟ (ਸਮੇਤ ਇਨ੍ਹਾਂ ਵਿਚਲੇ ਹੋਟਲ), ਕੈਫੇਜ਼, ਕਾਫ਼ੀ ਸ਼ਾਪ, ਫਾਸਟ ਫੂਡ ਆਊਟਲਿਟਸ, ਢਾਬੇ ਆਦਿ, ਸਿਨੇਮਾ ਹਾਲ, ਜਿੰਮ, ਮਿਊਜ਼ਿਅਮ, (ਉਕਤ ਜਗ੍ਹਾਵਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੋਵਿਡ ਵੈਕਸੀਨ ਦੀ ਘੱਟੋ ਘੱਟ 1 ਡੋਜ਼ ਲਈ ਹੋਣੀ ਲਾਜ਼ਮੀ ਹੋਵੇਗੀ) ਇਹ ਸਭ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮੀ 7 ਵਜੇ ਤੱਕ 50 ਫੀਸਦੀ ਦੀ ਸਮਰੱਥਾ ਨਾਲ ਖੁੱਲ੍ਹਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਬਾਰਜ਼, ਪੱਬ ਅਤੇ ਅਹਾਤੇ ਫਿਲਹਾਲ ਬੰਦ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਹਫ਼ਤਾਵਰੀ ਕਰਫਿਊ ਸ਼ਨੀਵਾਰ ਸ਼ਾਮੀ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਦੁਕਾਨਾਂ ਦੇ ਖੋਲ੍ਹਣ ਦੇ ਸਮੇਂ ਵਿੱਚ ਕੀਤੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਕਾਨਾਂ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਯਕੀਨੀ ਬਣਾਉਣ ਦੀ ਜਿੰਮੇਵਾਰੀ ਖੁਦ ਦੁਕਾਨ ਦੇ ਮਾਲਕ/ਸੇਲਜਮੈਨ ਦੀ ਹੋਵੇਗੀ। ਜਨਤਕ ਥਾਵਾਂ ਵਿੱਚ ਕੋਵਿਡ ਢੁਕਵਾਂ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਵਿਭਾਗਾਂ ਦੀਆਂ ਸੰਯੁਕਤ ਟੀਮਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਜੋ ਕਿ ਉਕਤ ਦੀ ਉਲੰਘਣਾ ਦੀ ਸੂਰਤ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਚਲਾਣ ਦੀ ਕਾਰਵਾਈ ਅਮਲ ਵਿੱਚ ਲਿਆਉਣਗੀਆਂ।
ਜ਼ਿਲ੍ਹਾ ਮੋਗਾ ਵਿੱਚ ਲਾਕਡਾਊਯਨ ਦੌਰਾਨ ਹੇਠ ਲਿਖੇ ਅਨੁਸਾਰ ਕਾਰਜ/ਗਤੀਵਿਧੀਆਂ ਤੇ ਪਾਬੰਦੀ ਹੈ
ਪੰਜਾਬ ਰਾਜ ਵਿੱਚ ਹਵਾਈ ਯਾਤਰਾ ਰਾਹੀਂ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਵੱਧ ਤੋਂ ਵੱਧ 72 ਘੰਟੇ ਪੁਰਾਣੀ ਕੋਵਿਡ ਨੇਗੇਟਿਵ ਰਿਪੋਰਟ ਜਾਂ ਘੱਟ ਤੋਂ ਘੱਟ 14 ਦਿਨ ਪੁਰਾਣਾ ਵੈਕਸੀਨੇਸ਼ਨ ਸਰਟੀਫਿਕੇਟ ਲਾਜ਼ਮੀ ਹੋਵੇਗਾ।
ਨਾਨ ਏ.ਸੀ. ਬੱਸਾਂ ਨੂੰ ਬੈਠਣ ਦੀ ਪੂਰੀ ਸਮਰੱਥਾ ਨਾਲ ਚੱਲਣ ਦੀ ਆਗਿਆ ਹੋਵੇਗੀ, ਪ੍ਰੰਤੂ ਕੋਈ ਯਾਤਰੀ ਖੜ੍ਹਾ ਹੋ ਕੇ ਯਾਤਰਾ ਨਹੀਂ ਕਰੇਗਾ। ਏ.ਸੀ. ਬੱਸਾਂ ਨੂੰ 50 ਫੀਸਦੀ ਸਮਰੱਥਾ ਨਾਲ ਚੱਲਣ ਦੀ ਆਗਿਆ ਹੋਵੇਗੀ।
ਸਾਰੇ ਵਿੱਦਿੱਅਕ ਅਦਾਰੇ ਜਿਵੇਂ ਕਿ ਸਕੂਲ ਕਾਲਜ ਬੰਦ ਰਹਿਣਗੇ।
ਵਿਆਹ ਸਮਾਰੋਹ/ਅੰਤਿਮ ਸੰਸਕਾਰ ਵਿੱਚ 50 ਵਿਅਕਤੀਆਂ ਦੇ ਇਕੱਠ ਕਰਨ ਦੀ ਇਜ਼ਾਜਤ ਹੋਵੇਗੀ।
ਹੇਠ ਲਿਖੇ ਅਦਾਰਿਆਂ ਨੂੰ ਹਫ਼ਤਾਵਰੀ ਕਰਫਿਊ ਦੀਆਂ ਪਾਬੰਦੀਆਂ ਤੋਂ ਛੋਟ ਹੋਵੇਗੀ
ਜੇਕਰ ਕੋਈ ਵੀ ਵਿਅਕਤੀ ਦਵਾਈ ਦੀ ਖਰੀਦ ਲਈ ਕਰਫਿਊ ਦੇ ਸਮੇਂ ਦੌਰਾਨ ਬਾਹਰ ਆਉਂਦਾ ਹੈ ਤਾਂ ਉਸ ਕੋਲ ਡਾਕਟਰ ਦੀ ਪਰਚੀ ਹੋਣੀ ਜਰੂਰੀ ਹੋਣੀ ਚਾਹੀਦੀ ਹੈ। ਬਗੈਰ ਠੋਸ ਕਾਰਣ ਬਾਹਰ ਘੁੰਮਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਫੈਕਟਰੀਆਂ ਜਿਵੇਂ ਕਿ ਨੈਸਲੇ, ਪਾਰਸ, ਪੀ-ਮਾਰਕ, ਕੈਟਲ ਫੀਡ ਅਤੇ ਪੋਲਟਰੀ ਫੀਡ, ਖੇਤੀਬਾੜੀ ਸੰਦ ਅਤੇ ਹੋਰ ਜੋ ਕਿ ਜ਼ਿਲ੍ਹੇ ਭਰ ਅਤੇ ਫੋਕਲ ਪੁਆਇੰਟ, ਮੋਗਾ ਵਿਖੇ ਸਥਿਤ ਹਨ, ਵਿੱਚ ਸਿਫ਼ਟਾਂ ਦੇ ਸੰਚਾਲਨ ਦੀ ਹਫ਼ਤੇ ਦੇ ਸਾਰੇ ਦਿਨ 24 ਘੰਟੇ ਆਗਿਆ ਹੋਵੇਗੀ ਅਤੇ ਉਨ੍ਹਾਂ ਦੇ ਉਦਯੋਗਪਤੀਆਂ, ਮੈਨੇਜਰ ਅਤੇ ਮੈਨੇਜੀਰੀਅਲ ਸਟਾਫ਼, ਮੁਲਾਜ਼ਮਾਂ ਸਮੇਤ ਉਨ੍ਹਾਂ ਦੇ ਵਾਹਨਾਂ ਨੂੰ ਇਨ੍ਹਾਂ ਵਿਅਕਤੀਆਂ ਦੇ ਸ਼ਨਾਖਤੀ ਕਾਰਡ/ਆਥੋਰਾਈਜੇਸ਼ਨ ਪੱਤਰ ਪੇਸ਼ ਕਰਨ ਦੀ ਸੂਰਤ ਵਿੱਚ ਕਰਫਿਊ ਸਮੇਂ ਦੌਰਾਨ ਆਵਾਜਾਈ ਦੀ ਆਗਿਆ ਹੋਵੇਗੀ। ਇਹ ਆਗਿਆ ਇਸ ਸ਼ਰਤ ਦੇ ਦਿੱਤੀ ਜਾਂਦੀ ਹੈ ਕਿ ਸਬੰਧਤ ਅਦਾਰਿਆਂ ਵੱਲੋਂ ਕੋਵਿਡ ਢੁਕਵਾਂ ਵਿਵਹਾਰ ਜਿਵੇਂ ਕਿ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਫੈਕਟਰੀ/ਅਦਾਰੇ ਵਿੱਚ ਸੈਨੀਟਾਈਜੇਸ਼ਨ ਕਰਵਾਉਣ ਆਦਿ ਨੂੰ ਯਕੀਨੀ ਬਣਾਇਆ ਜਾਵੇਗਾ।
ਸਕਿਉਰਿਟੀ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਜਿੰਨ੍ਹਾਂ ਦੇ ਵਰਦੀ ਪਾਈ ਹੋਵੇਗੀ ਉਨ੍ਹਾਂ ਨੂੰ ਸ਼ਨਾਖਤੀ ਕਾਰਡ ਵਿਖਾਉਣ ਤੇ ਕਰਫਿਊ ਦੌਰਾਨ ਡਿਊਟੀ ਵਾਲੀ ਥਾਂ ਤੇ ਜਾਣ ਅਤੇ ਡਿਊਟੀ ਉਪਰੰਤ ਵਾਪਸ ਆਉਣ ਦੀ ਆਗਿਆ ਹੋਵੇਗੀ।
ਪੰਜਾਬ ਤੋਂ ਬਾਹਰ ਜਾਣ ਜਾਂ ਅੰਦਰ ਆਉਣ ਵਾਲੇ ਯਾਤਰੀਆਂ ਦੇ ਸਫ਼ਰ ਦੇ ਦਸਤਾਵੇਜ਼ (ਯਾਤਰਾ ਟਿਕਟ ਆਦਿ) ਪੇਸ਼ ਕਰਨ ਤੇ ਕਰਫਿਊ ਦੌਰਾਨ ਹਵਾਈ ਅੱਡੇ, ਰੇਲਵੇ ਸਟੇਸ਼ਨ, ਬੱਸ ਅੱਡੇ ਜਾਂ ਆਪਣੇ ਘਰ ਤੱਕ ਯਾਤਰਾ ਕਰਨ ਦੀ ਆਗਿਆ ਹੋਵੇਗੀ।
ਸ਼ਹਿਰੀ ਅਤੇ ਪੇਡੂ ਇਲਾਕੇ ਵਿੱਚ ਉਸਾਰੀ ਦੇ ਕੰਮ ਵੀ ਜਾਰੀ ਰੱਖੇ ਜਾ ਸਕਦੇ ਹਨ।
ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਨਰੀ ਸੇਵਾਵਾਂ ਨੂੰ ਉਕਤ ਪਾਬੰਦੀਆਂ ਤੋਂ ਛੋਟ ਹੋਵੇਗੀ।
ਵੈਕਸੀਨੇਸ਼ਨ ਰੀਚ ਆਊਟ ਕੈਂਪ ਵੀ ਲਗਾਏ ਜਾ ਸਕਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆ ਵਲੋਂ ਕੋਵਿਡ ਦੇ ਢੁਕਵਾਂ ਵਿਵਹਾਰ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਬਣਾਈ ਰੱਖਣਾ, ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਨਿਯਮਤ ਕਰਨਾ, ਕੋਵਿਡ ਢੁਕਵਾਂ ਵਿਵਹਾਰ ਜਿਵੇਂ ਕਿ ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾਲ ਥੁੱਕਣਾ ਅਮਲ ਵਿੱਚ ਲਿਆਉਣਾ ਯਕੀਨੀ ਬਣਾਇਆ ਜਾਵੇਗਾ।
ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਉਪਰਕੋਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।