ਮੋਗਾ, 31 ਜਨਵਰੀ (ਜਗਰਾਜ ਸਿੰਘ ਗਿੱਲ)
ਵੋਟ ਹਰ ਇੱਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ, ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਸਾਡੀ ਵੋਟ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਇਸ ਲਈ ਹਰ ਇੱਕ ਯੋਗ ਨਾਗਰਿਕ ਦਾ ਵੋਟ ਦੀ ਅਹਿਮੀਅਤ ਨੂੰ ਸਮਝਣਾ, ਇਸ ਨੂੰ ਸਮੇਂ ਸਿਰ ਬਣਾਉਣਾ ਅਤੇ ਇਸਦਾ ਸਦਉਪਯੋਗ ਕਰਨਾ ਬੜਾ ਲਾਜ਼ਮੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਆਪਣੀ ਵੋਟ ਨਾਲ ਸਬੰਧਤ ਸੇਵਾਵਾਂ ਲੈਣ ਦੀ ਪ੍ਰਣਾਲੀ ਨੂੰ ਹੋਰ ਡਿਜ਼ੀਟਲ ਰੂਪ ਦਿੰਦਿਆਂ ਈ-ਏਪਿਕ ਕਾਰਡ ਦੀ ਸਹੂਲੀਅਤ ਮੁਹੱਈਆ ਕਰਵਾ ਦਿੱਤੀ ਹੈ, ਜਿਹੜੀ ਕਿ ਵੋਟਰ ਪੋਰਟਲ ਜਾਂ ਵੋਟਰ ਹੈਲਪਲਾਈਨ ਮੋਬਾਇਲ ਐਪ ਰਾਹੀਂ ਲਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਈ-ਏਪਿਕ ਕਾਰਡ, ਵੋਟਰ ਕਾਰਡ ਦਾ ਇੱਕ ਡਿਜ਼ੀਟਲ ਰੂਪ ਹੈ ਜਿਸ ਨੂੰ ਕਿ ਵੋਟਰ ਕਿਸੇ ਵੇਲੇ ਵੀ ਆਪਣੇ ਮੋਬਾਇਲ ਫੋਨ ਜਾਂ ਕੰਪਿਊਟਰ ਉੱਪਰ ਪ੍ਰਾਪਤ ਕਰ ਸਕਦਾ ਹੈ।ਈ-ਏਪਿਕ ਕਾਰਡ ਦੋ ਤਰੀਕਿਆਂ ਨਾਲ ਵੋਟਰ ਹੈਲਪਲਾਈਨ ਮੋਬਾਇਲ ਐਪ ਰਾਹੀਂ ਜਾਂ ਵੋਟਰ ਪੋਰਟਲ http://voterportal.eci.gov.in/ ਜਾਂ https://nvsp.in/ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਨੂੰ ਭਾਰਤ ਚੋਣ ਕਮਿਸ਼ਨ ਨੇ ਨੈਸ਼ਨਲ ਵੋਟਰ ਦਿਵਸ 25 ਜਨਵਰੀ, 2021 ਦੇ ਦਿਨ ਸ਼ੁਰੂ ਕੀਤਾ ਹੈ। 31 ਜਨਵਰੀ, 2021 ਤੱਕ ਇਸ ਸੁਵਿਧਾ ਦਾ ਲਾਭ ਕੇਵਲ ਨਵੇਂ ਵੋਟਰਾਂ ਨੂੰ ਮਿਲ ਰਿਹਾ ਹੈ, ਪ੍ਰੰਤੂ 1 ਫਰਵਰੀ, 2021 ਤੋਂ ਬਾਅਦ ਇਸ ਨੂੰ ਸਾਰੇ ਵੋਟਰ ਪ੍ਰਾਪਤ ਕਰ ਸਕਦੇ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵੋਟਰ ਨੂੰ ਆਪਣਾ ਡਿਜ਼ੀਟਲ ਰੂਪੀ ਵੋਟਰ ਕਾਰਡ (ਈ-ਏਪਿਕ) ਨੂੰ ਪ੍ਰਾਪਤ ਕਰਨ ਲਈ ਪੋਰਟਲ https://nvsp.in/ ਰਾਹੀਂ ਜਾਂ ਵੋਟਰ ਹੈਪਲਾਈਨ ਮੋਬਾਇਲ ਐਪ ਜ਼ਰੀਏ ਰਜਿਸਟਰਡ ਹੋਣਾ ਜ਼ਰੂਰੀ ਹੈ। ਰਜਿਸਟਰਡ ਹੋਣ ਤੋਂ ਬਾਅਦ ਖੁੱਲ੍ਹਣ ਵਾਲੇ ਪੇਜ਼ ਉੱਪਰ ”ਡਾਊਨਲੋਡ ਈ-ਏਪਿਕ” ਦੀ ਆਪਸ਼ਨ ਨੂੰ ਕਲਿੱਕ ਕਰਕੇ ਅਤੇ ਇਸ ਤੋਂ ਬਾਅਦ ਸਧਾਰਨ ਜਿਹੀਆਂ ਹਦਾਇਤਾਂ ਨੂੰ ਫਾਲੋ ਕਰਕੇ ਈ-ਏਪਿਕ ਕਾਰਡ ਭਾਵ ਵੋਟਰ ਕਾਰਡ ਦਾ ਡਿਜ਼ੀਟਲ ਰੂਪ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਾਰੇ ਲੜਕੇ ਲੜਕੀਆਂ ਜਿੰਨ੍ਹਾਂ ਦੀ ਉਮਰ 1 ਜਨਵਰੀ, 2021 ਤੋਂ ਬਾਅਦ 18 ਸਾਲ ਜਾਂ ਇਸ ਤੋਂ ਉੱਪਰ ਦੀ ਹੋ ਗਈ ਹੈ ਆਪਣੀ ਵੋਟ ਲਾਜ਼ਮੀ ਤੌਰ ਤੇ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਵੋਟਰ ਹੈਲਪਲਾਈਨ ਐਪ ਰਾਹੀਂ ਘਰ ਬੈਠੇ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਵੋਟ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ, ਨਵੀਂ ਵੋਟ ਬਣਾਉਣ ਦੀ ਸਹੂਲੀਅਤ, ਵੋਟ ਟ੍ਰਾਂਸਫਰ ਦੀ ਸਹੂਲੀਅਤ ਆਦਿ ਦਾ ਲਾਭ ਲੈਣ ਦੀ ਵੀ ਪੁਰਜ਼ੋਰ ਅਪੀਲ ਕੀਤੀ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਵੋਟਰ ਹੈਲਪਲਾਈਨ ਐਪ ਵਿੱਚ ਵੋਟਰਾਂ ਦੀ ਸਹੂਲੀਅਤ ਲਈ ਹਰ ਤਰ੍ਹਾਂ ਦੇ ਫਾਰਮ ਵੀ ਮੁਹੱਈਆ ਕਰਵਾਏ ਗਏ ਹਨ।