ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਤੋਂ ਬਚਾਅ ਦੇ ਉਪਾਆਂ ਬਾਰੇ ਵੀ ਫੈਲਾਈ ਜਾਗਰੂਕਤਾ
ਮੋਗਾ, 23 ਜੂਨ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਮੋਗਾ ਵਿੱਚ ਡੇਗੂ ਦੇ ਪ੍ਰਕੋਪ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਸਿਹਤ ਵਿਭਾਗ ਮੋਗਾ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿੰਨਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਡੇਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ। ਇਸ ਬਾਰੇ ਲੋਕਾਂ ਨੂੰ ਇਨ੍ਹਾਂ ਟੀਮਾਂ ਵੱਲੋਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਪੀ.ਐੱਚ.ਸੀ. ਕੋਟ ਈਸੇ ਖਾਂ ਡਾ ਰਾਕੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਸਿੰਘੁਪੁਰਾ ਮੁੰਨਣ ਵਿਖੇ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਸਦੇ ਲਾਰਵੇ ਦੀ ਚੈਕਿੰਗ ਕਰਕੇ ਮੌਕੇ ਤੇ ਹੀ ਇਸ ਨੂੰ ਨਸ਼ਟ ਕਰਵਾਇਆ ਗਿਆ।
ਨੋਡਲ ਅਫਸਰ ਆਈ.ਡੀ.ਐੱਸ.ਪੀ., ਪੀ ਐੱਚ ਸੀ ਕੋਟ ਈਸੇ ਖਾਂ ਰਾਜ ਦਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਡੇਂਗੂ ਨੂੰ ਜੜ੍ਹ ਤੋਂ ਪੁੱਟਣ ਵਾਸਤੇ ਬਲਾਕ ਕੋਟ ਈਸੇ ਖਾਂ ਦੇ ਪਿੰਡਾਂ ਵਿੱਚ ਪਿਛਲੇ 8 ਦਿਨਾਂ ਤੋਂ ਲਗਾਤਾਰ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਭਾਰੀ ਮਾਤਰਾ ਵਿੱਚ ਲਾਰਵੇ ਨੂੰ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਸਿੰਘੁਪੁਰਾ ਮੁੰਨਣ ਵਿੱਚ ਜਾ ਕੇ ਇੱਥੋਂ ਦੇ ਲੋਕਾਂ ਜਾਗਰੂਕਤਾ ਵੀ ਫੈਲਾਈ ਗਈ ਕਿ ਇਹ ਲਾਰਵਾ ਕਿਉਂ ਬਣਦਾ ਹੈ ਅਤੇ ਕਿਵੇਂ ਬਣਦਾ ਹੈ ਅਤੇ ਇਸ ਤੋਂ ਕਿਵੇਂ ਬਚਾਅ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿਚ ਕਈ ਥਾਵਾਂ ਤੇ ਭਾਰੀ ਲਾਰਵਾ ਮਿਲਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਅਤੇ ਇਸ ਤਰ੍ਹਾਂ ਸਾਰੇ ਪਿੰਡ ਵਿਚ ਨਾਲੀਆਂ ਚ ਅਤੇ ਖੜ੍ਹੇ ਪਾਣੀ ਵਿਚ ਸਪਰੇਅ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ ਪੁੱਟੇ ਕੱਚੇ ਟੋਏ ਜਿੱਥੇ ਕਿ ਆਮ ਤੌਰ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਉੱਥੇ ਵੀ ਸਪਰੇਅ ਕਰਕੇ ਲਾਰਵਾ ਖਤਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਗਿਆ ਕਿ ਕੱਚੇ ਟੋਇਆਂ ਵਿੱਚ ਖੜ੍ਹੇ ਪਾਣੀ ਤੇ ਕਾਲਾ ਸੜਿਆ ਤੇਲ ਪਾਇਆ ਜਾਵੇ ਤਾਂ ਇਹ ਲਾਰਵਾ ਨਾਲ ਦੀ ਨਾਲ ਹੀ ਖ਼ਤਮ ਹੋ ਜਾਂਦਾ ਹੈ।