ਕੋਟ ਈਸੇ ਖਾਂ 22 ਦਸੰਬਰ (ਜਗਰਾਜ ਲੋਹਾਰਾ) ਸਿਹਤ ਵਿਭਾਗ ਪੰਜਾਬ, ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਡਾ.ਰਾਕੇਸ਼ ਕੁਮਾਰ ਬਾਲੀ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਸਵਾਈਨ ਫਲੂ ਦੀ ਜਾਣਕਾਰੀ ਘਰ-ਘਰ ਪਹੁੰਚਾਉਣ ਲਈ ਪੈਂਫਲਿਟ ਰਿਲੀਜ਼ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਾਕੇਸ਼ ਕੁਮਾਰ ਬਾਲੀ ਨੇ ਸਵਾਈਨ ਫਲੂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਾਈਨ ਫਲੂ ਐੱਚ1 ਐੱਨ1 ਵਾਇਰਸ ਨਾਲ ਫੈਲਦਾ ਹੈ। ਇਸ ਦੀ ਪਛਾਣ ਤੇਜ਼ ਬੁਖ਼ਾਰ, ਖਾਂਸੀ ਜ਼ੁਕਾਮ, ਗਲੇ ਵਿੱਚ ਦਰਦ, ਛਿੱਕਾਂ ਆਉਣੀਆਂ, ਨੱਕ ਵਗਣਾ, ਦਸਤ ਲੱਗਣਾ, ਆਦਿ ਤੋਂ ਹੁੰਦੀ ਹੈ। ਇਸ ਵਾਇਰਸ ਤੋਂ ਬਚਣ ਲਈ ਨੱਕ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ, ਵਾਰ- ਵਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ, ਨੀਂਦ ਪੂਰੀ ਲੈਣਾ, ਪਾਣੀ ਅਤੇ ਭੋਜਨ ਭਰਪੂਰ ਮਾਤਰਾ ਵਿੱਚ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਿਮਾਰ ਵਿਅਕਤੀ ਤੋਂ ਦੂਰੀ ਰੱਖਣਾ ਅਤੇ ਸਮੇਂ-ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਸਵਾਈਨ ਫਲੂ ਦੀ ਦਵਾਈ ਜ਼ਿਲ੍ਹਾ ਹਸਪਤਾਲ ਵਿੱਚ ਉਪਲੱਬਧ ਹੈ। ਇਸ ਮੌਕੇ ਡਾ.ਰਾਜਦਵਿੰਦਰ ਸਿੰਘ ਗਿੱਲ, ਡਾ. ਸੁਖਮਨਦੀਪ, ਬਲਾਕ ਐਜੂਕੇਟਰ ਹਰਪ੍ਰੀਤ ਕੌਰ, ਬਲਜੀਤ ਕੌਰ, ਆਦਿ ਸਟਾਫ਼ ਮੌਜੂਦ ਸੀ।