ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀ)ਮੋਗਾ ਜ਼ਿਲਾ ਦੇ ਪਿੰਡ ਲੋਪੋ ਵਿਖੇ ਇੰਟਰਨੈਸ਼ਨਲ ਸੰਤ ਸਮਾਜ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸਮਸ਼ੇਰ ਸਿੰਘ ਜਗੇੜਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵਲੋਂ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਦੀਆਂ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਆਪਣੇ-ਆਪਣੇ ਢੰਗ ਨਾਲ ਮਨਾ ਰਹੀਆਂ ਹਨ। ਉਹਨਾਂ ਕਿਹਾ ਕਿ ਸੰਤ ਸਮਸ਼ੇਰ ਸਿੰਘ ਜਗੇੜਾ ਵਲੋਂ ਇਸ ਨੂੰ ਮਾਨਵਤਾ ਦੀ ਭਲਾਈ ਨਾਲ ਜੋੜ ਕੇ ਲੋੜਵੰਦਾਂ ਲਈ ਅੱਖਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸੰਤ ਸਮਸ਼ੇਰ ਸਿੰਘ ਜਗੇੜਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਲੋਕਾਈ ਨੂੰ ਪਿਆਰ, ਬਰਾਬਰੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਪ੍ਰਮਾਤਮਾ ਇੱਕ ਹੈ ਦਾ ਵੀ ਸੁਨੇਹਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਸੰਤ ਸਮਾਜ ਵਲੋਂ ਵੀ ਮਾਨਵਤਾ ਦੀ ਭਲਾਈ ਲਈ ਲਗਾਤਾਰ ਕਾਰਜ ਕਰਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਫਲਸਫ਼ੇ ਨੂੰ ਲਾਗੂ ਕਰਨਾ ਹੈ। ਇਸ ਕੈਂਪ ਦੌਰਾਨ ਮਾਹਰ ਡਾਕਟਰਾਂ ਦੀ ਟੀਮ ਨੇ 210 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ, ਜਿਨ੍ਹਾਂ ਵਿੱਚੋਂ 60 ਮਰੀਜ਼ਾਂ ਦੀਆਂ ਅੱਖਾਂ ਦਾ ਅਪ੍ਰੇਸ਼ਨ ਬਾਘਾਪੁਰਾਣਾ ਦੇ ਜਗਦੰਬਾ ਹਸਪਤਾਲ ਵਿੱਚ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਸੰਤ ਸਮਸ਼ੇਰ ਸਿੰਘ ਜਗੇੜਾ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੂੰ ਸਰਬ ਧਰਮ ਸੰਸਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਕੈਂਪ ਵਿੱਚ ਸਰਬ ਧਰਮ ਸੰਸਦ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਜਗਦੇਵ ਸਿੰਘ ਧਰਮਕੋਟ, ਮਹੰਤ ਮਹਿੰਦਰ ਸਿੰਘ ਕੋਠਾ ਗੁਰੂ, ਮਹੰਤ ਦਰਸ਼ਨ ਸਿੰਘ, ਬਾਬਾ ਸੁਰਜੀਤ ਸਿੰਘ ਸੰਪਰਦਾਇ ਰਾੜਾ ਸਾਹਿਬ, ਸੰਤ ਸਮਾਜ ਦੀਆਂ ਅਹਿਮ ਸ਼ਖਸੀਅਤਾਂ ਤੋਂ ਇਲਾਵਾ ਪੂਰਨ ਸਿੰਘ, ਰਾਜਾ ਸਿੰਘ, ਦੀਪਾ ਸਿੰਘ, ਜਥੇਦਾਰ ਗੁਲਜ਼ਾਰ ਸਿੰਘ ਅਤੇ ਪਿੰਡ ਲੋਪੋ ਦੇ ਪਤਵੰਤੇ ਸੱਜਣ ਹਾਜ਼ਰ ਸਨ।