ਮੋਗਾ, ਜਗਰਾਜ ਸਿੰਘ ਗਿੱਲ/
ਨਕਲੀ ਨੋਟਾ ਤੋਂ ਬਾਅਦ ਹੁਣ ਮੋਗਾ ਵਿੱਚ ਵੀ ਕੋਰਟ ਫ਼ੀਸ ਅਸ਼ਟਾਮ ਵੀ ਛਪਣ ਲੱਗੇ ਪਏ ਹਨ। ਇਥੇ ਇੱਕ ਜੁਡੀਸ਼ਲ ਕੰਪਲੈਕਸ ’ਚ ਨਕਲੀ ਕੋਰਟ ਫ਼ੀਸ ਅਸ਼ਟਾਮ ਵੇਚਣ ਵਾਲਾ ਗਰੋਹ ਬੇਨਕਾਬ ਹੋਇਆ ਹੈ। ਜ਼ਿਲ੍ਹਾ ਖਜ਼ਾਨਾ ਅਫ਼ਸਰ ਦੀ ਸ਼ਿਕਾਇਤ ਉੱਤੇ ਸਿਟੀ ਪੁਲੀਸ ਨੇ ਅਸਟਾਮ ਫਰੋਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਨਕਲੀ ਅਸ਼ਟਾਮ ਮੋਗਾ ਤੋਂ ਇਲਾਵਾ ਧਰਮਕੋਟ ਤੇ ਜ਼ੀਰਾ ਵਿਖੇ ਵੇਚਣ ਦਾ ਪਤਾ ਲੱਗਾ ਹੈ। ਜ਼ਿਲ੍ਹਾ ਖ਼ਜਾਨਾਂ ਅਫ਼ਸਰ ਕਸ਼ਮੀਰ ਕੌਰ ਗਿੱਲ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਐੱਸਡੀਐੱਮ ਦਫ਼ਤਰ ਵਿੱਚ ਅਣਵਰਤੀ ਕੋਰਟ ਫ਼ੀਸ ਅਸ਼ਟਾਮ ਰਿਫੰਡ ਕਰਨ ਲਈ ਅਰਜ਼ੀ ਦਿੱਤੀ ਸੀ। ਇਹ ਅਸ਼ਟਾਮ ਪੜਤਾਲ ਲਈ ਖਜ਼ਾਨਾ ਦਫ਼ਤਰ ਆਉਣ ਤੋਂ ਨਕਲੀ ਕੋਰਟ ਫ਼ੀਸ ਗਰੋਹ ਦਾ ਪਰਦਫ਼ਾਸ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਨਕਲੀ ਕੋਰਟ ਫ਼ੀਸ ਅਸ਼ਟਾਮ ਇੰਨ੍ਹੀ ਸਫ਼ਾਈ ਤੇ ਬਕਾਇਦਾ ਲੜੀ ਨੰਬਰ ਅੰਕਿਤ ਕਰਕੇ ਛਾਪੇ ਹਨ ਕਿ ਅਸਲੀ ਨਕਲੀ ਦਾ ਪਤਾ ਨਹੀਂ ਲਗਦਾ। ਮਾਮਲਾ ਗੰਭੀਰ ਹੋਣ ਕਾਰਨ ਉਨ੍ਹਾਂ ਤਰੁੰਤ ਐੱਸਡੀਐੱਮ ਸਤਵੰਤ ਸਿੰਘ ਜੌਹਲ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਤਰੁੰਤ ਅਸ਼ਟਾਮ ਘੁਟਾਲੇ ਦੀ ਐਫ਼ਆਈਆਰ ਦਰਜ਼ ਕਰਨ ਦਾ ਹੁਕਮ ਦਿੱਤਾ। ਜ਼ਿਲ੍ਹਾ ਖਜ਼ਾਨਾ ਅਫ਼ਸਰ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਪੁਲੀਸ ਨੇ ਅਸ਼ਟਾਮ ਫ਼ਰੋਸ਼ ਦਿਨੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਫ਼ਆਈਆਰ ਮੁਤਾਬਕ ਅਸ਼ਟਾਮ ਫ਼ਰੋਸ਼ ਧਰਮਕੋਟ ਦੇ ਵਿਅਕਤੀ ਨਾਲ ਰਲਕੇ ਇਹ ਧੰਦਾ ਸਾਲ 2014 ਤੋਂ ਚੱਲ ਰਿਹਾ ਸੀ। ਇਸ ਗਰੋਹ ਮੈਂਬਰ ਨੇ ਅਧਿਕਾਰੀ ਕੋਲ ਮੰਨਿਆ ਕਿ ਉਹ ਹੁਣ ਤੱਕ 10 ਲੱਖ ਤੋਂ ਉੱਪਰ ਨਕਲੀ ਅਸ਼ਟਾਮ ਛਾਪਕੇ ਵੇਚ ਚੁੱਕੇ ਹਨ। ਪੁਲੀਸ ਨੇ ਨਕਲੀ ਕੋਰਟ ਫ਼ੀਸ ਅਸਟਾਮ ਕਬਜੇ ਵਿੱਚ ਲੈਣ ਮਗਰੋਂ ਗਰੋਹ ਮੈਂਬਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਹਾਲ ਦੀ ਘੜੀ ਪੰਜ ਹਜ਼ਾਰ ਵਾਲੇ ਦੋ ਨਕਲੀ ਅਸ਼ਟਾਮ ਕਬਜ਼ੇ ਵਿੱਚ ਲਏ ਹਨ।