ਧਰਮਕੋਟ, 15 ਮਈ (ਜਗਰਾਜ ਸਿੰਘ ਗਿੱਲ) ਤਿੰਨ ਮਹੀਨੇ ਪਹਿਲਾਂ ਸਥਾਨਕ ਸ਼ਹਿਰ ਦੇ ਗੁਰਦੁਆਰਾ ਬਾਬਾ ਪੂਰਨ ਸਿੰਘ ਨਜਦੀਕ ਦੋ ਮੋਟਰਸਾਈਕਲ ਸਵਾਰਾਂ ਦੀ ਆਹਮੋ ਸਾਹਮਣੇ ਟੱਕਰ ਵਿੱਚ ਆਕਾਸ਼ਦੀਪ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਬੂਟੇ ਵਾਲਾ, ਤਹਿਸੀਲ ਜੀਰਾ, ਜਿਲਾ ਫਿਰੋਜ਼ਪੁਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ, ਜਿਸ ਦੀ ਤਲਾਹ ਥਾਣਾ ਧਰਮਕੋਟ ਨੂੰ ਦਿੱਤੀ ਗਈ ਸੀ ਪ੍ਰੰਤੂ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਆਖਰ ਮਾਮਲਾ ਪ੍ਰੈਸ ਕਲੱਬ ਧਰਮਕੋਟ ਦੇ ਅਹੁਦੇਦਾਰਾਂ ਕੋਲ ਆਇਆ ਤਾਂ ਬੀਤੇ ਕੱਲ੍ਹ ਤਿੰਨ ਮਹੀਨੇ ਬਾਅਦ ਬੜੀ ਲਾਪਰਵਾਹੀ ਅਤੇ ਅਣਗਹਿਲੀ ਨਾਲ ਮੋਟਰਸਾਈਕਲ ਚਲਾਉਣ ਵਾਲੇ ਹਰਿਮੰਦਰ ਸਿੰਘ ਉਰਫ ਸੋਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ੇਰਪੁਰ ਤਹਿਬਾ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਕਾਸ਼ਦੀਪ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਬੂਟੇ ਵਾਲਾ ਤਹਿਸੀਲ ਜੀਰਾ ਜਿਲਾ ਫਿਰੋਜ਼ਪੁਰ ਜੋ ਬਾਰਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ 15 ਮਾਰਚ ਨੂੰ ਆਪਣੀ ਮਾਸੀ ਕੋਲ ਮਕਾਨ ਬਣਾਉਣ ਲਈ ਪਿੰਡ ਕੈਲਾ ਵਿਖੇ ਆਇਆ, ਜਦ ਉਹ ਸ਼ਾਮ ਨੂੰ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਗੁਰਦੁਆਰਾ ਬਾਬਾ ਪੂਰਨ ਸਿੰਘ ਧਰਮਕੋਟ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਬਹੁਤ ਤੇਜ਼ ਰਫਤਾਰ, ਨਸ਼ੇ ਵਿੱਚ ਧੁੱਤ ਆਪਣੇ ਮੋਟਰਸਾਈਕਲ ਨੂੰ ਲਾਪਰਵਾਹੀ ਅਤੇ ਅਣਗਹਿਲੀ ਨਾਲ ਚਲਾਉਂਦੇ ਹੋਏ ਦੂਸਰੇ ਨੌਜਵਾਨ ਨੇ ਗਲਤ ਸਾਈਡ ਆ ਕੇ ਮੋਟਰਸਾਈਕਲ ਦੇ ਸਾਹਮਣੇ ਟੱਕਰ ਮਾਰ ਦਿੱਤੀ ਜਿਸ ਵਿੱਚ ਆਕਾਸ਼ਦੀਪ ਸਿੰਘ ਬੁਰੀ ਤਰ੍ਹਾਂ ਜਖਮੀ ਹੋ ਗਿਆ, ਜਿਸ ਵਿੱਚ ਉਸਦੇ ਖੱਬੇ ਪੈਰ ਦਾ ਅੰਗੂਠਾ ਕੱਟਿਆ ਗਿਆ, ਪੈਰ ਦਾ ਪੱਬਾ ਟੁੱਟ ਗਿਆ ਉੱਪਰਲਾ ਬੁੱਲ ਬੁਰੀ ਤਰ੍ਹਾਂ ਪਾਟ ਗਿਆ ਸਿਰ ਵਿੱਚ ਸੱਟ ਲੱਗੀ ਅਤੇ ਸਰੀਰ ਉੱਪਰ ਵੀ ਅਨੇਕਾਂ ਸੱਟਾਂ ਲੱਗੀਆਂ ਜਿਸ ਨੂੰ ਉਸ ਦੀ ਮਾਸੀ ਦੇ ਮੁੰਡੇ ਮਨਪ੍ਰੀਤ ਸਿੰਘ ਨੇ ਮੱਪੀ ਹਸਪਤਾਲ ਧਰਮਕੋਟ ਵਿਖੇ ਮੁਢਲੀ ਸਹਾਇਤਾ ਲਈ ਦਾਖਲ ਕਰਵਾਇਆ ਇਸ ਦੀ ਇਤਲਾਅ ਉਹਨਾਂ ਥਾਣਾ ਧਰਮਕੋਟ ਨੂੰ ਦਿੱਤੇ ਅਤੇ ਗਲਤ ਦਿਸ਼ਾਂ ਵਿੱਚ ਆ ਕੇ ਸਾਹਮਣੇ ਮੋਟਰਸਾਈਕਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਹਰਿਮੰਦਰ ਸਿੰਘ ਉਰਫ ਸੋਨੀ ਪੁੱਤਰ ਜੋਗਿੰਦਰ ਸਿੰਘ ਸ਼ੇਰਪੁਰ ਤਾਇਬਾ ਵਜੋਂ ਹੋਈ। ਇਸ ਮਸਲੇ ਵਿੱਚ ਲਾਗਲੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਾਹਮਣੇ ਉਕਤ ਵਿਅਕਤੀ ਹਰਿਮੰਦਰ ਸਿੰਘ ਵੱਲੋਂ ਇਹ ਕਬੂਲ ਕੀਤਾ ਗਿਆ ਕਿ ਜਖਮੀ ਆਕਾਸ਼ਦੀਪ ਸਿੰਘ ਦਾ ਇਲਾਜ ਮੈਂ ਆਪਣੇ ਖਰਚੇ ਤੇ ਕਰਵਾਵਾਂਗਾ, ਪ੍ਰੰਤੂ ਹੁਣ ਤੱਕ ਉਹਨਾਂ ਨੇ ਕੁਝ ਵੀ ਨਹੀਂ ਕਰਵਾਇਆ ਬਲਕਿ ਇਸ ਮਾਮਲੇ ਵਿੱਚ ਸ਼ਾਮਿਲ ਹੋਈਆਂ ਸਮੂਹ ਪੰਚਾਇਤਾਂ ਨੂੰ ਵੀ ਜਵਾਬ ਦੇ ਦਿੱਤਾ। ਇਸ ਸਬੰਧੀ ਜਦ ਪੁਲਿਸ ਕਾਰਵਾਈ ਲਈ ਆਕਾਸ਼ਦੀਪ ਸਿੰਘ ਵੱਲੋਂ ਇਸ ਮਾਮਲੇ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਏਐਸਆਈ ਜਰਨੈਲ ਸਿੰਘ ਨੂੰ ਦੋਸ਼ੀ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਤਾਂ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਹ ਵੀ ਦੱਸਣ ਯੋਗ ਹੈ ਕਿ ਜਖਮੀ ਆਕਾਸ਼ਦੀਪ ਸਿੰਘ ਦੀ ਮਾਸੀ ਦਾ ਮੁੰਡਾ ਮਨਪ੍ਰੀਤ ਸਿੰਘ ਪੇਸ਼ੇ ਵਜੋਂ ਨਿੱਜੀ ਚੈਨਲ ਲਈ ਪੱਤਰ ਪ੍ਰੇਰਕ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਮਾਮਲਾ ਜਦ ਪ੍ਰੈਸ ਕਲੱਬ ਧਰਮਕੋਟ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਅੱਜ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਸ ਮਾਮਲੇ ਦੇ ਦੋਸ਼ੀ ਹਰਿਮੰਦਰ ਸਿੰਘ ਉਰਫ ਸੋਨੀ ਖਿਲਾਫ ਕਾਰਵਾਈ ਕਰਨ ਲਈ ਅਪੀਲ ਕੀਤੀ ਗਈ ਤਾਂ ਪੁਲਿਸ ਵੱਲੋਂ ਉਕਤ ਦੋਸ਼ੀ ਖਿਲਾਫ ਆਈ.ਪੀ.ਸੀ ਧਾਰਾ 279, 337, 338, 427 ਤਹਿਤ ਮਾਮਲਾ ਦਰਜ ਕੀਤਾ ਗਿਆ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਚੌਥਾ ਥੰਮ ਕਹਾਉਣ ਵਾਲੇ ਮੀਡੀਆ ਕਰਮਚਾਰੀਆਂ ਨੂੰ ਇਨਸਾਫ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਥੇ ਪੁਲਿਸ ਦੀ ਵੱਡੀ ਅਣਗੇਲੀ ਸਾਹਮਣੇ ਆਈ ਹੈ ।