ਦੀਪ ਢਿੱਲੋ ਤੇ ਜੈਸਮੀਨ ਜੱਸੀ ਦੀ ਦੋਗਾਣਾ ਜੋੜੀ ਨੇ ਲੁੱਟਿਆ ਮੇਲਾ
ਮੋਗਾ, 21 ਜੂਨ
(ਜਗਰਾਜ ਸਿੰਘ ਗਿੱਲ,ਸਰਬਜੀਤ ਰੌਲੀ)
ਮੋਗਾ ਨਜ਼ਦੀਕ ਪਿੰਡ ਸਿੰਘਾਂਵਾਲਾ ਸਥਿਤ ਡੇਰਾ ਬਾਬਾ ਸਾਈ ਤੱਕੀਆ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ ਜੀ ਅਤੇ ਸਮੂਹ ਡੇਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਰੋਸ਼ਨੀ ਤੇ ਸੱਭਿਆਚਾਰਕ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ।
ਮੇਲੇ ਦੇ ਪਹਿਲੇ ਦਿਨ ਬਾਬਾ ਹਜ਼ਰਤ ਰੈਲੇ ਸ਼ਾਹ ਜੀ ਅਤੇ ਬਾਬਾ ਸ਼ੇਰ ਸ਼ਾਹ ਵਲੀ ਜੀ ਦੀ ਦਰਗਾਹ ‘ਤੇ ਝੰਡਾ ਪੂਜਨ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਸ਼ਾਮ ਨੂੰ ਸੂਫੀਆਨਾ ਕਵਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਕਵਾਲਾਂ ਨੇ ਆਪਣੀ ਕਲਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਮੇਲੇ ਦੇ ਆਖਰੀ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਬਾਬਾ ਕੁਲਵਿੰਦਰ ਸਾਬਰੀ ਅਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਾਬਾ ਰਾਜਾ ਚਿਸਤੀ ਸਾਬਰੀ ਨੇ ਅਰਦਾਸ ਉਪਰੰਤ ਕੀਤੀ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਮਲ ਭਿੰਡਰ, ਨੀਲਮ ਭਿੰਡਰ, ਮੀਤ ਗੁਰਨਾਮ, ਨੀਸਾ ਖਹਿਰਾ, ਰੇਸ਼ਮ ਸਿਕੰਦਰ, ਬੇਅੰਤ ਕੌਰ, ਬੱਬਲ ਬਰਾੜ ਅਤੇ ਸਨਾਜਦੀਪ ਕੌਰ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਸਮਾਗਮ ਦੀ ਖਾਸ ਖਿੱਚ ਪੰਜਾਬ ਦੇ ਨਾਮਵਰ ਗਾਇਕ ਦੀਪ ਢਿੱਲੋ ਅਤੇ ਜੈਸਮੀਨ ਜੱਸੀ ਦੀ ਦੋਗਾਣਾ ਜੋੜੀ ਰਹੀ। ਜਿਵੇਂ ਹੀ ਇਹ ਜੋੜੀ ਮੰਚ ‘ਤੇ ਪਹੁੰਚੀ, ਦਰਸ਼ਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਕੀਤਾ। ਦੀਪ ਢਿੱਲੋ ਨੇ ਆਪਣੇ ਪ੍ਰਸਿੱਧ ਗੀਤਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ ਅਤੇ ਲੰਬੇ ਸਮੇਂ ਤੱਕ ਪੰਡਾਲ ਵਿੱਚ ਰੌਣਕ ਬਣਾਈ ਰੱਖੀ।
ਇਸ ਮੌਕੇ ਡੇਰਾ ਬਾਬਾ ਸਾਈ ਤੱਕੀਆ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ, ਪ੍ਰਧਾਨ ਗੋਲਾ ਸਿੰਘ, ਗਗਨ ਸੰਧੂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਕਲਾਕਾਰਾਂ, ਸਮਾਜ ਸੇਵੀਆਂ ਅਤੇ ਮੇਲੇ ਨੂੰ ਸਫਲ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਬਾਬਾ ਕੁਲਵਿੰਦਰ ਸਾਬਰੀ ਨੇ ਸਮੂਹ ਸੰਗਤਾਂ, ਪਿੰਡ ਵਾਸੀਆਂ, ਐਨਆਰਆਈ ਭਰਾਵਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਤੇ ਸੱਭਿਆਚਾਰਕ ਮੇਲੇ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੁੰਦੇ ਹਨ। ਉਨ੍ਹਾਂ ਭਵਿੱਖ ਵਿੱਚ ਇਸ ਮੇਲੇ ਨੂੰ ਹੋਰ ਵਿਸ਼ਾਲ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਉਪਰੰਤ ਡੇਰਾ ਬਾਬਾ ਸਾਈ ਤਕੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਲਾ ਸਿੰਘ ਨੇ ਵੀ ਸੰਗਤਾਂ ਨੂੰ ਮੇਲੇ ਵਿੱਚ ਪਹੁੰਚਣ ਤੇ ਜੀ ਆਇਆ ਆਖਿਆ ਅਤੇ ਕਿਹਾ ਕਿ ਇਹ ਮੇਲਾ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਮੇਲੇ ਨੂੰ ਲੈ ਕੇ ਜੋ ਪ੍ਰਬੰਧ ਕੀਤੇ ਗਏ ਸਨ ਉਹ ਪ੍ਰਬੰਧ ਇਕੱਠ ਦੇ ਹਿਸਾਬ ਨਾਲ ਬਹੁਤ ਛੋਟੇ ਰਹਿ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮੇਲੇ ਨੂੰ ਹੋਰ ਵਧੀਆ ਢੰਗ ਨਾਲ ਕਰਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਨੂੰ ਸਿਰਫ ਸੰਗਤਾਂ ਦਾ ਅਤੇ ਦਾਨੀ ਸੱਜਣਾਂ ਦਾ ਸਹਿਯੋਗ ਚਾਹੀਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮੇਲੇ ਨੂੰ ਮਾਲਵੇ ਦਾ ਨਹੀਂ ਬਲਕਿ ਪੰਜਾਬ ਦੇ ਮੇਲਿਆਂ ਚੋਂ ਇੱਕ ਨੰਬਰ ਦਾ ਮੇਲਾ ਬਣਾਇਆ ਜਾਵੇਗਾ। ਸਮਾਗਮ ਦੇ ਅੰਤ ਵਿੱਚ ਵਿਸ਼ੇਸ਼ ਮਹਿਮਾਨ ਬਾਬਾ ਰਾਜਾ ਚਿਸਤੀ ਸਾਬਰੀ ਨੇ ਵੀ ਸਮੂਹ ਨਗਰ ਨਿਵਾਸੀਆਂ ਅਤੇ ਡੇਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਸਿੰਘਾਂਵਾਲਾ ਦਾ ਇਹ ਮੇਲਾ ਹੁਣ ਮਾਲਵੇ ਦੇ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਮੇਲਿਆਂ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ। ਇਸ ਮੇਲੇ ਨੂੰ ਕਰਵਾਉਣ ਲਈ ਗੋਲਾ ਸਿੰਘ ਪ੍ਰਧਾਨ, ਗਗਨ ਸੰਧੂ ਪ੍ਰਧਾਨ, ਸੁਖਦੀਪ ਸਿੰਘ ,ਸੁਖਚੈਨ ਸਿੰਘ ਮੰਨਾ ਸਿੰਘ, ਚੰਨਾ ਸਿੰਘ, ਸੁੱਖ, ਹਰਮਨ ਸਿੰਘ, ਲੱਬਾ ਸਿੰਘ , ਅੰਗਰੇਜ ਸਿੰਘ ਸੰਘਾ ਡਰੌਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸੇਵਾਦਾਰਾਂ ਨੇ ਇਸ ਮੇਲੇ ਨੂੰ ਕਰਾਉਣ ਲਈ ਆਪਣੀ ਅਹਿੰਮ ਭੂਮਿਕਾ ਨਿਭਾਈ ।














Leave a Reply