ਮੋਗਾ 24 ਅਕਤੂਬਰ ( ਮਿੰਟੂ ਖੁਰਮੀ) ਬੱਸ ਸਟੈਡ ਮੋਗਾ ਦੇ ਬਾਹਰ ਸੂਬੇਦਾਰ ਜੋਗਿੰਦਰ ਸਿੰਘ ਚੌਕ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਅੱਜ ਸਵਾਰੀਆਂ ਅਤੇ ਬੱਸ ਚਾਲਕਾਂ ਦੀ ਆਦਤ ਵਿੱਚ ਸੁਧਾਰ ਲਿਆਉਣ ਲਈ ਇੱਕ ਮਹੀਨੇ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੌਰਾਨ ਡਿਪਟੀ ਕਮਿਸ਼ਨਰ ਨੇ ਖੁਦ ਬੱਸ ਸਟੈਡ ਦੇ ਬਾਹਰ ਖੜੀਆਂ ਸਵਾਰੀਆਂ ਨੂੰ ਬੱਸ ਸਟੈਡ ਦੇ ਅੰਦਰੋ ਬੱਸ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਬੱਸ ਚਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਵਾਰੀਆਂ ਨੂੰ ਬੱਸ ਸਟੈਡ ਦੇ ਅੰਦਰੋ ਹੀ ਬੱਸਾਂ ਵਿੱਚ ਬਿਠਾਉਣ ਤਾਂ ਜੋ ਬੱਸ ਸਟੈਡ ਦੇ ਬਾਹਰ ਟ੍ਰੈਫਿਕ ਦੇ ਸੁਚਾਰੂ ਪ੍ਰਬੰਧਾਂ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਅਕਸਰ ਬੱਸ ਚਾਲਕ ਸਵਾਰੀਆਂ ਨੂੰ ਬੱਸ ਸਟੈਡ ਦੇ ਅੰਦਰੋ ਨਾ ਬਿਠਾ ਕੇ ਬਾਹਰ ਸੜਕ ਤੋ ਹੀ ਸਵਾਰੀਆਂ ਲੈਣ ਲਈ ਬੱਸਾਂ ਰੋਕਦੇ ਹਨ, ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਪੇਸ਼ ਆਉਦੀ ਹੈ। ਉਹਨਾਂ ਸੂਬੇਦਾਰ ਜੋਗਿੰਦਰ ਸਿੰਘ ਚੌਕ ਨੂੰ ਸੁੰਦਰ ਬਣਾਉਣ ਲਈ ਵੀ ਵਚਨਬੱਧਤਾ ਦੁਹਰਾਈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਕੈਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਦੀ ਅਗਵਾਈ ਹੇਠ ਸ਼ਹਿਰ ਦੀ ਸਫਾਈ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਸਕੂਲ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਫ ਸਫਾਈ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ। ਜਿਕਰਯੋਗ ਹੈ ਕਿ ਕੈਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸੂਬੇਦਾਰ ਜੋਗਿੰਦਰ ਸਿੰਘ ਚੌਕ ਅਤੇ ਬੱਸ ਸਟੈਡ ਦੇ ਆਲੇ ਦੁਆਲੇ ਦੀ ਹੱਥਾਂ ਵਿੱਚ ਡਸਟਬਿਨ ਅਤੇ ਝਾੜੂ ਪਕੜ ਕੇ ਖੂਬ ਸਾਫ਼-ਸਫ਼ਾਈ ਕੀਤੀ। ਇਸ ਮੌਕੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਜ਼ਿਲ੍ਹਾ ਦੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਸ਼ਹਿਰ ਦੀ ਸਾਫ ਸਫ਼ਾਈ ਲਈ ਇੱਕ ਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ, ਐਸ.ਡੀ.ਐਮ. ਮੋਗਾ ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਡੀ.ਐਸ.ਪੀ. ਪਰਮਜੀਤ ਸਿੰਘ ਸੰਧੂ, ਐਨ.ਜੀ.ਓ. ਐਸ.ਕੇ.ਬਾਂਸਲ, ਕੁਲਦੀਪ ਸਹਿਗਲ ਅਤੇ ਪ੍ਰਿ੍ਰੰਸੀਪਲ ਸਤਵਿੰਦਰ ਕੌਰ ਆਦਿ ਹਾਜ਼ਰ ਸਨ