ਮੋਗਾ ( ਜਗਰਾਜ ਲੋਹਾਰਾ)
ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ 19 ਕਾਰਨ ਜਿੱਥੇ ਸਾਰੀਆਂ ਵਿਵਸਥਾਵਾਂ ਤਹਿਸ ਨਹਿਸ ਹੋ ਗਈਆਂ ਸਨ, ਉਸ ਵੇਲੇ ਜ਼ਿਲ੍ਹਾ ਮੋਗਾ ਦਾ ਕਮਿਊਨਿਟੀ ਸਿਹਤ ਕੇਂਦਰ ਡਰੋਲੀ ਭਾਈ ਗਰਭਵਤੀ ਔਰਤਾਂ ਲਈ ਵਰਦਾਨ ਸਾਬਿਤ ਹੋਇਆ। ਇਸ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਆਰੰਭੇ ਯਤਨਾਂ ਤਹਿਤ ਦਿਹਾਤੀ ਸਿਹਤ ਕੇਂਦਰਾਂ ਨੂੰ ਮਜ਼ਬੂਤ ਕੀਤਾ ਗਿਆ, ਜਿਸਦਾ ਲੋਕਾਂ ਨੂੰ ਬਹੁਤ ਫਾਇਦਾ ਹੋਇਆ। ਜੇਕਰ ਇਕੱਲੇ ਡਰੋਲੀ ਭਾਈ ਕਮਿਊਨਿਟੀ ਸਿਹਤ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਹਿਲਾਂ ਮਹੀਨੇ ਵਿਚ ਸਿਰਫ 4-5 ਜਣੇਪੇ ਹੀ ਹੁੰਦੇ ਸਨ ਪਰ ਇਮਤਿਹਾਨ ਦੀ ਘੜੀ ਵਿੱਚ ਹੁਣ ਏਥੇ ਇਕ ਮਹੀਨੇ ਵਿੱਚ 50-50 ਜਣੇਪੇ ਹੋਣ ਲੱਗੇ ਹਨ। ਜੋ ਕਿ ਲੋਕਾਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਭਰੋਸਾ ਹੋਰ ਪੱਕਾ ਹੋਣ ਦਾ ਸਬੂਤ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਕੇਂਦਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਧੀਨ 43 ਪਿੰਡਾਂ ਦੇ ਸਾਂਝੇ ਬਲਾਕ ਪੱਧਰੀ ਹਸਪਤਾਲ ਸੀ.ਐਚ.ਸੀ. ਡਰੋਲੀ ਭਾਈ ਨੂੰ ਅੱਧੇ ਦਹਾਕੇ ਤੋਂ ਵੀ ਵੱਧ ਸਮੇਂ ਬਾਅਦ ਔਰਤ ਰੋਗਾਂ ਦੀ ਮਾਹਰ ਡਾਕਟਰ (ਗਾਈਨਾਕੋਲੋਜਿਸਟ) ਨਸੀਬ ਹੋਈ ਹੈ। ਗਰਭਵਤੀ ਮਹਿਲਾਵਾਂ ਤੇ ਆਮ ਮਹਿਲਾਵਾਂ ਨੂੰ ਉਹਨਾਂ ਦੇ ਆਉਣ ਨਾਲ ਲਾਭ ਹੋਇਆ ਹੈ ਅਤੇ ਹਸਪਤਾਲ ਵੱਲੋਂ ਹੁਣ ਹੋਰ ਬਿਹਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੂਰੇ ਜ਼ਿਲ੍ਹਾ ਮੋਗਾ ਵਿੱਚ ਅਪ੍ਰੈਲ, ਮਈ, ਜੂਨ ਅਤੇ ਜੁਲਾਈ ਮਹੀਨੇ ਵਿੱਚ 1650 ਤੋਂ ਵਧੇਰੇ ਜਣੇਪੇ ਹੋਏ ਹਨ, ਜਿਸ ਵਿਚੋਂ ਜਿਆਦਾਤਰ ਇਸ ਸਿਹਤ ਕੇਂਦਰ ਨਾਲ ਸਬੰਧਤ ਹਨ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਵੱਲੋਂ ਗਰਭਵਤੀ ਮਹਿਲਾਵਾਂ ਦੇ ਕੋਵਿਡ 19 ਦੇ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਤਾਂ ਜੋ ਗਰਭਵਤੀ ਮਹਿਲਾਵਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਤੇ ਉਹਨਾਂ ਨੂੰ ਘਰ ਨੇੜੇ ਹੀ ਸਰਕਾਰੀ ਸਹੂਲਤ ਮਿਲ ਸਕੇ। ਜ਼ਿਲ੍ਹਾ ਮੋਗਾ ਵਿੱਚ 1818 ਗਰਭਵਤੀ ਔਰਤਾਂ ਦੀ ਕੀਤੀ ਗਈ ਕੋਵਿਡ 19 ਲੱਛਣਾਂ ਸਬੰਧੀ ਅਗਾਊਂ ਜਾਂਚ ਵਿਚੋਂ 600 ਤੋਂ ਵਧੇਰੇ ਇਕੱਲੇ ਇਸ ਕੇਂਦਰ ਵਿਚ ਕੀਤੀ ਗਈ। ਜਾਂਚ ਦੌਰਾਨ ਜੋ 2 ਗਰਭਵਤੀ ਔਰਤਾਂ ਕੋਵਿਡ 19 ਤੋਂ ਪੀੜਤ ਪਾਈਆਂ ਗਈਆਂ ਸਨ, ਉਹ ਹੁਣ ਸਰਕਾਰੀ ਹਸਪਤਾਲਾਂ ਵਿਚ ਇਲਾਜ ਉਪਰੰਤ ਸਿਹਤਯਾਬ ਹੋ ਚੁੱਕੀਆਂ ਹਨ।
ਜਾਂਚ ਲਈ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤੀਆਂ ਇਹਨਾਂ ਟੀਮਾਂ ਵੱਲੋਂ ਪਹਿਲਾਂ ਫਲੂ ਵਰਗੇ ਲੱਛਣਾਂ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਫੇਰ ਇਹਨਾਂ ਟੀਮਾਂ ਨੂੰ ਗਰਭਵਤੀ ਮਹਿਲਾਵਾਂ ਦੇ ਸੈਂਪਲ ਲੈਣ ਲਈ ਪਿੰਡ-ਪਿੰਡ ਭੇਜਿਆ ਗਿਆ।
ਦੱਸਣਯੋਗ ਹੈ ਕਿ 30 ਸਾਲ ਤੋਂ ਉਪਰ ਉਮਰ ਵਾਲੇ ਮਰੀਜ਼ਾਂ ਦੀ ਸ਼ਨਾਖਤ ਦਾ ਕੰਮ ਵੀ ਡਰੋਲੀ ਭਾਈ ਕਮਿਊਨਿਟੀ ਸਿਹਤ ਕੇਂਦਰ ਨੇ ਪੰਜਾਬ ਵਿੱਚੋਂ ਸਭ ਤੋਂ ਪਹਿਲਾਂ ਮੁਕਾਇਆ ਸੀ ਅਤੇ ਇਸ ਕੇਂਦਰ ਦੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ਉਤੇ ਪ੍ਰਸ਼ੰਸ਼ਾ ਕੀਤੀ ਗਈ ਸੀ। ਜਿਸ ਤਹਿਤ 49244 ਦਾ ਸਰਵੇ ਕੀਤਾ ਗਿਆ ਸੀ ਅਤੇ 234 ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਕੀਤੀ ਗਈ ਸੀ ਜਿਹਨਾਂ ਵਿੱਚੋਂ 228 ਦੀ ਜਾਂਚ ਕੀਤੀ ਗਈ ਤਾਂ ਇਹਨਾਂ ਸਾਰਿਆਂ ਦਾ ਕੋਵਿਡ 19 ਨਮੂਨਾ ਨੈਗੇਟਿਵ ਆਇਆ।
ਇਸ ਮੌਕੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਔਰਤਾਂ ਵੀਰਪਾਲ ਕੌਰ ਅਤੇ ਹੋਰਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਨਾਲ ਮੈਡੀਕਲ ਅਫ਼ਸਰ ਡਾਕਟਰ ਅਸ਼ਿਕਾ ਗਰਗ ਤੇ ਡਾਕਟਰ ਨਵਪ੍ਰੀਤ ਕੌਰ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਕ੍ਰਿਸ਼ਨਾ ਕੁਮਾਰੀ ਅਤੇ ਹੋਰ ਸਟਾਫ ਵੀ ਹਾਜ਼ਰ ਸੀ।