ਮੋਗਾ 6 ਅਪ੍ਰੈਲ (ਜਗਰਾਜ ਲੋਹਾਰਾ,ਮਿੰਟੂ ਖੁਰਮੀ) ਇੱਥੋਂ ਦੇ ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਚੀਮਾ ਨੇੜੇ ਇੱਕ ਦੁੱਖਦਾਈ ਘਟਨਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਚੀਮਾ ਪਿੰਡ ਕੋਲ ਫੀਡ ਫੈਕਟਰੀ ‘ਚ ਬਣੇ ਟੈਂਕਰ ਦੀ ਸਫਾਈ ਕਰਨ ਗਏ 3 ਮਜ਼ਦੂਰਾਂ ਦੀ ਗੈਸ ਚੜ੍ਹਣ ਨਾਲ ਮੌਤ ਹੋ ਗਈ ਹੈ। ਮੌਕੇ ‘ਤੇ ਪੁੱਜੇ ਐੱਸ. ਪੀ. ਡੀ.ਐਚ ਐੱਸ ਪਰਮਾਰ ਨੇ ਦੱਸਿਆ ਕਿ ਅੱਜ ਸਵੇਰੇ ਫੀਡ ਫੈਕਟਰੀ ਦੀ ਟੈਂਕੀ ਦੀ ਸਫਾਈ ਕਰਨ ਲਈ ਇੱਕ ਮਜਦੂਰ ਗਿਆ, ਉੱਥੇ ਗੈਸ ਚੜ੍ਹਣ ਕਾਰਨ ਉਹ ਟੈਂਕੀ ਦੇ ਵਿੱਚ ਹੀ ਰਹਿ ਗਿਆ। ਜਦੋਂ ਦੋ ਹੋਰ ਮਜ਼ਦੂਰ ਉਸ ਨੂੰ ਬਚਾਉਣ ਲਈ ਗਏ ਤਾਂ ਉਹ ਵੀ ਟੈਂਕੀ ‘ਚ ਗੈਸ
ਚੜਨ ਕਰਕੇ ਉਸ ਦੇ ਨਾਲ ਹੀ ਮੌਤ ਦੇ ਮੂੰਹ ਵਿੱਚ ਜਾ ਪਏ। ਅਤੇ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਜ ਫੈਕਟਰੀ ‘ਚ 4-5 ਮਜ਼ਦੂਰ ਹੀ ਕੰਮ ਕਰ ਰਹੇ ਹਨ। ਇਸ ਦੌਰਾਨ ਐੱਸ. ਪੀ. ਡੀ. ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੀ ਤਿੰਨਾਂ ਮਜ਼ਦੂਰਾਂ ਕੋਲ ਕੀ ਕਰਫਿਊ ‘ਚ ਕੰਮ ਕਰਨ ਲਈ ਪਰਮਿਸ਼ਨ ਸੀ ਜੇ ਨਹੀਂ ਤਾਂ ਫੈਕਟਰੀ ਮਾਲਕਾਂ ਨੇ ਭਿਆਨਕ ਬਿਮਾਰੀ ਦੌਰਾਨ ਕਰਫ਼ਿਊ ਹੋਣ ਦੇ ਬਾਵਜੂਦ ਫੈਕਟਰੀ ਨੂੰ ਕਿਉਂ ਖੋਹਲਿਆ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੈਕਟਰੀ ਮੁਨੀਮ ਨੇ ਦੱਸਿਆ ਕਿ ਫੈਕਟਰੀ ‘ਚ ਸੀਰੇ ਦਾ ਟੈਂਕਰ ਸੀ ਅਤੇ ਮਜ਼ਦੂਰ ਉਸ ਦੀ ਸਫਾਈ ਕਰ ਰਹੇ ਹਨ। ਗੈਸ ਚੜ੍ਹਣ ਕਾਰਨ ਉਨ੍ਹਾਂ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਨ੍ਹਾਂ ‘ਚੋਂ ਦੋ ਖੋਸਾ ਕੋਟਲਾ ਪਿੰਡ ਨਾਲ ਸਬੰਧਿਤ ਸਕੇ ਭਰਾ ਦੱਸੇ ਜਾ ਰਹੇ ਹਨ ਜਦਕਿ ਤੀਜਾ ਮਜ਼ਦੂਰ ਪਿੰਡ ਨਸੀਰਪੁਰ ਜਾਨੀਆ ਦਾ ਦੱਸਿਆ ਜਾ ਰਿਹਾ ਹੈ।