ਮੋਗਾ 14 ਮਾਰਚ (ਜਗਰਾਜ ਲੋਹਾਰਾ) ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 14 ਮਾਰਚ, 2020 ਦੀ ਰਾਤ 12 ਵਜੇ ਤੋਂ ਸਾਰੇ ਸਿਨੇਮਾ ਹਾਲ, ਜਿੰਮ, ਸਵਿੰਮਿੰਗ ਪੂਲ ਆਦਿ ਬੰਦ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਜਾਰੀ ਕੀਤੇ ਗਏ ਹੁਕਮਾਂ ਵਿੱਚ ਹਰ ਤਰ੍ਹਾਂ ਦੇ ਖੇਡ ਮੁਕਾਬਲੇ, ਕਾਨਫਰੰਸਾਂ, ਸੱਭਿਆਚਾਰਕ ਸਮਾਗਮ, ਮੇਲੇ, ਪ੍ਰਦਰਸ਼ਨੀਆਂ ਅਤੇ ਹੋਰ ਜਨਤਕ ਇਕੱਠਾਂ ‘ਤੇ ਵੀ ਅੱਧੀ ਰਾਤ ਤੋਂ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਹੁਕਮ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਐਪੀਡੈਮਿਕ ਡਿਜੀਜ਼ਜ਼ ਐਕਟ, 1897 ਅਧੀਨ ਜਾਰੀ ਕੀਤੇ ਗਏ ਹਨ ।