ਡੇਰਾ ਬਾਬਾ ਭਗਵਾਨ ਦਾਸ ਦੇ ਮੁਖੀ ਵੱਲੋਂ ਸੰਗਤਾਂ ਨੂੰ ਹਜ਼ਾਰ ਛਾਂਦਾਰ ਪੌਦਿਆਂ ਦੀ ਵੰਡ
–ਦੁਨਿਆਵੀ ਲੋਭ, ਲਾਲਚ, ਹੰਕਾਰ, ਛੱਡ ਕੇ ਕੁਦਰਤ ਪ੍ਰਤੀ ਸੁਹਿਰਦਤਾ ਵਾਲਾ ਵਿਵਹਾਰ ਅਪਨਾਏ ਇਨਸਾਨ-ਬਾਬਾ ਸੁੰਦਰ ਦਾਸ
ਮੋਗਾ 22 ਅਗਸਤ (ਜਗਰਾਜ ਸਿੰਘ ਗਿੱਲ)
ਪਿੰਡ ਪੰਜਗਰਾਂਈ ਖੁਰਦ ਦੇ ਡੇਰਾ ਬਾਬਾ ਭਗਵਾਨ ਦਾਸ ਵਿਖੇ ਮਹਾਨ ਤਪੱਸਵੀ ਬਾਬਾ ਅਰਜੁਨ ਮੁਨੀ ਜੀ ਦੀ 7ਵੀਂ ਸਲਾਨਾ ਬਰਸੀ ਧੂਮ-ਧਾਮ ਨਾਲ ਮਨਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਦੂਰ ਨੇੜੇ ਦੀ ਸੰਗਤ ਨੇ ਸ਼ਮੂਲੀਅਤ ਕਰਕੇ ਕਥਾ ਵਾਰਤਾ ਸੁਣੀ। ਹਲਕਾ ਬਾਘਾਪੁਰਾਣਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਸਿਰਕਤ ਕੀਤੀ। ਇਸ ਸਮਾਗਮ ਵਿੱਚ ਗੰਗਾਰਾਮ ਜੀ ਜਲਾਲ ਵਾਲੇ, ਬਾਬਾ ਮਲਕੀਤ ਦਾਸ ਜੀ ਬੀੜ ਵਾਲੀ ਗਊਸ਼ਾਲਾ ਵਾਲੇ, ਜਗਦੇਵ ਮੁਨੀ ਜੀ ਖਾਈ ਵਾਲੇ ਤੋਂ ਇਲਾਵਾ ਹੋਰ ਵੀ ਸੰਤ ਮੰਡਲੀਆਂ ਨੇ ਭਾਗ ਲਿਆ।
ਬਰਸੀ ਸਮਾਗਮ ਵਿੱਚ ਕਥਾ ਵਾਚਕ ਭਾਈ ਚਮਕੌਰ ਸਿੰਘ ਭਾਈ ਰੂਪਾ, ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ ਵਾਲੇ ਅਤੇ ਗਿਆਨੀ ਸੁਖਹਰਪ੍ਰੀਤ ਸਿੰਘ ਰਾਜਿਆਣਾ ਨੇ ਆਪਣੀਆਂ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਡੇਰਾ ਬਾਬਾ ਭਗਵਾਨ ਦਾਸ ਦੇ ਮੌਜੂਦਾ ਮੁਖੀ ਬਾਬਾ ਸੁੰਦਰ ਦਾਸ ਜੀ ਨੇ ਵਨ ਲਾਈਫ ਵਨ ਟ੍ਰੀ ਸੰਸਥਾ ਦੇ ਸਹਿਯੋਗ ਨਾਲ ਸੰਗਤਾਂ ਨੂੰ 1 ਹਜ਼ਾਰ ਛਾਂਦਾਰ ਪੌਦਿਆਂ ਦੀ ਵੰਡ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਾਨੂੰ ਦੁਨਿਆਵੀ ਲੋਭ, ਲਾਲਚ, ਹੰਕਾਰ, ਛੱਡ ਕੇ ਕੁਦਰਤ ਪ੍ਰਤੀ ਸੁਹਿਰਦਤਾ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ। ਅਸੀਂ ਆਪਣੇ ਹੰਕਾਰ ਵੱਸ ਦੂਜਿਆਂ ਤੇ ਰੋਹਬ ਬਣਾਉਣ ਲਈ ਵਧੇਰੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕਰਦੇ ਹਾਂ ਜ਼ੋ ਸਿਰਫ਼ ਬਰਬਾਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਹਦਾਇਤ ਮੰਨ ਕੇ ਵਾਤਾਵਰਨ ਦੀ ਸੰਭਾਲ ਲਈ ਜਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਪਰ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਵੀ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਵਿੱਚ ਆਉਂਦਾ ਹੈ। ਰੁੱਖ ਲੰਬੇ ਸਮੇਂ ਲਈ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਕੁੰਜੀ ਹਨ ਕਿਉਂਕਿ ਇਹ ਆਕਸੀਜਨ ਪ੍ਰਦਾਨ ਕਰਨ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ, ਜਲਵਾਯੂ ਸੁਧਾਰ, ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ ਆਦਿ ਲਈ ਜਿੰਮੇਵਾਰ ਹਨ।
ਸਮਾਗਮ ਵਿੱਚ ਮਿਲੇਨੀਅਮ ਵਰਲਡ ਸਕੂਲ ਦੇ ਚੇਅਰਮੈਨ ਵਾਸੂ ਵੱਲੋਂ ਸੰਤਾਂ ਨੂੰ ਉਪਹਾਰ ਭੇਂਟ ਕੀਤੇ ਗਏ। ਜਿਕਰਯੋਗ ਹੈ ਕਿ ਡਾ. ਸਰਦਾਰਾ ਸਿੰਘ ਦਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯੋਗਦਾਨ ਰਿਹਾ।
ਬਾਬਾ ਸੁੰਦਰ ਦਾਸ ਜੀ ਵੱਲੋਂ ਡੇਰਾ ਬਾਬਾ ਭਗਵਾਨ ਦਾਸ ਦੀ ਗਊਸ਼ਾਲਾ ਦੇ ਸੇਵਾਦਾਰਾਂ ਨੂੰ ਇਨਾਮ ਚਿੰਨ੍ਹ ਦੇ ਕੇ ਗਊਆਂ ਦੀ ਨਿਰਸੁਆਰਥ ਸੇਵਾ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਅੰਤ ਉਨ੍ਹਾਂ ਸਮੂਹ ਸੰਗਤਾਂ ਅਤੇ ਹਾਜ਼ਰੀਨ ਦਾ ਇਸ ਬਰਸੀ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।