ਮੋਗਾ, 5 ਅਪ੍ਰੈਲ (ਜਗਰਾਜ ਸਿੰਘ ਗਿੱਲ,ਮਨਪ੍ਰੀਤ ਸਿੰਘ) – ਪਿੰਡ ਸਲੀਣਾ ਦੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਮਲਚਿੰੰਗ ਵਿਧੀ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਛਿੱਟੇ ਨਾਲ ਕਣਕ ਦੀ ਬਿਜਾਈ ਦੀ ਨਿਵੇਕਲੀ ਸਫ਼ਲਤਾ ਪ੍ਰਾਪਤ ਕੀਤੀ ਹੈ। ਜਿਸ ਦੀ ਖੇਤੀ ਨਾਲ ਜੁੜੇ ਮਾਹਿਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਬਹੁਤ ਹੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਫਲ ਕਿਸਾਨ ਦਾ ਅੱਜ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਉਸਦੇ ਖੇਤ ਵਿੱਚ ਨਿੱਜ਼ੀ ਤੌਰ ਉੱਤੇ ਪਹੁੰਚ ਕੇ ਸਨਮਾਨ ਕੀਤਾ।
ਕਿਸਾਨ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਸ਼੍ਰੀ ਹੰਸ ਨੇ ਕਿਹਾ ਕਿ ਜੋ ਕਿਸਾਨ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਉਹ ਹੋਰ ਕਿਸਾਨਾਂ ਲਈ ਵੀ ਰਾਹ ਦਿਸੇਰਾ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਅਜਿਹੇ ਕਿਸਾਨਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚੋਂ ਕਣਕ ਅਤੇ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦੀ ਪਿਰਤ ਨੂੰ ਖਤਮ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹੀ ਕਰੀਬ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ ਕਿਸਾਨਾਂ ਲਈ 20 ਬੇਲਰ ਖਰੀਦੇ ਜਾ ਰਹੇ ਹਨ। ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਉੱਤੇ ਬਹੁਤ ਹੀ ਸਹਾਰਾ ਮਿਲੇਗਾ।
ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਵਿਧੀ ਅਪਣਾਉਣ ਲਈ ਝੋਨੇ ਨੂੰ ਐਸਐਮਐਸ ਕੰਬਾਈਨ ਜਾਂ ਬਿਨ੍ਹਾਂ ਐਸਐਮਐਸ ਕੰਬਾਈਨ ਨਾਲ ਕਟਾਈ ਕਰਨ ਉਪਰੰਤ ਖੜ੍ਹੇ ਝੋਨੇ ਦੇ ਕਰਚਿਆਂ ਵਿੱਚ ਕਣਕ ਦੀ ਛਿੱਟੇ ਰਾਹੀਂ ਬਿਜਾਈ ਕੀਤੀ ਜਾ ਸਕਦੀ ਹੈ। ਕਣਕ ਦਾ ਬੀਜ 40 ਤੋਂ 45 ਕਿਲੋਗ੍ਰਾਮ ਅਤੇ ਡੀ ਏ ਪੀ ਖਾਦ 50 ਕਿਲੋ ਪ੍ਰਤੀ ਏਕੜ ਵਰਤੋਂ ਕੀਤੀ ਜਾਂਦੀ ਹੈ।
ਬਿਨ੍ਹਾਂ ਐਸਐਮਐਸ ਕੰਬਾਈਨ ਨਾਲ ਕਟਾਈ ਕਰਨ ਉਪਰੰਤ ਖੜ੍ਹੇ ਝੋਨੇ ਦੀ ਪਰਾਲੀ ਨੂੰ ਬਹੁਤ ਘੱਟ ਖਰਚੇ ਨਾਲ ਲੇਬਰ ਤੋਂ ਡੰਡੇ ਨਾਲ ਖਿਲਾਰਨ ਉਪਰੰਤ ਕਣਕ ਅਤੇ ਡੀ ਏ ਪੀ ਖਾਦ ਦਾ ਛਿੱਟਾ ਦਿੱਤਾ ਜਾ ਸਕਦਾ ਹੈ। ਮਲਚਿੰਗ ਵਿਧੀ ਰਾਹੀਂ ਕਣਕ ਦਾ ਛਿੱਟਾ ਦੇਣ ਉਪਰੰਤ ਮਲਚਰ ਜਾਂ ਰੀਪਰ ਰਾਹੀਂ ਝੋਨੇ ਦੇ ਨਾੜ ਨੂੰ ਖੇਤ ਵਿੱਚ ਖਿਲਾਰ ਕੇ ਮਲਚਿਗ ਲਈ ਵਰਤ ਸਕਦੇ ਹਾਂ।
ਮਲਚਿੰਗ ਵਿਧੀ ਰਾਹੀਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਾਂਭ ਸੰਭਾਲ ਕਰ ਸਕਦੇ ਹਾਂ। ਮਲਚਿੰਗ ਵਿਧੀ ਰਾਹੀਂ ਖੇਤ ਨੂੰ ਤਿਆਰ ਕਰਨ ਵਾਲਾ ਖਰਚਾ ਜਿਵੇਂ ਹਲ ਚਲਾਉਣ, ਤਵੀਆਂ ਅਤੇ ਸੁਹਾਗਾ ਮਾਰਨ ਦਾ ਖਰਚਾ ਘੱਟਦਾ ਹੈ। ਮਲਚਿੰਗ ਵਿਧੀ ਨਾਲ ਜਮੀਨ ਵਿੱਚ ਆਰਗੈਨਿਕ ਮੈਟਰ ਅਤੇ ਸੂਖਮ ਜਿਵਾਣੂਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਮਿੱਟੀ ਦੀ ਉਪਜਾਓ ਸ਼ਕਤੀ ਵੱਧਦੀ ਹੈ। ਮਲਚਿੰਗ ਵਿਧੀ ਰਾਹੀਂ ਬੀਜੀ ਕਣਕ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਮਲਚਿੰਗ ਵਿਧੀ ਰਾਹੀਂ ਖੇਤ ਵਿੱਚ ਨਮੀ ਬਰਕਰਾਰ ਰਹਿੰਦੀ ਹੈ ਜਿਸ ਨਾਲ ਸਿੰਚਾਈ ਲਈ ਵਰਤਣ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ।
ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਉਸਨੇ ਤਿੰਨ ਸਾਲ ਪਹਿਲਾਂ
ਇਕ ਕਨਾਲ ਤੋਂ ਕੰਮ ਸ਼ੁਰੂ ਕੀਤਾ ਸੀ ਹੁਣ ਪੰਜ ਕਿਲ੍ਹੇ ਦੀ ਖੇਤੀ ਇਸ ਤਕਨੀਕ ਨਾਲ ਕਰਦੇ ਹਨ।ਜਿਸ ਉੱਤੇ ਖਰਚਾ ਬਹੁਤ ਹੀ ਘੱਟ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸਾਨ ਤਜ਼ਰਬੇ ਵਜੋਂ ਇਹ ਵਿਧੀ ਇਕ ਵਾਰ ਜਰੂਰ ਅਪਣਾਉਣ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਮੁੱਖ ਖੇਤੀਬਾੜੀ ਅਫ਼ਸਰ ਸ੍ਰ ਬਲਵਿੰਦਰ ਸਿੰਘ, ਖੇਤੀਬਾੜੀ ਅਫ਼ਸਰ ਸ੍ਰ ਜਸਵਿੰਦਰ ਸਿੰਘ ਬਰਾੜ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ