ਮੋਗਾ, 9 ਅਗਸਤ (ਜਗਰਾਜ ਲੋਹਾਰਾ) – ਮੌਨਸੂਨ ਸੀਜਨ ਦੌਰਾਨ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਪੇਂਡੂ ਖੇਤਰਾਂ ਦੇ ਛੱਪੜਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਇਸ ਕੰਮ ਉਤੇ ਹੁਣ ਤੱਕ ਕੁੱਲ 1 ਕਰੋੜ 89 ਲੱਖ 79 ਹਜ਼ਾਰ ਰੁਪਏ ਦਾ ਖਰਚ ਕੀਤਾ ਗਿਆ ਹੈ। ਜਿਲ੍ਹਾ ਮੋਗਾ ਦੇ ਬਲਾਕ ਮੋਗਾ-1, ਮੋਗਾ-2, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਦੀਆਂ ਸਮੂਹ ਗਰਾਮ ਪੰਚਾਇਤਾਂ ਵਿੱਚ ਮੌਜੂਦ 472 ਛੱਪੜਾਂ ਵਿੱਚੋ ਪਾਣੀ ਕੱਢਣ ਦਾ ਕੰਮ ਕਰਨ ਲਈ 374 ਛੱਪੜਾਂ ਅਤੇ ਗਾਰ ਕੱਢਣ ਦਾ ਕੰਮ ਕਰਨ ਲਈ 299 ਛੱਪੜਾਂ ਦੀ ਚੋਣ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ. ਜਗਜੀਤ ਸਿੰਘ ਬੱਲ ਨੇ ਦੱਸਿਆ ਇਹ ਖਰਚਾ 14ਵੇਂ ਵਿੱਤ ਕਮਿਸ਼ਨ ਤਹਿਤ ਪ੍ਰਾਪਤ ਹੋਈ
ਗਰਾਂਟ, ਮਗਨਰੇਗਾ ਸਕੀਮ ਅਤੇ ਗਰਾਮ ਪੰਚਾਇਤਾਂ ਪਾਸ ਮੌਜੂਦ ਆਪਣੇ ਫੰਡਜ਼ ਵਿੱਚੋਂ ਕਰਵਾਇਆ ਜਾ ਰਿਹਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਇਸ ਉਪਰਾਲੇ ਨਾਲ ਪਿੰਡਾਂ ਦੇ ਛੱਪੜਾਂ ਵਿੱਚੋ ਗੰਦੇ ਪਾਣੀ ਨੂੰ ਕੱਢਣ ਦੇ ਨਾਲ-ਨਾਲ ਛੱਪੜਾਂ ਵਿੱਚੋ ਗਾਰ ਕੱਢਕੇ ਛੱਪੜਾਂ ਨੂੰ ਡੂੰਘਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਛੱਪੜਾਂ ਦੀ ਗੰਦਾ ਪਾਣੀ ਸੰਭਾਲਣ ਦੀ ਸਮਰੱਥਾ ਵਿੱਚ ਵਾਧਾ ਹੋ ਰਿਹਾ ਹੈ ਅਤੇ ਮਜਦੂਰਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਪੰਜਾਬ ਵਿੱਚ ਖਾਲੀ ਹੋਈਆਂ ਜ਼ਮੀਨਾਂ, ਝੋਨੇ ਦੀ ਲਵਾਈ ਦੌਰਾਨ ਪਾਣੀ ਦੀ ਜਰੂਰਤ ਅਤੇ ਭਵਿੱਖ ਵਿੱਚ ਆਉਣ ਵਾਲੇ ਮੌਨਸੂਨ ਸੀਜ਼ਨ ਨੂੰ ਮੁੱਖ-ਰੱਖਦੇ ਹੋਏ ਗਰਾਮ ਪੰਚਾਇਤਾਂ ਵਿੱਚ ਮੌਜੂਦ ਛੱਪੜਾਂ ਨੂੰ ਸਾਫ ਕਰਨ ਲਈ ਛੱਪੜਾਂ ਦੀ ਸਫਾਈ ਦਾ ਕੰਮ ਕਰਵਾਇਆ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਕਰਵਾਇਆ ਜਾ ਰਿਹਾ ਹੈ।
ਪਾਣੀ ਕੱਢਣ ਲਈ ਚੋਣ ਕੀਤੇ ਗਏ ਕੁੱਲ 374 ਛੱਪੜਾਂ ਵਿੱਚੋ 303 ਛੱਪੜਾਂ ਵਿੱਚ ਪਾਣੀ ਕੱਢਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਹਨਾਂ ਛੱਪੜਾਂ ਵਿੱਚੋ ਗੰਦਾ ਪਾਣੀ ਕੱਢਕੇ ਨਾਲ ਲੱਗਦੀਆਂ ਵਾਹੀਯੋਗ ਜ਼ਮੀਨ ਵਿੱਚ ਪਾਣੀ ਕੱਢਿਆ ਗਿਆ, ਜਿਸ ਨਾਲ ਝੋਨੇ ਦੀ ਫਸਲ ਲਈ ਪਾਣੀ ਦੀ ਜਰੂਰਤ ਨੂੰ ਪੂਰਾ ਕੀਤਾ ਗਿਆ, ਉਥੇ ਹੀ ਪਿੰਡ ਦੇ ਛੱਪੜਾਂ ਦੀ ਸਫਾਈ ਦਾ ਕੰਮ ਮੁਕੰਮਲ ਹੋਇਆ। ਮੌਨਸੂਨ ਸੀਜ਼ਨ ਆਉਣ ਕਾਰਨ ਕਈ ਗਰਾਮ ਪੰਚਾਇਤਾਂ ਵਿੱਚ ਬਾਰਸ਼ ਦੇ ਪਾਣੀ ਨਾਲ ਛੱਪੜਾਂ ਦੇ ਦੁਬਾਰਾ ਭਰ ਜਾਣ ਕਾਰਨ ਛੱਪੜਾਂ ਵਿੱਚੋ ਗੰਦੇ ਪਾਣੀ ਨੂੰ ਕੱਢਣ ਦਾ ਕੰਮ ਨਿਰਵਿਘਨ ਜਾਰੀ ਰੱਖਿਆ ਗਿਆ, ਜਿਸ ਤਹਿਤ ਇਸ ਸਮੇਂ 71 ਛੱਪੜਾਂ ਦਾ ਕੰਮ ਪ੍ਰਗਤੀ ਅਧੀਨ ਹੈ।
ਇਸੇ ਤਰ੍ਹਾਂ ਗਾਰ ਕੱਢਣ ਦੇ ਕੰਮ ਕਰਨ ਲਈ ਚੋਣ ਕੀਤੇ ਗਏ 299 ਛੱਪੜਾਂ ਵਿੱਚੋ 260 ਛੱਪੜਾਂ ਵਿੱਚੋਂ ਗਾਰ ਕੱਢਣ ਦਾ ਕੰਮ ਸੁਰੂ ਕਰਵਾਇਆ ਗਿਆ। ਜਿਸ ਤਹਿਤ 81 ਛੱਪੜਾਂ ਵਿੱਚ ਕੰਮ ਮੁਕੰਮਲ ਕੀਤਾ ਗਿਆ ਅਤੇ 179 ਛੱਪੜਾਂ ਵਿੱਚ ਕੰਮ ਪ੍ਰਗਤੀ ਅਧੀਨ ਹੈ।
ਸ੍ਰ ਬੱਲ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਵਿਡ ਦੀ ਮਹਾਂਮਾਰੀ ਕਾਰਨ ਪੰਜਾਬ ਵਿੱਚ ਠੱਪ ਹੋਏ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਜਦੂਰਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਨ ਲਈ ਛੱਪੜਾਂ ਦੀ ਸਫਾਈ ਦੇ ਕੰਮ ਦੌਰਾਨ ਵੱਧ ਤੋਂ ਵੱਧ ਮਜਦੂਰਾਂ ਨੂੰ ਉਹਨਾਂ ਦੇ ਆਪਣੇ ਪਿੰਡ ਵਿੱਚ ਹੀ ਰੋਜ਼ਗਾਰ ਦੇਣ ਲਈ ਉਪਰਾਲਾ ਕੀਤਾ ਗਿਆ, ਜਿਸ ਤਹਿਤ ਜ਼ਿਲ੍ਹਾ ਮੋਗਾ ਦੀਆਂ ਗਰਾਮ ਪੰਚਾਇਤਾਂ ਵਿੱਚ ਮਗਨਰੇਗਾ ਸਕੀਮ ਤਹਿਤ 52776 ਦਿਹਾੜੀਆਂ ਦਾ ਪ੍ਰਬੰਧ ਕੀਤਾ ਗਿਆ।