ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫ਼ਲਤਾ , ਬੈਂਕ ਡਕੈਤੀ ਨਾਲ ਸਬੰਧਤ ਦੋ ਦੋਸ਼ੀ ਗ੍ਰਿਫਤਾਰ

ਕੋਟ ਈਸੇ ਖਾਂ17 ਜੁਲਾਈ (ਜਗਰਾਜ ਲੋੋਹਾਰਾ) ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਸ: ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਉਪ ਕਪਤਾਨ ਧਰਮਕੋਟ ਦੇ ਸ:ਸੁਬੇਗ ਸਿੰਘ ਦੀ  ਯੋਗ ਅਗਵਾਈ ਹੇਠ ਕੰਮ ਕਰਦਿਆਂ ਐੱਸਆਈ ਅਮਰਜੀਤ ਸਿੰਘ ਮੁੱਖ ਥਾਣਾ ਅਫਸਰ ਕੋਟ ਈਸੇ ਖਾਂ  ਦੀ  ਰਹਿਨਮਾਈ ਹੇਠ ਕੰਮ ਕਰ ਰਹੀ ਪੁਲੀਸ ਪਾਰਟੀ ਨੂੰ ਉਸ ਵਕਤ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪਿੰਡ ਟਹਿਣਾ( ਫਰੀਦਕੋਟ) ਦੇ  ਇੰਡੋ ਸੈਂਟ ਬੈਂਕ ਦੀ ਡਕੈਤੀ ਵਿੱਚ ਲੋੜੀਂਦੇ  ਦੇ ਤਿੰਨਾਂ ਵਿਅਕਤੀਆਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਗਿਆ ।ਇਸ ਸਬੰਧੀ ਐਸ. ਐਚ .ਓ ਸ੍ਰੀ ਅਮਰਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲੰਘੀ 8 ਜੂਨ  ਨੂੰ ਵੱਖ ਵੱਖ ਧਰਾਵਾਂ ਤਹਿਤ ਇੱਕ ਪਰਚਾ ਸਥਾਨਕ ਥਾਣੇ ਵਿੱਚ ਅੱਠ ਵਿਅਕਤੀਆਂ ਵਿਰੁੱਧ ਦਰਜ ਹੋਇਆ ਸੀ ਜਿਨ੍ਹਾਂ ਤੇ ਹਥਿਆਰਾਂ ਦੀ ਨੋਕ ਤੇ ਇਕ ਬੈਂਕ ਨੂੰ ਲੁੱਟਣ ਦਾ ਦੋਸ਼ ਸੀ ਅਤੇ ਇਨ੍ਹਾਂ ਵਿੱਚੋਂ ਪਹਿਲਾਂ ਹੀ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ  ਜਿਨ੍ਹਾਂ ਪਾਸੋਂ ਬੈਂਕ ਦੀ

ਲੁੱਟੀ ਰਕਮ ਵਿੱਚੋਂ ਕੋਈ ਡੇਢ ਲੱਖ ਦੀ ਰਾਸ਼ੀ ਬਰਾਮਦ ਕਰ ਲਈ ਗਈ ਸੀ ।ਇਸ ਡਕੈਤੀ ਨਾਲ ਸਬੰਧਤ ਤਿੰਨ ਦੋਸ਼ੀ ਅਜੇ ਵੀ ਫਰਾਰ ਚੱਲੇ ਆ ਰਹੇ  ਸਨ ਜਿਨ੍ਹਾਂ ਵਿੱਚੋਂ ਪੁਲੀਸ ਵੱਲੋਂ ਅੱਜ ਦੋ ਦੋਸ਼ੀ ਕੁਲਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਤਿਹਾੜਾ ਅਤੇ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਾਜੇ ਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਫੜੇ ਗਏ ਦੋਸ਼ੀਆਂ ਕੋਲੋਂ 72000 ਰੁਪਏ ਨਕਦ, ਸੋਨੇ ਦੇ ਗਹਿਣੇ ਅਤੇ ਹਥਿਆਰ ਵੀ ਬਰਾਮਦ ਹੋਏ ਹਨ ।ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ ਵੀ ਇੱਕ ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਕਿੰਦਾ ਵਾਸੀ ਕੋਟ ਸਦਰ ਖਾਂ ਭਗੌੜਾ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।ਗ੍ਰਿਫਤਾਰ ਕੀਤੇ ਗਏ ਇਨ੍ਹਾਂ ਦੋ ਦੋਸ਼ੀਆਂ ਕੋਲੋਂ ਮਜੀਦ ਪੁੱਛ ਗਿਛ ਜਾਰੀ ਹੈ ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਵਾਰਦਾਤਾਂ ਸਬੰਧੀ ਇੰਕਸਾਫ ਹੋਣ ਦੀ ਉਮੀਦ ਹੈ ।

Leave a Reply

Your email address will not be published. Required fields are marked *