ਧੀਆਂ ਪ੍ਰਤੀ ਸੌੜੀ ਅਤੇ ਦਲਿੱਦਰਤਾ ਭਰੀ ਸੋਚ ਨੂੰ ਬਦਲ ਕੇ ਹੀ ਅਸਲ ਅਰਥਾਂ ਵਿਚ ”ਦਲਿੱਦਰ ਦੀ ਜੜ੍ਹ ਚੁੱਲ੍ਹੇ” ਪਵੇਗੀ-ਬਾਬਾ ਸੁੰਦਰ ਦਾਸ
ਕਿਹਾ! ਪੁੱਤਰਾਂ ਵਾਂਗ ਧਨ- ਦੌਲਤ ਜਾਇਦਾਦਾਂ ਵੰਡਾਉਣ ਦੀ ਥਾਂ ਧੀਆਂ ਵੰਡਾਉਂਦੀਆਂ ਹਨ, ਮਾਪਿਆਂ ਦੇ ਦੁੱਖ
ਇਤਿਹਾਸ ਗਵਾਹ ਹੈ ਬੁਢਾਪੇ ਵਿਚ ਰੁਲਦੇ ਤੇ ਪੁੱਤਰਾਂ ਹੱਥੋਂ ਤ੍ਰਿਸਕਾਰੇ ਮਾਪਿਆਂ ਦਾ ਧੀਆਂ ਹੀ ਬਣਦੀਆਂ ਸਹਾਰਾ
ਮੋਗਾ, 13 ਜਨਵਰੀ (ਜਗਰਾਜ ਸਿੰਘ ਗਿੱਲ)
ਜੇਕਰ ਅਸੀਂ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਤਾਂ ਪੁੱਤਾਂ ਦੀ ਘੋੜੀ ਗਾ ਕੇ ਸ਼ਗਨ ਮਨਾਏ ਜਾ ਸਕਣਗੇ। ਸਾਡੇ ਸਮਾਜ ਦੀ ਮੁੰਡੇ ਕੁੜੀਆਂ ਵਿੱਚ ਅਸਮਾਨਤਾ ਵਾਲੀ ਭਾਵਨਾ ਲੋਹੜੀ ਦੇ ਤਿਉਹਾਰ ਦੀ ਪਵਿੱਤਰਤਾ ਭੰਗ ਕਰਦੀ ਜਾਪਦੀ ਹੈ, ਕਿਉਂਕਿ ਜੇਕਰ ਕਿਸੇ ਘਰ ਪੁੱਤ ਜੰਮਿਆ ਤਾਂ ਇਸ ਤਿਉਹਾਰ ਨੂੰ ਵਧੇਰੇ ਖੁਸ਼ੀ ਨਾਲ ਮਨਾ ਲਿਆ ਤੇ ਜੇਕਰ ਧੀ ਜੰਮ ਪਈ ਤਾਂ ਇਸ ਤਿਉਹਾਰ ਦੇ ਮੌਕੇ ਖੁਸ਼ੀਆਂ-ਚਾਵਾਂ ਦੀ ਥਾਂ ਪਰਿਵਾਰ ਦੇ ਮੈਂਬਰਾਂ ਦੇ ਚਿਹਰਿਆਂ ‘ਤੇ ਕਿਤੇ ਨਾ ਕਿਤੇ ਉਦਾਸੀ ਜਾਂ ਉਦਰੇਵਾਂ ਜ਼ਰੂਰ ਹੁੰਦਾ ਹੈ, ਜੋ ਕਿ ਸਰਾਸਰ ਗਲਤ ਹੈ। ਅੱਜ ਲੋੜ ਹੈ ਸਾਨੂੰ ਇਸ ਆਧੁਨਿਕ ਸਦੀ ਵਿਚ ਆਪਣੀ ਸੋਚ ਬਦਲਣ ਦੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਬਾਬਾ ਭਗਵਾਨ ਦਾਸ ਜੀ ਦੇ ਸੰਚਾਲਕ ਬਾਬਾ ਸੁੰਦਰ ਦਾਸ ਜੀ ਨੇ ਪਿੰਡ ਪੰਜਗਰਾਂਈ ਖੁਰਦ ਵਿਖੇ ਪਿੰਡ ਦੀਆਂ ਨਵ-ਜੰਮੀਆਂ 100 ਤੋਂ ਵਧੇਰੇ 1 ਤੋਂ 5 ਸਾਲ ਤੱਕ ਦੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨ ਚਿੰਨ੍ਹ ਦੇਣ ਮੌਕੇ ਕੀਤਾ। ਇਸ ਤੋਂ ਪਹਿਲਾਂ ਡੇਰਾ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਵੀ ਪਾਇਆ ਅਤੇ ਧੀਆਂ ਦੀ ਕਾਮਯਾਬੀ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆਂ। ਉਨ੍ਹਾਂ ਵੱਲੋਂ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਵਾਸੀਆਂ ਦੀ, ਧੀ ਅਤੇ ਪੁੱਤਰ ਵਿਚਲੇ ਫਰਕ ਦੀ ਸੋਚ ਨੂੰ ਖਤਮ ਕਰਨ ਦੇ ਮਨੋਰਥ ਵਜੋਂ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ। ਬਾਬਾ ਸੁੰਦਰ ਦਾਸ ਜੀ ਨੇ ਪਿੰਡ ਦੀਆਂ 100 ਤੋਂ ਵਧੇਰੇ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਇਆ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਦੱਸਿਆ ਕਿ ਅੱਜ ਜਿਹੜੀਆਂ ਵੀ ਧੀਆਂ ਨੂੰ ਸਾਡੇ ਸਮਾਜ ਵਿਚ ਪੜ੍ਹਨ-ਲਿਖਣ ਤੇ ਅੱਗੇ ਵੱਧਣ ਦੇ ਮੌਕੇ ਮਿਲੇ ਹਨ, ਉਹ ਸਮਾਜ ਵਿਚ ਕਈ ਮਾਣ-ਸਨਮਾਨ ਵਾਲੇ ਉੱਚੇ ਰੁਤਬੇ ਤੇ ਅਹੁਦੇ ਹਾਸਲ ਕਰ ਚੁੱਕੀਆਂ ਹਨ। ਅੱਜ ਪੁੱਤਰਾਂ ਨਾਲੋਂ ਧੀਆਂ ਵਧੇਰੇ ਕਾਮਯਾਬੀ ਦੀਆਂ ਸਿਖਰਾਂ ਨੂੰ ਛੋਹੰਦੀਆਂ ਪ੍ਰਤੀਤ ਹੋ ਰਹੀਆਂ ਹਨ। ਧੀਆਂ ਸਮਾਜ ਵਿਚ ਜਿਥੇ ਵਿੱਦਿਅਕ, ਰਾਜਨੀਤਕ, ਡਾਕਟਰੀ, ਅਤੇ ਕਾਨੂੰਨੀ ਸੇਵਾਵਾਂ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੀਆਂ ਹਨ, ਉਥੇ ਰੱਖਿਆ ਖਾਤਰ ਦੇਸ਼ ਦੀਆਂ ਅੰਤਰ-ਰਾਸ਼ਟਰੀ ਸਰਹੱਦਾਂ ਉਤੇ ਜੀਅ-ਜਾਨ ਨਾਲ ਫੌਜੀ ਸੇਵਾਵਾਂ ਵੀ ਦੇ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਧੀਆਂ, ਪੁੱਤਰਾਂ ਨਾਲੋ ਮਾਪਿਆਂ ਨਾਲ ਜ਼ਿੰਦਗੀ ਵਿੱਚ ਕਿਤੇ ਵੱਧ ਵਫ਼ਾਦਾਰੀ ਨਿਭਾਉਂਦੀਆਂ ਹਨ। ਪੁੱਤਰਾਂ ਨੇ ਮਾਪਿਆਂ ਕੋਲੋਂ ਜਿੱਥੇ ਧਨ- ਦੌਲਤ, ਜ਼ਮੀਨਾਂ-ਜ਼ਾਇਦਾਦਾਂ ਵੰਡਾਉਣੀਆਂ ਹੁੰਦੀਆਂ ਉੱਥੇ ਧੀਆਂ ਮਾਪਿਆਂ ਦੇ ਦੁੱਖ ਵੰਡਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਬੁਢਾਪੇ ਵਿਚ ਰੁਲਦੇ ਤੇ ਪੁੱਤਰਾਂ ਹੱਥੋਂ ਤ੍ਰਿਸਕਾਰੇ ਮਾਪਿਆਂ ਦਾ ਸਹਾਰਾ ਧੀਆਂ ਹੀ ਬਣਦੀਆਂ ਹਨ। ਧੀਆਂ ਮਾਪਿਆਂ ਦੇ ਦੁਖਾਂ ਨੂੰ ਵੀ ਵੰਡਾਉਣ ਤੇ ਘਟਾਉਣ ਦੇ ਯਤਨ ਕਰਦੀਆਂ ਹਨ, ਇਹ ਧੀਆਂ ਹੀ ਹੁੰਦੀਆਂ ਹਨ ਜੋ ਬਾਪ ਅਤੇ ਭਰਾਵਾਂ ਦੇ ਘਰ ਦੀ ਸੁਖ ਮੰਗਦੀਆਂ ਹਨ।
ਸੋ ਅੱਜ ਸਾਨੂੰ ਲੋੜ ਹੈ ਲੋਹੜੀ ਦੇ ਤਿਉਹਾਰ ਮੌਕੇ ਧੀਆਂ ਪ੍ਰਤੀ ਇਸ ਸੌੜੀ ਅਤੇ ਦਲਿੱਦਰਤਾ ਭਰੀ ਸੋਚ ਨੂੰ ਬਦਲਣ ਦੀ। ਇਸ ਸੌੜੀ ਸੋਚ ਨੂੰ ਬਦਲਣ ਨਾਲ ਹੀ ਅਸਲ ਅਰਥਾਂ ਵਿਚ ”ਦਲਿੱਦਰ ਦੀ ਜੜ੍ਹ ਚੁੱਲ੍ਹੇ” ਪਵੇਗੀ ਤੇ ਇਸ ਤਿਉਹਾਰ ਦੇ ਸਹੀ ਅਰਥ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਕਿੰਨਾ ਚੰਗਾ ਹੋਵੇਗਾ ਜੇਕਰ ਸਾਰਾ ਸਮਾਜ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਪੰਗਤੀ ”ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ” ਨੂੰ ਸਹੀ ਅਰਥਾਂ ਵਿੱਚ ਮੰਨੇਗਾ ਅਤੇ ਧੀ ਪੁੱਤਰ ਵਿੱਚ ਫ਼ਰਕ ਨੂੰ ਖਤਮ ਕਰੇਗਾ।
ਇਸ ਪ੍ਰੋਗਰਾਮ ਨੇ ਨਵ ਜੰਮੀਆਂ ਲੜਕੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵਿੱਚ ਲੜਕੀਆਂ ਨੂੰ ਅੱਗੇ ਵਧਣ, ਪੜਾਉਣ, ਲਿਖਾਉਣ ਅਤੇ ਮੁੰਡਿਆਂ ਵਾਂਗ ਸਾਰੇ ਅਧਿਕਾਰ ਮੁਹੱਈਆ ਕਰਵਾਉਣ ਦਾ ਇੱਕ ਵਿਲੱਖਣ ਉਤਸ਼ਾਹ ਭਰਿਆ। ਧੀਆਂ ਦੇ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਪੜ੍ਹਨ ਲਿਖਣ ਅਤੇ ਆਪਣੀ ਰੁਚੀ ਅਨੁਸਾਰ ਜਿੰਦਗੀ ਵਿੱਚ ਅੱਗੇ ਵਧਣ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਪ੍ਰਣ ਲਿਆ।