2778 ਏਕੜ ਵਾਹੀਯੋਗ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ‘ਤੇ ਨਹੀ ਹੋਇਆ ਕੋਵਿਡ 19 ਦਾ ਅਸਰ
-ਕਿਸਾਨਾਂ ਦੀ ਆਰਥਿਕ ਮੱਦਦ ਦੇ ਉਪਰਾਲੇ ਵਜੋ ਮਿਸ਼ਨ ਫਤਹਿ ਦੀਆਂ ਹਦਾਇਤਾਂ ਨੂੰ ਅਪਨਾ ਕੇ ਕਰਵਾਈਆਂ ਗਈਆਂ ਬੋਲ੍ਹੀਆਂ
-ਫਿਰ ਵੀ ਪਿਛਲੇ ਸਾਲ ਤੋਂ 12 ਫੀਸਦੀ ਵਾਧੇ ਨਾਲ ਕੁੱਲ 12.49 ਕਰੋੜ ਰੁਪਏ ਦੀ ਹੋਈ ਆਮਦਨ-ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸ
ਮੋਗਾ, 12 ਅਗਸਤ (ਜਗਰਾਜ ਸਿੰਘ ਗਿੱਲ)
ਪੰਜਾਬ ਸਰਕਾਰ ਦੀਆਂ ਸਰਕਾਰੀ ਜਾਇਦਾਦਾਂ ਜਿੰਨਾਂ ਵਿੱਚੋ ਗਰਾਮ ਪੰਚਾਇਤਾਂ ਪਾਸ ਸ਼ਾਮਲਾਤ ਜਮੀਨਾਂ ਦੀ ਮਾਲਕੀ ਹੋਣ ਦੇ ਨਾਲ-ਨਾਲ ਮੁਸਤਰਕਾ ਮਾਲਕਾਨ/ਆਬਾਦੀ ਦੇਹ ਦਾ ਰੱਖ-ਰਖਾਵ ਦਾ ਵੀ ਅਧਿਕਾਰ ਹੈ। ਇਹਨਾਂ ਜਮੀਨਾਂ ਵਿੱਚੋ ਗੈਰ-ਵਾਹੀਯੋਗ ਜਮੀਨਾਂ ਵਿੱਚ ਪਿੰਡ ਦੀਆਂ ਗਲੀਆਂ, ਪਾਰਕ, ਸਕੂਲ, ਸਟੇਡੀਅਮ, ਧਰਮਸ਼ਾਲਾਵਾਂ, ਰਸਤੇ ਆਦਿ ਬਣੇ ਹੋਏ ਹਨ ਅਤੇ ਵਾਹੀਯੋਗ ਜਮੀਨਾਂ ਹਰ ਸਾਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਫਸਲ ਬੀਜਣ ਲਈ ਖੁੱਲੀ ਬੋਲੀ ਰਾਹੀ ਇੱਕ ਸਾਲ ਲਈ ਠੇਕੇ ਤੇ ਦਿੱਤੀਆਂ ਜਾਂਦੀਆਂ ਹਨ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ. ਜਗਜੀਤ ਸਿੰਘ ਬੱਲ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਲਾਕ-ਡਾਊਨ/ਕਰਫਿਊ ਦੇ ਔਖੇ ਸਮੇ ਵਿੱਚ ਕਿਸਾਨਾਂ ਦੀ ਆਰਥਿਕ ਮੱਦਦ ਦੇ ਉਪਰਾਲੇ ਵਜੋ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ‘ਤੇ ਕੋਈ ਵੀ ਅਸਰ ਨਹੀ ਹੋਣ ਦਿੱਤਾ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ, ਪਿੰਡ ਦੇ ਸਰਪੰਚ/ਪੰਚਾਂ ਦੀ ਸੂਝਬੂਝ/ਮਿਹਨਤ ਨਾਲ ਜਿਲ੍ਹਾ ਮੋਗਾ ਦੀਆਂ ਗਰਾਮ ਪੰਚਾਇਤਾਂ ਦੀਆਂ ਸ਼ਾਮਲਾਤ/ਮੁਸਤਰਕਾ ਮਾਲਕਾਨ ਜਮੀਨਾਂ ਦੀਆਂ ਬੋਲੀਆਂ (ਸਾਲ 2020-2021) ਕੋਵਿਡ-19 ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਸ਼ਨ ਫਤਹਿ ਦੀਆਂ ਹਦਾਇਤਾਂ ਜਿਵੇ ਕਿ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਨੂੰ ਅਪਨਾ ਕੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਕਰਵਾਈਆਂ ਗਈਆਂ, ਇਹਨਾਂ ਬੋਲੀਆਂ ਤੋਂ ਜਿਲ੍ਹੇ ਦੀਆਂ ਗਰਾਮ ਪੰਚਾਇਤਾਂ ਨੂੰ ਪਿਛਲੇ ਸਾਲ ਤੋਂ 12% ਵਾਧੇ ਨਾਲ ਕੁੱਲ 12.49 ਕਰੋੜ ਰੁਪਏ ਦੀ ਆਮਦਨ ਹੋਈ।
ਜਿਕਰਯੋਗ ਹੈ ਕਿ ਜਿਲ੍ਹਾ ਮੋਗਾ ਦੇ ਬਲਾਕ ਮੋਗਾ-1, ਮੋਗਾ-2, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸ਼ੇ ਖਾਂ ਦੀਆਂ ਗਰਾਮ ਪੰਚਾਇਤਾਂ ਪਾਸ ਕੁੱਲ 2778 ਏਕੜ ਵਾਹੀਯੋਗ ਜਮੀਨ ਹੈ, ਜੋ ਕਿ ਹਰ ਸਾਲ ਖੁੱਲੀ ਬੋਲੀ ਰਾਹੀ ਫਸਲ ਬੀਜਣ ਲਈ ਠੇਕੇ ‘ਤੇ ਦਿੱਤੀ ਜਾਂਦੀ ਹੈ। ਸਾਲ 2019-2020 ਦੌਰਾਨ ਇਹ 2778 ਏਕੜ ਵਾਹੀਯੋਗ ਜਮੀਨ 10.90 ਕਰੋੜ ਰੁਪਏ ਵਿੱਚ ਠੇਕੇ ‘ਤੇ ਦਿੱਤੀ ਗਈ ਸੀ।
ਕੋਵਿਡ-19 ਦੀ ਮਹਾਂਮਾਰੀ ਬਾਵਜੂਦ ਵੀ ਜਿਲ੍ਹਾ ਮੋਗਾ ਦੇ ਕਿਸਾਨਾਂ ਵੱਲੋ ਮਿਸ਼ਨ ਫਤਹਿ ਦੀਆਂ ਹਦਾਇਤਾਂ ਦੀ ਪਾਲਣਾ ਜਿਵੇ ਕਿ ਸਮਾਜਿਕ ਦੂਰੀ, ਮਾਸਕ ਵੀ ਵਰਤੋ ਆਦਿ ਨੂੰ ਅਪਨਾ ਕੇ ਇਹਨਾਂ ਬੋਲੀਆਂ ਵਿੱਚ ਹਿੱਸਾ ਲਿਆ ਗਿਆ।ਇਹਨਾ ਵਾਹੀਯੋਗ ਸ਼ਾਮਲਾਤ/ਮੁਸਤਰਕਾ ਮਾਲਕਾਨ ਜਮੀਨਾਂ ਤੋਂ ਗਰਾਮ ਪੰਚਾਇਤਾਂ ਨੂੰ ਆਮਦਨ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਫਸਲਾਂ ਤੋਂ ਵਧੀਆ ਲਾਭ ਹੋਇਆ।ਇਹਨਾਂ ਬੋਲੀਆਂ ਤੋਂ ਪ੍ਰਾਪਤ ਆਮਦਨ ਨਾਲ ਗਰਾਮ ਪੰਚਾਇਤਾਂ ਵੱਲੋ ਪਿੰਡ ਵਿੱਚ ਵੱਖ-ਵੱਖ ਵਿਕਾਸ/ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਜਿਵੇ ਕਿ: ਗਲੀਆਂ-ਨਾਲੀਆਂ ਦੀ ਉਸਾਰੀ, ਸਕੂਲ ਵਿੱਚ ਕਮਰਿਆਂ ਦੀ ਉਸਾਰੀ, ਗੰਦੇ ਪਾਣੀ ਦਾ ਨਿਕਾਸ ਕਰਨਾ, ਪਿੰਡ ਦੀ ਸਫਾਈ ਕਰਨਾ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ, ਧਰਮਸ਼ਾਲਾਵਾਂ ਆਦਿ।
ਗਰਾਮ ਪੰਚਾਇਤਾਂ ਵਿੱਚ ਨਿਯੁਕਤ ਪੰਚਾਇਤ ਸਕੱਤਰਾਂ ਦੀ ਤਨਖਾਹ ਦਾ ਪ੍ਰਬੰਧ ਵੀ ਬੋਲੀਆਂ ਦੀ ਆਮਦਨ ਵਿੱਚੋ ਕੀਤਾ ਜਾਂਦਾ ਹੈ।ਸਾਲ 2020-21 ਦੌਰਾਨ ਗਰਾਮ ਪੰਚਾਇਤ ਕਿਸ਼ਨਪੁਰਾ ਕਲਾਂ ਦੀ ਲੇਡੀ ਸਰਪੰਚ ਵੱਲੋ ਜਿਲ੍ਹੇ/ਬਲਾਕ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਸਹਿਯੋਗ ਨਾਲ ਲਗਭਗ 20 ਏਕੜ ਸ਼ਾਮਲਾਤ ਵਾਹੀਯੋਗ ਜਮੀਨ ਤੋਂ ਨਜਾਇਜ਼ ਕਬਜ਼ਾ ਛੁਡਾਇਆ ਗਿਆ। ਇਸ ਤੋਂ ਇਲਾਵਾ ਗਰਾਮ ਪੰਚਾਇਤ ਸ਼ੇਰੇਵਾਲਾ ਵਿੱਚ 5 ਏਕੜ ਸ਼ਾਮਲਾਤ ਜਮੀਨ ਤੋਂ ਨਜਾਇਜ਼ ਕਬਜ਼ਾ ਛੁਡਾਕੇ ਇਸ ਰਕਬੇ ਨੂੰ ਖੁੱਲੀ ਬੋਲੀ ਰਾਹੀ ਠੇਕੇ ‘ਤੇ ਦਿੱਤਾ ਗਿਆ।
ਫੋਟੋ ਕੈਪਸ਼ਨ-ਸ਼ਾਮਲਾਤ/ਮੁਸਤਰਕਾ ਮਾਲਕਾਨ ਜਮੀਨਾਂ ਨੂੰ ਠੇਕੇ ਤੇ ਦੇਣ ਸਬੰਧੀ ਬੋਲੀ ਕਰਾਉਣ ਦੀਆਂ ਤਸਵੀਰਾਂ ਅਤੇ ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਦੀਆਂ ਤਸਵੀਰਾਂ ਨਾਲ ਨੱਥੀ ਹਨ।